ਉਹ ਭਾਨੂ ਪ੍ਰਤਾਪ ਨਾਂ ਨਾਲ ਫ਼ਰਜ਼ੀ ਪਾਸਪੋਰਟ ਬਣਵਾ ਕੇ ਫ਼ਰੀਦਾਬਾਦ, ਨੇਪਾਲ, ਦੁਬਈ ਤੇ ਕੀਨੀਆ ਹੁੰਦੇ ਹੋਏ ਅਮਰੀਕਾ ਪੁੱਜਾ ਸੀ। ਏਜੰਸੀਆਂ ਦਾ ਮੰਨਣਾ ਹੈ ਕਿ ਉਹ ਇਕ ਰਣਨੀਤਿਕ ਯੋਜਨਾ ਸੀ ਤਾਂ ਜੋ ਹੱਤਿਆ ਤੋਂ ਬਾਅਦ ਕਾਰਵਾਈ ਦਾ ਘੇਰਾ ਵਿਦੇਸ਼ ਤੱਕ ਨਾ ਵਧ ਸਕੇ ਤੇ ਉਹ ਬਾਹਰ ਰਹਿ ਕੇ ਗਿਰੋਹ ਦੀ ਕਮਾਨ ਸੰਭਾਲ ਸਕੇ।

ਰੋਹਿਤ ਕੁਮਾਰ, ਚੰਡੀਗੜ੍ਹ : ਅਮਰੀਕਾ ਤੋਂ ਲਿਆਂਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੀ ਗ੍ਰਿਫ਼ਤਾਰੀ ਤੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੀਆਂ ਅੰਤਰਰਾਸ਼ਟਰੀ ਅਪਰਾਧਕ ਸਰਗਰਮੀਆਂ ਦਾ ਪਤਾ ਲੱਗ ਸਕੇਗਾ। ਪੰਜਾਬ ਪੁਲਿਸ, ਐੱਨਆਈਏ ਤੇ ਸੁਰੱਖਿਆ ਏਜੰਸੀਆਂ ਨੂੰ ਉਮੀਦ ਹੈ ਕਿ ਅਨਮੋਲ ਤੋਂ ਪੁੱਛਗਿੱਛ ’ਚ ਪੰਜਾਬ ’ਚ ਸਰਗਰਮ ਗੈਂਗਸਟਰ-ਅੱਤਵਾਦੀ ਨੈੱਟਵਰਕ ਦੀਆਂ ਪਰਤਾਂ ਵੀ ਖੁੱਲ੍ਹ ਸਕਦੀਆਂ ਹਨ। ਉਹ ਵਿਦੇਸ਼ ’ਚ ਰਹਿ ਕੇ ਲਾਰੈਂਸ ਤੇ ਗੋਲਡੀ ਬਰਾੜ ਵਿਚਾਲੇ ਪੁਲ਼ ਵਜੋਂ ਕੰਮ ਕਰ ਰਿਹਾ ਸੀ। ਅਨਮੋਲ ਖ਼ਿਲਾਫ਼ ਪੰਜਾਬ ’ਚ ਸੱਤ ਤੋਂ ਵੱਧ ਅਪਰਾਧਕ ਮਾਮਲੇ ਦਰਜ ਹਨ। ਹੱਤਿਆ ਦੀ ਸਾਜ਼ਿਸ਼, ਫ਼ਿਰੌਤੀ, ਰੰਗਦਾਰੀ ਤੇ ਹਥਿਆਰ ਸਪਲਾਈ ਵਰਗੇ ਗੰਭੀਰ ਮਾਮਲਿਆਂ ’ਚ ਸ਼ਾਮਲ ਅਨਮੋਲ 10 ਲੱਖ ਦਾ ਇਨਾਮੀ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਲਈ ਹਥਿਆਰਾਂ ਦੀ ਵਿਵਸਥਾ ਤੇ ਸ਼ੂਟਰਾਂ ਲਈ ਫੰਡਿੰਗ ’ਚ ਅਨਮੋਲ ਦੀ ਮਹੱਤਵਪੂਰਨ ਭੂਮਿਕਾ ਸੀ। ਮੂਸੇਵਾਲਾ ਦੀ ਹੱਤਿਆ ਤੋਂ ਦੋ ਮਹੀਨੇ ਪਹਿਲਾਂ ਅਪ੍ਰੈਲ 2022 ’ਚ ਅਨਮੋਲ ਨੂੰ ਲਾਰੈਂਸ ਦੇ ਨਿਰਦੇਸ਼ ’ਤੇ ਭਾਰਤ ਤੋਂ ਬਾਹਰ ਭੇਜਿਆ ਗਿਆ ਸੀ। ਉਹ ਭਾਨੂ ਪ੍ਰਤਾਪ ਨਾਂ ਨਾਲ ਫ਼ਰਜ਼ੀ ਪਾਸਪੋਰਟ ਬਣਵਾ ਕੇ ਫ਼ਰੀਦਾਬਾਦ, ਨੇਪਾਲ, ਦੁਬਈ ਤੇ ਕੀਨੀਆ ਹੁੰਦੇ ਹੋਏ ਅਮਰੀਕਾ ਪੁੱਜਾ ਸੀ। ਏਜੰਸੀਆਂ ਦਾ ਮੰਨਣਾ ਹੈ ਕਿ ਉਹ ਇਕ ਰਣਨੀਤਿਕ ਯੋਜਨਾ ਸੀ ਤਾਂ ਜੋ ਹੱਤਿਆ ਤੋਂ ਬਾਅਦ ਕਾਰਵਾਈ ਦਾ ਘੇਰਾ ਵਿਦੇਸ਼ ਤੱਕ ਨਾ ਵਧ ਸਕੇ ਤੇ ਉਹ ਬਾਹਰ ਰਹਿ ਕੇ ਗਿਰੋਹ ਦੀ ਕਮਾਨ ਸੰਭਾਲ ਸਕੇ। ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਪੰਜਾਬ ’ਚ ਧਮਕੀ, ਉਗਰਾਹੀ ਤੇ ਨਵੇਂ ਮਾਡਿਊਲ ਲਈ ਭਰਤੀ ਦੀਆਂ ਸਰਗਰਮੀਆਂ ਵੀ ਤੇਜ਼ ਹੋ ਗਈਆਂ। ਅਨਮੋਲ ’ਤੇ ਅਦਾਕਾਰ ਸਲਮਾਨ ਖ਼ਾਨ ਦੇ ਘਰ ਦੇ ਬਾਹਰ ਫਾਇਰਿੰਗ ਸਮੇਤ ਕਈ ਸੂਬਿਆਂ ’ਚ ਹੱਤਿਆ ਦੀ ਸਾਜ਼ਿਸ਼, ਰੰਗਦਾਰੀ ਤੇ ਹਥਿਆਰ ਤਸਕਰੀ ਦੇ ਮਾਮਲੇ ਵੀ ਦਰਜ ਹਨ। ਜੂਨ 2022 ’ਚ ਮੋਹਾਲੀ ’ਚ ਪੰਜਾਬ ਪੁਲਿਸ ਦੇ ਖ਼ੁਫੀਆ ਹੈੱਡਕੁਆਰਟਰ ’ਤੇ ਆਰਪੀਜੀ (ਰਾਕੇਟ ਪ੍ਰੋਪੈਲਡ ਗ੍ਰੇਨੇਡ) ਹਮਲੇ ’ਚ ਵੀ ਉਸ ਦਾ ਨਾਂ ਆਇਆ ਸੀ। ਅਨਮੋਲ ਖ਼ਿਲਾਫ਼ ਪੰਜਾਬ ਪੁਲਿਸ ਤੇ ਐੱਨਆਈਏ ਦੀ ਜਾਂਚ ’ਚ ਅੰਮ੍ਰਿਤਸਰ, ਮੋਗਾ, ਫ਼ਰੀਦਕੋਟ ਤੇ ਬਠਿੰਡਾ ਸਮੇਤ ਕਈ ਜ਼ਿਲ੍ਹਿਆਂ ’ਚ ਉਗਰਾਹੀ ਤੇ ਗੈਂਗਸਟਰ ਐਕਟ ਦੇ ਤਹਿਤ ਮੁਕੱਦਮੇ ਵੀ ਦਰਜ ਹਨ। ਫ਼ਾਜ਼ਿਲਕਾ ਰੇਂਜ ’ਚ ਉਸ ਖ਼ਿਲਾਫ਼ ਪਾਕਿਸਤਾਨ ਤੋਂ ਹਥਿਆਰਾਂ ਦੀ ਸਪਲਾਈ ਚੇਨ ਨੂੰ ਸੰਚਾਲਿਤ ਕਰਨ ਤੇ ਸ਼ੂਟਰਾਂ ਦੇ ਨੈੱਟਵਰਕ ਨੂੰ ਮਜ਼ਬੂਤ ਕਰਨ ਸਬੰਧੀ ਜਾਂਚ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਕਰ ਰਹੀ ਹੈ। ਐੱਨਆਈ ਵੱਲੋਂ ਦਰਜ ਯੂਏਪੀਏ ਕੇਸ ’ਚ ਅਨਮੋਲ ਨੂੰ ਰਾਸ਼ਟਰੀ ਸੁਰੱਖਿਆ ਸ਼੍ਰੇਣੀ ਦਾ ਮੁਲਜ਼ਮ ਮੰਨਿਆ ਗਿਆ ਹੈ। ਅਪ੍ਰੈਲ 2023 ’ਚ ਕੈਲੇਫੋਰਨੀਆ ਦੇ ਇਕ ਵਿਆਹ ’ਚ ਅਨਮੋਲ ਬਿਸ਼ਨੋਈ ਦਾ ਡਾਂਸ ਵੀਡੀਓ ਵਾਇਰਲ ਹੋਇਆ, ਜੋ ਉਸ ਦੇ ਟ੍ਰੇਸ ਹੋਣ ਦਾ ਟਰਨਿੰਗ ਪੁਆਇੰਟ ਬਣਿਆ। ਇਸ ਤੋਂ ਬਾਅਦ ਪੁਲਿਸ ਨੇ ਉਸ ਦੇ ਨੈੱਟਵਰਕ ਨੂੰ ਫ਼ਰਜ਼ੀ ਪਾਸਪੋਰਟ ਰੈਕਟ ਨਾਲ ਵੀ ਜੋੜਿਆ। ਅਨਮੋਲ ਦੇ ਫ਼ਰਜ਼ੀ ਪਾਸਪੋਰਟ ਦੇ ਤਾਰ ਲੁਧਿਆਣਾ ਦੇ ਪਾਸਪੋਰਟ ਫ਼ਰਜ਼ੀਵਾੜਾ ਗੈਂਗ ਨਾਲ ਵੀ ਜੁੜੇ ਹਨ। ਹੁਣ ਉਸ ਦੀ ਹਵਾਲਗੀ ਤੋਂ ਬਾਅਦ ਪੰਜਾਬ ਪੁਲਿਸ ਤੇ ਐੱਨਆਈਏ ਉਸ ਨੂੰ ਟ੍ਰਾਂਜਿਟ ਪ੍ਰੋਡਕਸ਼ਨ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕਰੇਗੀ ਤੇ ਪੰਜਾਬ ’ਚ ਦਰਜ ਮਾਮਲਿਆਂ ਦੀ ਜਾਂਚ ਨੂੰ ਅੱਗੇ ਵਧਾਏਗੀ।