ਸੂਬੇ ਦੀਆਂ 357 ਜ਼ਿਲ੍ਹਾ ਪ੍ਰੀਸ਼ਦ ਤੇ 2,863 ਬਲਾਕ ਸੰਮਤੀ ਸੀਟਾਂ ਵਿਚੋਂ ਹੁਣ ਤੱਕ 15 ਜ਼ਿਲ੍ਹਾ ਪ੍ਰੀਸ਼ਦ ਅਤੇ 181 ਬਲਾਕ ਸੰਮਤੀ ਉਮੀਦਵਾਰ ਬਿਨਾਂ ਵਿਰੋਧ ਜਿੱਤ ਦਰਜ ਕਰ ਚੁੱਕੇ ਹਨ। ਚੋਣ ਪ੍ਰਕਿਰਿਆ ਤੋਂ ਬਾਅਦ ਵੀ ਲਗਪਗ 9,500 ਉਮੀਦਵਾਰ ਮੈਦਾਨ ਵਿਚ ਬਣੇ ਹੋਏ ਹਨ।

ਸਟੇਟ ਬਿਊਰੋ, ਚੰਡੀਗੜ੍ਹ : ਪੰਜਾਬ ਵਿਚ 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਨੂੰ ਵੱਡੀ ਲੀਡ ਮਿਲ ਗਈ ਹੈ। ਸੂਬਾਈ ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਮੁਤਾਬਕ, 195 ਉਮੀਦਵਾਰ ਬਿਨਾਂ ਵਿਰੋਧ ਚੁਣੇ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ ਸਿਰਫ਼ ਇਕ ਨੂੰ ਛੱਡ ਕੇ ਬਾਕੀ ਸਾਰੇ ਉਮੀਦਵਾਰ ‘ਆਪ’ ਦੇ ਹਨ। ਇਸ ਨਾਲ ਪੇਂਡੂ ਚੋਣਾਂ ਦੀ ਸ਼ੁਰੂਆਤ ਵਿਚ ਹੀ ਸਿਆਸੀ ਮਾਹੌਲ ਭਖ ਗਿਆ ਹੈ।
ਸੂਬੇ ਦੀਆਂ 357 ਜ਼ਿਲ੍ਹਾ ਪ੍ਰੀਸ਼ਦ ਤੇ 2,863 ਬਲਾਕ ਸੰਮਤੀ ਸੀਟਾਂ ਵਿਚੋਂ ਹੁਣ ਤੱਕ 15 ਜ਼ਿਲ੍ਹਾ ਪ੍ਰੀਸ਼ਦ ਅਤੇ 181 ਬਲਾਕ ਸੰਮਤੀ ਉਮੀਦਵਾਰ ਬਿਨਾਂ ਵਿਰੋਧ ਜਿੱਤ ਦਰਜ ਕਰ ਚੁੱਕੇ ਹਨ। ਚੋਣ ਪ੍ਰਕਿਰਿਆ ਤੋਂ ਬਾਅਦ ਵੀ ਲਗਪਗ 9,500 ਉਮੀਦਵਾਰ ਮੈਦਾਨ ਵਿਚ ਬਣੇ ਹੋਏ ਹਨ। ਵਿਰੋਧੀ ਪਾਰਟੀਆਂ ਨੇ ਦੋਸ਼ ਲਗਾਇਆ ਹੈ ਕਿ ਕਈ ਥਾਵਾਂ ’ਤੇ ਉਨ੍ਹਾਂ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਭਰਨ ਤੋਂ ਰੋਕਿਆ ਗਿਆ। ਹਾਲਾਂਕਿ ਸੂਬਾਈ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਇਨ੍ਹਾਂ ਦੋਸ਼ਾਂ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਕਮਿਸ਼ਨ ਨੇ ਨਿਰਪੱਖਤਾ ਨਾਲ ਕੰਮ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਮਲੋਹ ਦੇ ਪੰਚਾਇਤ ਅਧਿਕਾਰੀ ਨੂੰ ਸਿਆਸੀ ਸਰਗਰਮੀਆਂ ਵਿਚ ਸ਼ਾਮਲ ਪਾਏ ਜਾਣ ’ਤੇ ਉਨ੍ਹਾਂ ਦਾ ਤੁਰੰਤ ਪ੍ਰਭਾਵ ਨਾਲ ਤਬਾਦਲਾ ਕਰ ਦਿੱਤਾ ਗਿਆ ਜਦਕਿ ਡੇਰਾਬੱਸੀ ਦੇ ਇਕ ਅਧਿਕਾਰੀ ਨੂੰ ਡਿਊਟੀ ਤੋਂ ਗ਼ੈਰ-ਹਾਜ਼ਰ ਰਹਿਣ ’ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ।
ਉਪਲਬਧ ਅੰਕੜਿਆਂ ਮੁਤਾਬਕ, ਤਰਨਤਾਰਨ ਵਿਚ 12 ਤੇ ਅੰਮ੍ਰਿਤਸਰ ਵਿਚ ਤਿੰਨ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਪਹਿਲਾਂ ਹੀ ਬਿਨਾਂ ਵਿਰੋਧ ਚੁਣੇ ਜਾ ਚੁੱਕੇ ਹਨ। ਬਲਾਕ ਸੰਮਤੀ ਪੱਧਰ ’ਤੇ 180 ਉਮੀਦਵਾਰ ‘ਆਪ’ ਦੇ ਹਨ ਜਿਨ੍ਹਾਂ ਵਿਚ ਤਰਨਤਾਰਨ ਤੋਂ 98 ਅਤੇ ਅੰਮ੍ਰਿਤਸਰ ਤੋਂ 63 ਉਮੀਦਵਾਰ ਸ਼ਾਮਲ ਹਨ। ਹੁਸ਼ਿਆਰਪੁਰ ਦੇ ਚੱਬੇਵਾਲ ਖੇਤਰ ਤੋਂ 13 ਉਮੀਦਵਾਰ ਬਿਨਾਂ ਵਿਰੋਧ ਜੇਤੂ ਐਲਾਨੇ ਗਏ ਹਨ। ਨਵਾਂਸ਼ਹਿਰ ਵਿਚ ਇਕ ਆਜ਼ਾਦ ਉਮੀਦਵਾਰ ਨੇ ਵੀ ਬਿਨਾਂ ਮੁਕਾਬਲਾ ਜਿੱਤ ਹਾਸਲ ਕੀਤੀ ਹੈ।
ਦੂਜੇ ਪਾਸੇ, ਵਿਧਾਨ ਸਭਾ ਚੋਣਾਂ ਵਿਚ ਹੁਣ ਲਗਪਗ 14 ਮਹੀਨੇ ਬਾਕੀ ਹਨ, ਇਸ ਲਈ ‘ਆਪ’ ਨੇ ਇਨ੍ਹਾਂ ਚੋਣਾਂ ਨੂੰ ਵੱਕਾਰ ਦਾ ਮੁੱਦਾ ਬਣਾ ਲਿਆ ਹੈ। ਪਾਰਟੀ ਨੇ ਸਾਰੇ ਵਿਧਾਇਕਾਂ ਤੇ ਹਲਕੇ ਦੇ ਇੰਚਾਰਜਾਂ ਨੂੰ ਸਖ਼ਤ ਹੁਕਮ ਦਿੱਤੇ ਹਨ ਕਿ ਉਨ੍ਹਾਂ ਦੀ ਅਗਲੀ ਸਿਆਸੀ ਸਥਿਤੀ ਕਾਫ਼ੀ ਹੱਦ ਤੱਕ ਇਨ੍ਹਾਂ ਚੋਣਾਂ ਵਿਚ ਪ੍ਰਦਰਸ਼ਨ ’ਤੇ ਨਿਰਭਰ ਕਰੇਗੀ। ਖ਼ਾਸ ਕਰ ਕੇ ਮਾਲਵਾ ਖੇਤਰ ਵਿਚ ਅਸੰਤੋਸ਼ ਅਤੇ ਸਥਾਨਕ ਪੱਧਰ ’ਤੇ ਖਿੱਚੋਤਾਣ ਦੀਆਂ ਖ਼ਬਰਾਂ ਦਰਮਿਆਨ ਪਾਰਟੀ ਲਈ ਇਹ ਚੋਣਾਂ ਮਹੱਤਵਪੂਰਨ ਮੰਨੀਆਂ ਜਾ ਰਹੀਆਂ ਹਨ। ਪੇਂਡੂ ਸਥਾਨਕ ਚੋਣਾਂ ਦੇ ਨਤੀਜੇ ਆਉਣ ਵਿਚ ਭਾਵੇਂ ਸਮਾਂ ਲੱਗੇ ਪਰ ਬਿਨਾਂ ਵਿਰੋਧ ਜਿੱਤੇ ਉਮੀਦਵਾਰਾਂ ਦੀ ਵਧਦੀ ਗਿਣਤੀ ਨਾਲ ‘ਆਪ’ ਨੇ ਸ਼ੁਰੂਆਤੀ ਬਾਜ਼ੀ ਆਪਣੇ ਨਾਂ ਕਰ ਲਈ ਹੈ।