ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਮਾਨਸਾ ਲਿਆਉਣ ਦੀ ਪੁਲਿਸ ਨੇ ਵਿੱਢੀ ਕਾਰਵਾਈ, ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ’ਚ ਕੀਤੀ ਜਾਵੇਗੀ ਪੁੱਛਗਿੱਛ
ਬਿਸ਼ਨੋਈ ਦਾ ਨਾਮ ਅਦਾਕਾਰ ਸਲਮਾਨ ਖਾਨ ਦੇ ਘਰ 'ਤੇ ਹੋਈ ਗੋਲ਼ੀਬਾਰੀ ਤੇ ਮੁੰਬਈ ’ਚ ਬਾਬਾ ਸਿੱਦੀਕੀ ਦੇ ਕਤਲ ’ਚ ਵੀ ਸਾਹਮਣੇ ਆਇਆ ਹੈ। ਉਹ ਸਿੱਧੂ ਮੂਸੇਵਾਲਾ ਕਤਲ ਕੇਸ ਨਾਲ ਵੀ ਜੁੜਿਆ ਹੋਇਆ ਹੈ। ਮਾਨਸਾ ਪੁਲਿਸ ਸਟੇਸ਼ਨ ਨੇ ਉਸ ਨੂੰ ਭਾਰਤ ਲਿਆਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਪਰ ਇਸ ਪ੍ਰਕਿਰਿਆ ’ਚ ਇਕ ਮਹੀਨਾ ਲੱਗ ਸਕਦਾ ਹੈ।
Publish Date: Sat, 22 Nov 2025 08:34 AM (IST)
Updated Date: Sat, 22 Nov 2025 08:37 AM (IST)

ਸੰਵਾਦ ਸਹਿਯੋਗੀ, ਜਾਗਰਣ, ਮਾਨਸਾ : ਗੈਂਗਸਟਰ ਅਨਮੋਲ ਬਿਸ਼ਨੋਈ ਦੀ ਅਮਰੀਕਾ ਤੋਂ ਹਵਾਲਗੀ ਮਗਰੋਂ ਪੁਲਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ’ਚ ਪੁੱਛਗਿੱਛ ਲਈ ਉਸ ਨੂੰ ਮਾਨਸਾ ਲਿਆਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦਿੱਲੀ ’ਚ ਐੱਨਆਈਏ ਦੀ ਟੀਮ ਵੱਲੋਂ ਅਨਮੋਲ ਨੂੰ ਪੁੱਛਗਿੱਛ ਲਈ ਰਿਮਾਂਡ 'ਤੇ ਲਿਆ ਗਿਆ ਹੈ। ਬਿਸ਼ਨੋਈ ਦਾ ਨਾਮ ਅਦਾਕਾਰ ਸਲਮਾਨ ਖਾਨ ਦੇ ਘਰ 'ਤੇ ਹੋਈ ਗੋਲ਼ੀਬਾਰੀ ਤੇ ਮੁੰਬਈ ’ਚ ਬਾਬਾ ਸਿੱਦੀਕੀ ਦੇ ਕਤਲ ’ਚ ਵੀ ਸਾਹਮਣੇ ਆਇਆ ਹੈ। ਉਹ ਸਿੱਧੂ ਮੂਸੇਵਾਲਾ ਕਤਲ ਕੇਸ ਨਾਲ ਵੀ ਜੁੜਿਆ ਹੋਇਆ ਹੈ। ਮਾਨਸਾ ਪੁਲਿਸ ਸਟੇਸ਼ਨ ਨੇ ਉਸ ਨੂੰ ਭਾਰਤ ਲਿਆਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਪਰ ਇਸ ਪ੍ਰਕਿਰਿਆ ’ਚ ਇਕ ਮਹੀਨਾ ਲੱਗ ਸਕਦਾ ਹੈ। ਅਨਮੋਲ ਬਿਸ਼ਨੋਈ ਨੂੰ ਭਾਰਤ ਡਿਪੋਰਟ ਕਰਨ ਬਾਰੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਅਨਮੋਲ ਬਿਸ਼ਨੋਈ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਸਰਕਾਰ ਤੇ ਪੁਲਿਸ ਪੁੱਛਗਿੱਛ ਤੋਂ ਬਾਅਦ ਉਸ ਵਿਰੁੱਧ ਕੋਈ ਠੋਸ ਕਾਰਵਾਈ ਨਹੀਂ ਕਰੇਗੀ। ਪੁਲਿਸ ਸਿੱਧੂ ਮੂਸੇਵਾਲਾ ਕਤਲ ਕੇਸ ’ਚ ਸਾਜ਼ਿਸ਼ ਰਚਣ ਵਾਲਿਆਂ ਨੂੰ ਫੜਨ ’ਚ ਅਸਫ਼ਲ ਰਹੀ ਹੈ। ਬਲਕੌਰ ਸਿੰਘ ਨੇ ਇਹ ਵੀ ਕਿਹਾ ਕਿ ਗੈਂਗਸਟਰ ਬਿਨਾਂ ਕਿਸੇ ਖੌਫ਼ ਦੇ ਧਮਕੀਆਂ ਦੇ ਰਹੇ ਹਨ, ਭਾਵੇਂ ਪੁਲਿਸ ਤੇ ਸਰਕਾਰ ਉਨ੍ਹਾਂ ਦੀ ਸੁਰੱਖਿਆ ’ਚ ਲੱਗੀ ਹੋਈ ਹੈ। ਉਨ੍ਹਾਂ ਨੂੰ ਹਰ ਰੋਜ਼ ਅਜਿਹੀਆਂ ਧਮਕੀਆਂ ਮਿਲਦੀਆਂ ਹਨ।