ਜਿਸ ’ਚ ਕਾਂਸਟੇਬਲ ਅਮਨਦੀਪ ਕੌਰ ਦੀਆਂ ਚੱਲ ਤੇ ਅਚੱਲ ਜਾਇਦਾਦਾਂ ਦੇ ਨਾਲ-ਨਾਲ ਉਸਦੀ ਤਨਖਾਹ, ਬੈਂਕ ਖਾਤਿਆਂ ਤੇ ਕਰਜ਼ੇ ਦੇ ਰਿਕਾਰਡ ਦੀ ਜਾਂਚ ਕੀਤੀ ਗਈ। ਅਮਨਦੀਪ ਨੂੰ ਇਸ ਸਾਲ 3 ਅਪ੍ਰੈਲ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਸੀ ਤੇ ਇਸ ਸਮੇਂ ਉਹ ਬਠਿੰਡਾ ਕੇਂਦਰੀ ਜੇਲ੍ਹ ’ਚ ਬੰਦ ਹੈ।

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬਰੀ ਜਾਗਰਣ, ਬਠਿੰਡਾ : ਭ੍ਰਿਸ਼ਟਾਚਾਰ ਮਾਮਲੇ ’ਚ ਗ੍ਰਿਫ਼ਤਾਰ ਪੰਜਾਬ ਪੁਲਿਸ ਦੀ ਬਰਖ਼ਾਸਤ ਕਾਂਸਟੇਬਲ ਅਮਨਦੀਪ ਕੌਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਅਮਨਦੀਪ ਕੌਰ ’ਤੇ ਪਹਿਲਾਂ 17 ਗ੍ਰਾਮ ਹੈਰੋਇਨ ਰੱਖਣ ਸਬੰਧੀ ਮਾਮਲਾ ਦਰਜ ਕੀਤਾ ਸੀ ਜਿਸ ’ਚੋਂ ਉਸ ਨੂੰ ਜ਼ਮਾਨਤ ਮਿਲ ਗਈ ਸੀ। ਇਸ ਉਪਰੰਤ ਵਿਜੀਲੈਂਸ ਨੇ ਉਸ ਨੂੰ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਦੋਸ਼ ’ਚ ਫਿਰ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਹਾਈ ਕੋਰਟ ’ਚ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜਸਟਿਸ ਅਮਨ ਚੌਧਰੀ ਨੇ ਅਮਨਦੀਪ ਕੌਰ ਨੂੰ ਜ਼ਮਾਨਤ ਦੇਣ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਮੰਨਿਆ ਕਿ ਅਮਨਦੀਪ ਕੌਰ ਪੰਜ ਮਹੀਨੇ ਤੇ 19 ਦਿਨਾਂ ਤੋਂ ਹਿਰਾਸਤ ’ਚ ਹੈ ਤੇ ਇਸ ਮਾਮਲੇ ਸਬੰਧੀ ਚਾਰਜਸ਼ੀਟ ਦਾਖ਼ਲ ਕੀਤੀ ਜਾ ਚੁੱਕੀ ਹੈ। ਗਵਾਹਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਮੁਕੱਦਮਾ ਲੰਬਾ ਚਲੇਗਾ, ਜਿਸ ਕਾਰਨ ਉਸ ਨੂੰ ਜੇਲ੍ਹ ’ਚ ਰੱਖਣਾ ਵਾਜਿਬ ਨਹੀਂ ਹੈ। ਅਦਾਲਤ ਦੇ ਹੁਕਮ ਤੋਂ ਬਾਅਦ ਅਮਨਦੀਪ ਕੌਰ ਹੁਣ ਜੇਲ੍ਹ ਤੋਂ ਬਾਹਰ ਆ ਸਕੇਗੀ।
ਉਕਤ ਮਾਮਲੇ ’ਚ ਜਾਂਚ ਤੋਂ ਬਾਅਦ ਬਠਿੰਡਾ ਰੇਂਜ ਵਿਜੀਲੈਂਸ ਪੁਲਿਸ ਸਟੇਸ਼ਨ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) ਤੇ 13(2) ਤਹਿਤ ਮਾਮਲਾ ਦਰਜ ਕੀਤਾ ਗਿਆ, ਜਿਸ ’ਚ ਕਾਂਸਟੇਬਲ ਅਮਨਦੀਪ ਕੌਰ ਦੀਆਂ ਚੱਲ ਤੇ ਅਚੱਲ ਜਾਇਦਾਦਾਂ ਦੇ ਨਾਲ-ਨਾਲ ਉਸਦੀ ਤਨਖਾਹ, ਬੈਂਕ ਖਾਤਿਆਂ ਤੇ ਕਰਜ਼ੇ ਦੇ ਰਿਕਾਰਡ ਦੀ ਜਾਂਚ ਕੀਤੀ ਗਈ। ਅਮਨਦੀਪ ਨੂੰ ਇਸ ਸਾਲ 3 ਅਪ੍ਰੈਲ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਸੀ ਤੇ ਇਸ ਸਮੇਂ ਉਹ ਬਠਿੰਡਾ ਕੇਂਦਰੀ ਜੇਲ੍ਹ ’ਚ ਬੰਦ ਹੈ।
ਜਾਣਕਾਰੀ ਅਨੁਸਾਰ ਕਾਂਸਟੇਬਲ ਅਮਨਦੀਪ ਕੌਰ ਗ੍ਰਿਫ਼ਤਾਰੀ ਤੋਂ ਬਾਅਦ ਵਿਜੀਲੈਂਸ ਵਿਭਾਗ ਦੀ ਜਾਂਚ ਤੋਂ ਪਤਾ ਲੱਗਾ ਕਿ ਅਮਨਦੀਪ ਦੀ 2018 ਤੋਂ 2025 ਦੇ ਵਿਚਕਾਰ ਕੁੱਲ ਆਮਦਨ ₹1,08,37,550 ਸੀ, ਜਦਕਿ ਉਸਦੇ ਖ਼ਰਚੇ 1,39,64,802.97 ਸਨ, ਜੋ ਕਿ ਉਸਦੀ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ ₹31,27,252.97 ਵੱਧ ਸਨ। ਇਹ ਰਕਮ ਉਸਦੀ ਜਾਇਜ਼ ਆਮਦਨ ਤੋਂ 28.85 ਫੀਸਦੀ ਵੱਧ ਸੀ। 11 ਅਗਸਤ 2025 ਨੂੰ, ਵਿਜੀਲੈਂਸ ਸਟੇਸ਼ਨ ਹਾਊਸ ਅਫ਼ਸਰ ਪਰਮਿੰਦਰਜੀਤ ਕੌਰ ਨੇ ਅਦਾਲਤ ਨੂੰ ਦੱਸਿਆ ਕਿ ਏਜੰਸੀ ਅਮਨਦੀਪ ਕੌਰ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰਨ ਦੀ ਅਪੀਲ ਕਰ ਰਹੀ ਹੈ ਪ੍ਰੰਤੂ ਵਿਜੀਲੈਂਸ 11 ਅਗਸਤ ਤੋਂ ਲਗਾਤਾਰ ਪੰਜ ਸੁਣਵਾਈਆਂ ’ਚ ਅਜਿਹਾ ਕਰਨ ’ਚ ਨਾਕਾਮ ਰਹੀ ਤੇ ਉਨ੍ਹਾਂ ਹੋਰ ਸਮਾਂ ਮੰਗਿਆ। ਜ਼ਿਕਰਯੋਗ ਹੈ ਕਿ ਐੱਨਡੀਪੀਐੱਸ ਮਾਮਲੇ ’ਚ ਅਮਨਦੀਪ ਕੌਰ ਦੀ ਗ੍ਰਿਫ਼ਤਾਰੀ ਸੂਬੇ ਭਰ ’ਚ ਚਰਚਾ ਦਾ ਵਿਸ਼ਾ ਰਿਹਾ ਹੈ ਕਿ ਉਹ ਪੰਜਾਬ ’ਚ ਤਾਇਨਾਤ ਇਕ ਸੀਨੀਅਰ ਭਾਰਤੀ ਪੁਲਿਸ ਸੇਵਾ ਅਧਿਕਾਰੀ ਦੀ ਸੁਰੱਖਿਆ ਹੇਠ ਹੈ। ਹਾਲਾਂਕਿ ਜਾਂਚ ਅਧਿਕਾਰੀਆਂ ਕਹਿਣਾ ਹੈ ਕਿ ਹੁਣ ਤਕ ਦੀ ਜਾਂਚ ’ਚ ਅਜਿਹਾ ਕੋਈ ਸਬੰਧ ਸਾਹਮਣੇ ਨਹੀਂ ਆਇਆ ਹੈ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਇੰਟੈਲੀਜੈਂਸ ਬਿਊਰੋ (ਆਈਬੀ) ਤੇ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਵੀ ਅਮਨਦੀਪ ਤੋਂ ਪੁੱਛਗਿੱਛ ਕੀਤੀ ਹੈ।