ਮਾਨਸਾ 'ਚ ਵੋਟਾਂ ਦਾ ਬਾਈਕਾਟ ਕਰ ਕੇ ਲੋਕ ਕਰ ਰਹੇ ਹਨ ਵਿਰੋਧ ਪ੍ਰਦਰਸ਼ਨ, 8 ਮਹੀਨਿਆਂ ਤੋਂ ਲੱਗ ਰਹੀ ਸੀਮੈਂਟ ਫੈਕਟਰੀ ਤੋਂ ਲੋਕ ਹਨ ਪਰੇਸ਼ਾਨ
ਉਨ੍ਹਾਂ ਨੇ ਕਿਹਾ ਕਿ ਪਿਛਲੇ ਅੱਠ ਮਹੀਨਿਆਂ ਤੋਂ ਉਹ ਸੀਮੈਂਟ ਫੈਕਟਰੀ ਦਾ ਵਿਰੋਧ ਕਰ ਰਹੇ ਹਨ। ਇਸ ਫ਼ੈਕਟਰੀ ਨੂੰ ਰੋਕਣ ਲਈ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਤੱਕ ਪਹੁੰਚ ਵੀ ਕੀਤੀ ਗਈ। ਪਰ ਕਿਸੇ ਵੀ ਨੇਤਾ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਜਿਸ ਕਾਰਨ ਉਨ੍ਹਾਂ ਨੂੰ ਵੋਟਾਂ ਦਾ ਬਾਈਕਾਟ ਕਰਨ ਲਈ ਮਜ਼ਬੂਰ ਹੋਣਾ ਪਿਆ।
Publish Date: Sun, 14 Dec 2025 12:38 PM (IST)
Updated Date: Sun, 14 Dec 2025 12:50 PM (IST)
ਜੀਵਨ ਸਿੰਘ ਕ੍ਰਾਂਤੀ, ਪੰਜਾਬੀ ਜਾਗਰਣ, ਮਾਨਸਾ। ਪੰਜਾਬ ਦੇ ਵਿੱਚੋਂ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਚੱਲ ਰਹੀ ਹੈ ਪਰ ਮਾਨਸਾ ਜ਼ਿਲ੍ਹੇ ਦੇ ਪਿੰਡ ਤਲਵੰਡੀ ਅਕਲੀਆ ਵਿੱਚ ਸਰਬ ਸੰਮਤੀ ਨਾਲ ਪਿੰਡ ਵਾਸੀਆਂ ਵੱਲੋਂ ਇੰਨ੍ਹਾਂ ਵੋਟਾਂ ਦਾ ਬਾਈਕਾਟ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ। ਪਿੰਡ ਵਾਸੀਆਂ ਦੀ ਮੰਗ ਹੈ ਕਿ ਪਿੰਡ ਵਿੱਚ ਲੱਗ ਰਹੀ ਸੀਮੈਂਟ ਫੈਕਟਰੀ ਨੂੰ ਰੋਕਿਆ ਜਾਵੇ।
ਪਿੰਡ ਵਾਸੀਆਂ ਕਾਕਾ ਸਿੰਘ ਫ਼ੌਜੀ, ਸਿਕੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਵੋਟਾਂ ਦਾ ਬਾਈਕਾਟ ਕਰਕੇ ਸਕੂਲ ਬਾਹਰ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ ਅੱਠ ਮਹੀਨਿਆਂ ਤੋਂ ਉਹ ਸੀਮੈਂਟ ਫੈਕਟਰੀ ਦਾ ਵਿਰੋਧ ਕਰ ਰਹੇ ਹਨ। ਇਸ ਫ਼ੈਕਟਰੀ ਨੂੰ ਰੋਕਣ ਲਈ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਤੱਕ ਪਹੁੰਚ ਵੀ ਕੀਤੀ ਗਈ। ਪਰ ਕਿਸੇ ਵੀ ਨੇਤਾ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਜਿਸ ਕਾਰਨ ਉਨ੍ਹਾਂ ਨੂੰ ਵੋਟਾਂ ਦਾ ਬਾਈਕਾਟ ਕਰਨ ਲਈ ਮਜ਼ਬੂਰ ਹੋਣਾ ਪਿਆ।
ਪਿੰਡ ਵਾਸੀਆਂ ਨੇ ਕਿਹਾ ਕਿ ਪਹਿਲਾਂ ਹੀ ਉਨ੍ਹਾਂ ਦੇ ਪਿੰਡ ਨਜ਼ਦੀਕ ਲੱਗੇ ਥਰਮਲ ਕਾਰਨ ਪਿੰਡ ਵਿੱਚ ਬਿਮਾਰੀਆਂ ਫ਼ੈਲ ਰਹੀਆਂ ਹਨ ਅਤੇ ਉਨ੍ਹਾਂ ਦੀਆਂ ਫ਼ਸਲਾਂ ਦਾ ਵੀ ਝਾੜ ਘੱਟ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਪਿੰਡ ਦੇ ਬਿਲਕੁਲ ਨਜ਼ਦੀਕ ਲੱਗ ਰਹੀ ਸੀਮੈਂਟ ਫੈਕਟਰੀ ਦੇ ਨਾਲ ਵੀ ਉਨਾਂ ਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਰੁਜ਼ਗਾਰ ਨਹੀਂ ਅਤੇ ਆਪਣੀ ਸਿਹਤ ਤੰਦਰੁਸਤ ਰੱਖਣ ਦੇ ਲਈ ਇਸ ਫੈਕਟਰੀ ਦਾ ਵਿਰੋਧ ਕਰਨਾ ਪੈ ਰਿਹਾ ਹੈ।