ਪੰਜਾਬ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲ੍ਹਾਂ, ਬਣਾਇਆ ਪਹਿਲਾ ਸਿੱਖ ਰੋਬੋਟ, ਉੱਚੀ ਜਗ੍ਹਾ 'ਤੇ ਚੜ੍ਹਨ ਦੇ ਨਾਲ-ਨਾਲ ਇਹ ਕੰਮ ਕਰਨ 'ਚ ਹੈ ਸਮਰੱਥ
ਵਿਦਿਆਰਥੀਆਂ ਨੇ ਕਿਹਾ ਹੈ ਕਿ ਸਾਰੇ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਖੋਜਾਂ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਅੱਗੇ ਚੱਲ ਕੇ ਦੇਸ਼ ਨੂੰ ਤਕਨਾਲੋਜੀ ਵਿਚ ਅੱਗੇ ਵਧਾਇਆ ਜਾ ਸਕੇ। ਇਹ ਰੋਬੋਟ ਘਰ ਦੇ ਛੋਟੇ ਕੰਮਾਂ ਤੋਂ ਲੈ ਕੇ ਵੱਡੇ ਕੰਮਾਂ ਨੂੰ ਅੰਜਾਮ ਦੇ ਸਕਦਾ ਹੈ।
Publish Date: Mon, 08 Dec 2025 11:44 AM (IST)
Updated Date: Mon, 08 Dec 2025 11:50 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹਾ ਮਾਨਸਾ ਦੇ ‘ਦ ਰੈਨੇਸਾਂ’ ਸਕੂਲ ਦੇ ਵਿਦਿਆਰਥੀਆਂ ਨੇ ਪਹਿਲਾ ਪੰਜਾਬੀ ਸਿੱਖ ਰੋਬੋਟ ਬਣਾਇਆ ਹੈ। ਇਹ ਕਾਫ਼ੀ ਚਰਚਾ ਵਿਚ ਹੈ ਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ, ਰੋਬੋਟ ਦਾ ਨਾਂ ਜਾਰਵਿਸ਼ ਰੱਖਿਆ ਗਿਆ ਹੈ। ਸਕੂਲ ਦੀ ਅਟਲ ਟਿਕਰਿੰਗ ਲੈਬ (ਏਟੀਐਲ) ਵਿਚ ਲੈਬ ਇੰਚਾਰਜ ਇੰ. ਸੁਖਦੀਪ ਸਿੰਘ ਦੀ ਅਗਵਾਈ ਵਿਚ ਪਹਿਲਾ ਪੰਜਾਬੀ ਰੋਬੋਟ ਬਣਾਇਆ ਹੈ। ਇਸ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ ਵਿਚ ਵਿਦਿਆਰਥੀ ਦੱਸ ਰਹੇ ਹਨ ਕਿ ਉਨ੍ਹਾਂ ਦਾ ਰੋਬੋਟ ਉੱਚੀ ਜਗ੍ਹਾ ਉੱਤੇ ਅਸਾਨੀ ਨਾਲ ਜਾ ਸਕਦਾ ਹੈ, ਬੰਬ ਡੀਫਿਊਜ਼ ਕਰ ਸਕਦਾ ਹੈ ਅਤੇ ਅੱਗ ਬੁਝਾ ਸਕਦਾ ਹੈ। ਵਿਦਿਆਰਥੀਆਂ ਨੇ ਕਿਹਾ ਹੈ ਕਿ ਸਾਰੇ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਖੋਜਾਂ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਅੱਗੇ ਚੱਲ ਕੇ ਦੇਸ਼ ਨੂੰ ਤਕਨਾਲੋਜੀ ਵਿਚ ਅੱਗੇ ਵਧਾਇਆ ਜਾ ਸਕੇ। ਇਹ ਰੋਬੋਟ ਘਰ ਦੇ ਛੋਟੇ ਕੰਮਾਂ ਤੋਂ ਲੈ ਕੇ ਵੱਡੇ ਕੰਮਾਂ ਨੂੰ ਅੰਜਾਮ ਦੇ ਸਕਦਾ ਹੈ।
ਪਿਛਲੇ ਦਿਨੀਂ ਇਸੇ ਪ੍ਰੋਗਰਾਮ ਤਹਿਤ ਸਕੂਲੀ ਵਿਦਿਆਰਥੀਆਂ ਨੇ ਆਟੋਮੈਟਿਕ ਅੱਗ ਬੁਝਾਊ ਯੰਤਰ ਬਣਾਉਣ ਦੇ ਨਾਲ-ਨਾਲ ਰੋਬੋਟਿਕ ਆਰਮ ਵੀ ਬਣਾਈ, ਜੋ ਬੋਰਵੈੱਲ ਵਿਚ ਡਿੱਗੇ ਬੱਚੇ ਨੂੰ ਕੁਝ ਹੀ ਮਿੰਟਾਂ ਵਿਚ ਬਿਨਾਂ ਕਿਸੇ ਨੁਕਸਾਨ ਦੇ ਬਾਹਰ ਕੱਢ ਸਕਦੀ ਹੈ। ਸਕੂਲ ਦੇ ਚੇਅਰਮੈਨ ਡਾ. ਅਵਤਾਰ ਸਿੰਘ ਨੇ ਦੱਸਿਆ ਕਿ ਸਕੂਲਾਂ ਵਿਚ ਅਜਿਹੇ ਪ੍ਰੋਗਰਾਮ ਨੂੰ ਪਹਿਲ ਦੇ ਅਧਾਰ ’ਤੇ ਅਪਣਾਉਣਾ ਚਾਹੀਦਾ ਹੈ ਤਾਂ ਜੋ ਬੱਚਿਆਂ ਨੂੰ ਕਿਤਾਬੀ ਸਿੱਖਿਆ ਦੇ ਨਾਲ ਨਾਲ ਤਕਨੀਕੀ ਤੌਰ ’ਤੇ ਸਿੱਖਿਅਤ ਕੀਤਾ ਜਾ ਸਕੇ। ਉਨ੍ਹਾਂ ਦੇ ਸਕੂਲ ਦੇ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੇ ਇਸ ਦਾ ਸੜਕ ’ਤੇ ਟ੍ਰਾਇਲ ਕੀਤਾ ਹੈ।
ਗੱਲ ਸਮਝ ਕੇ ਜਵਾਬ ਦਿੰਦਾ ਹੈ ਰੋਬੋਟ : ਵਿਦਿਆਰਥੀਆਂ ਵੱਲੋਂ ਬਣਾਇਆ ਗਿਆ ਰੋਬੋਟ ਗੱਲ ਸਮਝ ਕੇ ਉਸ ਦਾ ਜਵਾਬ ਦੇ ਸਕਦਾ ਹੈ। ਇਸ ਦਾ ਟ੍ਰਾਇਲ ਵਿਦਿਆਰਥੀਆਂ ਨੇ ਕੀਤਾ ਹੈ, ਜਿਸ ਵਿਚ ਉਹ ਉਸ ਦਾ ਨਾਂ ਪੁੱਛਦੇ ਹਨ ਤਾਂ ਰੋਬੋਟ ਜਵਾਬ ਦਿੰਦਾ ਹੈ।