Election News: ਪਹਿਲੀ ਟ੍ਰੇਨਿੰਗ ਐਤਵਾਰ ਨੂੰ ਹੋ ਚੁੱਕੀ ਹੈ ਅਤੇ ਦੂਜੀ ਤਿੰਨ ਦਿਨਾਂ ਬਾਅਦ ਹੋਣੀ ਹੈ। ਕਈ ਕਰਮਚਾਰੀ ਪਹਿਲੀ ਟ੍ਰੇਨਿੰਗ 'ਚ ਹਾਜ਼ਰੀ ਲਗਾਉਣ ਤੋਂ ਬਾਅਦ ਹੀ ਡਿਊਟੀ ਕੱਟਵਾਉਣ ਦੇ ਲਈ ਦਫ਼ਤਰਾਂ ਦੇ ਚੱਕਰ ਲਗਾਉਣ ਲੱਗ ਪਏ ਹਨ, ਕਿਉਂਕਿ ਦੂਜੀ ਟ੍ਰੇਨਿੰਗ ਹੋ ਜਾਣ ਤੋਂ ਬਾਅਦ ਡਿਊਟੀ ਕਰਨੀ ਲਾਜ਼ਮੀ ਹੋ ਜਾਂਦੀ ਹੈ।

ਸੀਨੀਅਰ ਸਟਾਫ਼ ਰਿਪੋਰਅਰ, ਪੰਜਾਬੀ ਜਾਗਰਣ ਬਠਿੰਡਾ : “ਜਨਾਬ, ਸਿਹਤ ਖਰਾਬ ਰਹਿੰਦੀ ਏ, ਮੇਰੀ ਡਿਊਟੀ ਕੱਟ ਦਿਉ ”, “ਮੈਂ ਤੁਹਾਡੀ ਰਿਸ਼ਤੇਦਾਰੀ ਵਿੱਚੋਂ ਹਾਂ ਅਤੇ ਦਫ਼ਤਰ ਦਾ ਵੀ ਬਹੁਤ ਕੰਮ ਹੈ।”, “ਅਸੀਂ ਵਿਦੇਸ਼ ਜਾਣਾ ਹੈ, ਟਿਕਟਾਂ ਵੀ ਬੁੱਕ ਹਨ, ਤੁਸੀਂ ਚੈਕ ਕਰ ਸਕਦੇ ਹੋ”, “ਘਰ ਦੇ ਸਾਰੇ ਕੰਮ ਮੈਂ ਇਕੱਲੀ ਕਰਦੀ ਹਾਂ।” ਇਸ ਤਰ੍ਹਾਂ ਦੇ ਕਈ ਬਹਾਨੇ ਰਿਟਰਨਿੰਗ ਅਧਿਕਾਰੀਆਂ ਅੱਗੇ ਰੱਖੇ ਜਾ ਰਹੇ ਹਨ ਤਾਂ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਵਿਚ ਉਨ੍ਹਾਂ ਦੀ ਡਿਊਟੀ ਕੱਟ ਦਿੱਤੀ ਜਾਵੇ। ਹਾਲਾਤ ਇਹ ਹਨ ਕਿ ਅਧਿਕਾਰੀ ਸਮਝ ਨਹੀਂ ਪਾ ਰਹੇ ਕਿ ਚੋਣਾਂ ਦੀਆਂ ਤਿਆਰੀਆਂ ਕਰਨ ਜਾਂ ਇਨ੍ਹਾਂ ਦੀਆਂ ਡਿਊਟੀਆਂ ਕੱਟਣ ਦੇ ਕੰਮ ਵਿਚ ਸਮਾਂ ਲਗਾਉਣ। ਸਵੇਰੇ ਤੋਂ ਹੀ ਪੋਲਿੰਗ ਸਟਾਫ਼ ਦਫ਼ਤਰਾਂ ਵਿਚ ਪਹੁੰਚ ਕੇ ਅਧਿਕਾਰੀਆਂ ਦੇ ਆਉਣ ਦੀ ਉਡੀਕ ਕਰਦਾ ਹੈ ਤੇ ਹਰ ਕੋਈ ਇਹੀ ਚਾਹੁੰਦਾ ਹੈ ਕਿ ਟ੍ਰੇਨਿੰਗ ਤੋਂ ਪਹਿਲਾਂ ਉਸਦੀ ਡਿਊਟੀ ਕੱਟੀ ਜਾਵੇ।
ਪਹਿਲੀ ਟ੍ਰੇਨਿੰਗ ਐਤਵਾਰ ਨੂੰ ਹੋ ਚੁੱਕੀ ਹੈ ਅਤੇ ਦੂਜੀ ਤਿੰਨ ਦਿਨਾਂ ਬਾਅਦ ਹੋਣੀ ਹੈ। ਕਈ ਕਰਮਚਾਰੀ ਪਹਿਲੀ ਟ੍ਰੇਨਿੰਗ 'ਚ ਹਾਜ਼ਰੀ ਲਗਾਉਣ ਤੋਂ ਬਾਅਦ ਹੀ ਡਿਊਟੀ ਕੱਟਵਾਉਣ ਦੇ ਲਈ ਦਫ਼ਤਰਾਂ ਦੇ ਚੱਕਰ ਲਗਾਉਣ ਲੱਗ ਪਏ ਹਨ, ਕਿਉਂਕਿ ਦੂਜੀ ਟ੍ਰੇਨਿੰਗ ਹੋ ਜਾਣ ਤੋਂ ਬਾਅਦ ਡਿਊਟੀ ਕਰਨੀ ਲਾਜ਼ਮੀ ਹੋ ਜਾਂਦੀ ਹੈ। ਤੀਜੀ ਟ੍ਰੇਨਿੰਗ ਵਿਚ ਸਟਾਫ਼ ਨੂੰ ਚੋਣ ਸਮੱਗਰੀ ਦੇ ਨਾਲ ਪੋਲਿੰਗ ਬੂਥਾਂ 'ਤੇ ਭੇਜਿਆ ਜਾਂਦਾ ਹੈ। ਇਸ ਤੋਂ ਇਲਾਵਾ ਜਿੱਥੇ ਪ੍ਰਸ਼ਾਸਨ ਇਸ ਵੇਲੇ ਗਰਭਵਤੀ ਔਰਤਾਂ ਜਾਂ ਡੇਢ ਸਾਲ ਤੋਂ ਘੱਟ ਉਮਰ ਦੇ ਬੱਚੇ ਵਾਲੀਆਂ ਔਰਤਾਂ ਨੂੰ ਡਿਊਟੀ ਤੋਂ ਛੋਟ ਦੇ ਰਿਹਾ ਹੈ, ਉੱਥੇ ਹੀ 40 ਫੀਸਦੀ ਤੋਂ ਵੱਧ ਉਮਰ ਦੇ ਅਪਾਹਜਤਾ ਵਾਲੇ ਕਰਮਚਾਰੀਆਂ ਨੂੰ ਵੀ ਡਿਊਟੀ ਤੋਂ ਛੋਟ ਦਿੱਤੀ ਗਈ ਹੈ। ਜ਼ਿਲ੍ਹੇ ਵਿਚ ਚੋਣਾਂ ਲਈ 826 ਪੋਲਿੰਗ ਬੂਥ ਬਣਾਏ ਗਏ ਹਨ, ਜਿੱਥੇ ਲਗਭਗ 6 ਹਜ਼ਾਰ ਦੇ ਕਰੀਬ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ। ਇਨ੍ਹਾਂ ਵਿਚ ਸਰਕਾਰੀ ਕਰਮਚਾਰੀਆਂ ਦੇ ਨਾਲ ਅਧਿਆਪਕ ਵੀ ਸ਼ਾਮਲ ਹਨ। ਡਿਊਟੀ ਤੋਂ ਬਚਣ ਵਾਲਿਆਂ ਵਿਚ ਸਭ ਤੋਂ ਵੱਧ ਗਿਣਤੀ ਅਧਿਆਪਕਾਂ ਦੀ ਹੈ। ਕਈ ਸਟਾਫ਼ ਮੈਂਬਰਾਂ ਨੇ ਕਿਹਾ ਕਿ ਪੋਲਿੰਗ ਬੂਥਾਂ 'ਤੇ ਕਈ ਵਾਰ ਲੜਾਈ ਝਗੜੇ ਹੋ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਡਰ ਲੱਗਦਾ ਹੈ। ਇਸ ਸਮੇਂ, ਰਾਜਨੀਤਿਕ ਪਾਰਟੀਆਂ ਦੇ ਨਾਲ-ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਚੋਣਾਂ ਕਰਵਾਉਣ ਦੀਆਂ ਤਿਆਰੀਆਂ ਕਰ ਲਈਆਂ ਹਨ। ਇਸ ਲਈ ਜ਼ਿਲ੍ਹੇ ਵਿਚ ਟੀਮਾਂ ਬਣਾਉਣ ਤੋਂ ਇਲਾਵਾ ਪੋਲਿੰਗ ਬੂਥਾਂ 'ਤੇ ਡਿਊਟੀ 'ਤੇ ਤਾਇਨਾਤ ਸਟਾਫ਼ ਦੀ ਸੂਚੀ ਵੀ ਤਿਆਰ ਕੀਤੀ ਜਾ ਰਹੀ ਹੈ। ਇਸ ਕਾਰਨ ਸਟਾਫ਼ ਨੇ ਚੋਣਾਂ ਵਿਚ ਆਪਣੀ ਡਿਊਟੀ ਕੱਟਣ ਲਈ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਲਈ ਪ੍ਰਭਾਵਸ਼ਾਲੀ ਸਿਆਸੀ ਆਗੂਆਂ ਤੋਂ ਵੀ ਸਿਫਾਰਸ਼ਾਂ ਲਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਦੀ ਵੀ ਚੋਣ ਡਿਊਟੀ ਨਹੀਂ ਕੱਟੀ ਜਾਵੇਗੀ। ਜੇਕਰ ਕਿਸੇ ਕੋਲ ਕੋਈ ਜਾਇਜ਼ ਕਾਰਨ ਹੈ, ਤਾਂ ਹੀ ਇਸ 'ਤੇ ਵਿਚਾਰ ਕੀਤਾ ਜਾਵੇਗਾ। ਮੈਡੀਕਲ ਦੇ ਆਧਾਰ 'ਤੇ, ਸਿਰਫ਼ ਉਸ ਵਿਅਕਤੀ ਦੀ ਡਿਊਟੀ ਕੱਟੀ ਜਾਵੇਗੀ ਜੋ ਲਿਖਤੀ ਮੈਡੀਕਲ ਰਿਪੋਰਟ ’ਤੇ ਲੈ ਕੇ ਆਵੇਗਾ। ਬਿਨਾਂ ਕਿਸੇ ਠੋਸ ਕਾਰਨ ਦੇ ਕਿਸੇ ਦੀ ਡਿਊਟੀ ਨਹੀਂ ਕੱਟੀ ਜਾਵੇਗੀ ਅਤੇ ਗੈਰਹਾਜ਼ਰੀ ਲਈ ਵਿਭਾਗੀ ਕਾਰਵਾਈ ਕੀਤੀ ਜਾਵੇਗੀ।