ਅੰਗਰੇਜ਼ਾਂ ਨੇ ਬਠਿੰਡਾ ਸ਼ਹਿਰ ਵਿਚ 1899 ਵਿਚ ਕੇਂਦਰੀ ਦਫ਼ਤਰ ਤਿਆਰ ਕੀਤਾ ਸੀ। ਇਸ ਦਫ਼ਤਰ ਦੀ ਇਮਾਰਤ ਉੱਪਰ ਇਸ ਦੇ ਨਿਰਮਾਣ ਦਾ ਸਾਲ 1899 ਉਕਰਿਆ ਹੋਇਆ ਹੈ। ਮੌਜੂਦਾ ਸਮੇਂ ਇਸ ਇਮਾਰਤ ਵਿਚ ਸਰਕਾਰੀ ਕੁਆਰਟਰ ਕੱਟੇ ਗਏ ਹਨ ਜਿਸ ਵਿਚ ਰੇਲਵੇ ਮੁਲਾਜ਼ਮਾਂ ਦੇ ਪਰਿਵਾਰ ਰਹਿੰਦੇ ਹਨ।

ਗੁਰਤੇਜ ਸਿੰਘ ਸਿੱਧੂ, ਬਠਿੰਡਾ : ਅੰਗਰੇਜ਼ਾਂ ਵੱਲੋਂ ਸਾਲ 1899 ਵਿਚ ਉਸਾਰੀਆਂ ਇਮਾਰਤਾਂ ਅੱਜ ਵੀ ਉਵੇਂ ਹੀ ਖੜ੍ਹੀਆਂ ਹਨ। ਬਠਿੰਡਾ ਦਾ ਰੇਲਵੇ ਸਟੇਸ਼ਨ ਪੂਰੇ ਭਾਰਤ ਵਿਚ ਸਭ ਤੋਂ ਵੱਡਾ ਰੇਲਵੇ ਜੰਕਸ਼ਨ ਹੈ। ਇੱਥੋਂ ਛੇ ਰੇਲਵੇ ਲਾਈਨਾਂ ਵੱਖ-ਵੱਖ ਸ਼ਹਿਰਾਂ ਲਈ ਜਾਂਦੀਆਂ ਹਨ। ਇਹ ਰੇਲਵੇ ਸਟੇਸ਼ਨ ਅੰਗਰੇਜ਼ਾਂ ਨੇ ਸਥਾਪਤ ਕੀਤਾ ਸੀ ਜੋ ਅੱਜ ਵੀ ਉਨ੍ਹਾਂ ਵੱਲੋਂ ਤਿਆਰ ਕੀਤੀਆਂ ਗਈਆਂ ਇਮਾਰਤਾਂ ਵਿਚ ਚੱਲ ਰਿਹਾ ਹੈ। ਹਾਲਾਂਕਿ ਬਠਿੰਡਾ ਦੇ ਮੁੱਖ ਰੇਲਵੇ ਸਟੇਸ਼ਨ ਨੂੰ ਅਪਗੇ੍ਰਡ ਕੀਤਾ ਗਿਆ ਹੈ ਪਰ ਇੱਥੇ ਬਣੇ ਅੰਗਰੇਜ਼ਾਂ ਦੇ ਜ਼ਮਾਨੇ ਦੇ ਦਫ਼ਤਰ ਅੱਜ ਵੀ ਮੌਜੂਦ ਹਨ।
ਅੰਗਰੇਜ਼ਾਂ ਨੇ ਬਠਿੰਡਾ ਸ਼ਹਿਰ ਵਿਚ 1899 ਵਿਚ ਕੇਂਦਰੀ ਦਫ਼ਤਰ ਤਿਆਰ ਕੀਤਾ ਸੀ। ਇਸ ਦਫ਼ਤਰ ਦੀ ਇਮਾਰਤ ਉੱਪਰ ਇਸ ਦੇ ਨਿਰਮਾਣ ਦਾ ਸਾਲ 1899 ਉਕਰਿਆ ਹੋਇਆ ਹੈ। ਮੌਜੂਦਾ ਸਮੇਂ ਇਸ ਇਮਾਰਤ ਵਿਚ ਸਰਕਾਰੀ ਕੁਆਰਟਰ ਕੱਟੇ ਗਏ ਹਨ ਜਿਸ ਵਿਚ ਰੇਲਵੇ ਮੁਲਾਜ਼ਮਾਂ ਦੇ ਪਰਿਵਾਰ ਰਹਿੰਦੇ ਹਨ। ਇਸ ਤੋਂ ਇਲਾਵਾ ਰੇਲਵੇ ਖੇਤਰ ਵਿਚ ਰੇਲਵੇ ਦਫ਼ਤਰਾਂ ਅਤੇ ਕੁਆਰਟਰਾਂ ਦੇ ਵਿਚਕਾਰ ਇਕ ਠੰਢੀ ਸੜਕ ਵੀ ਹੈ, ਜਿਸ ਨੂੰ ਅੰਗਰੇਜ਼ਾਂ ਨੇ ਉਸ ਸਮੇਂ ਇਹ ਨਾਮ ਇਸ ਲਈ ਦਿੱਤਾ ਸੀ ਕਿਉਂਕਿ ਇੱਥੇ ਬਹੁਤ ਸਾਰੇ ਦਰੱਖਤ ਸਨ। ਇੱਥੋਂ ਤਕ ਕਿ ਰੇਲਵੇ ਦੇ ਇਲਾਕੇ ਵਿਚ ਅੰਗਰੇਜ਼ਾਂ ਦੇ ਸਮੇਂ ਦਾ ਬਣਿਆ ਚਰਚ ਅੱਜ ਵੀ ਮੌਜੂਦ ਹੈ। ਇਸ ਦੇ ਨਾਲ ਹੀ ਇੱਥੇ ਅੰਗਰੇਜ਼ਾਂ ਦੇ ਦੌਰ ਦਾ ਇਕ ਨਾਚ ਘਰ ਵੀ ਬਣਿਆ ਹੋਇਆ ਹੈ ਜਿਸ ਵਿਚ ਅੱਜ ਵੀ ਵੱਖ-ਵੱਖ ਪ੍ਰੋਗਰਾਮ ਹੁੰਦੇ ਹਨ।
ਰੇਲਵੇ ਦੇ ਸੇਵਾਮੁਕਤ ਮੁਲਾਜ਼ਮ ਵਿਜੇ ਕੁਮਾਰ ਦਾ ਕਹਿਣਾ ਹੈ ਕਿ ਅੰਗਰੇਜ਼ਾਂ ਦੇ ਸਮੇਂ ਵਿਚ ਬਠਿੰਡਾ ਸੈਂਟਰਲ ਸਟੇਸ਼ਨ ਸੀ ਜਿਸ ਕਾਰਨ ਇੱਥੇ ਛੇ ਵੱਖ-ਵੱਖ ਸ਼ਹਿਰਾਂ ਨੂੰ ਜਾਣ ਵਾਲੀਆਂ ਰੇਲਵੇ ਲਾਈਨਾਂ ਬਣਾਈਆਂ ਗਈਆਂ ਸਨ। ਸ਼ੁਰੂ ਵਿਚ ਇੱਥੇ ਕੋਲੇ ਦੀਆਂ ਗੱਡੀਆਂ ਚੱਲਦੀਆਂ ਸਨ ਜਿਨ੍ਹਾਂ ਦੀ ਥਾਂ ਹੁਣ ਇਲੈਕਟ੍ਰਿਕ ਟਰੇਨਾਂ ਨੇ ਲੈ ਲਈ ਹੈ। ਭਾਰਤ ਦਾ ਸਭ ਤੋਂ ਵੱਡਾ ਜੰਕਸ਼ਨ ਹੋਣ ਕਾਰਨ ਇਸ ਨੂੰ ਅੱਜ ਤਕ ਬੰਦ ਨਹੀਂ ਕੀਤਾ ਗਿਆ। ਇਸ ਦੇ ਬਾਹਰ ਹਲਵਾਈ ਦੀਆਂ ਬਹੁਤ ਸਾਰੀਆਂ ਦੁਕਾਨਾਂ ਅਤੇ ਰੈਸਟੋਰੈਂਟ ਹਨ। ਬਠਿੰਡਾ ਸਟੇਸ਼ਨ ’ਤੇ ਹੁਣ ਲਿਫਟ ਦੇ ਨਾਲ-ਨਾਲ ਯਾਤਰੀਆਂ ਦੇ ਚੜ੍ਹਨ ਅਤੇ ਉੱਤਰਨ ਲਈ ਐਕਸੀਲੇਟਰ ਵੀ ਲਗਾਏ ਗਏ ਹਨ। ਇੱਥੇ ਕੁੱਲ ਸੱਤ ਪਲੇਟਫਾਰਮ ਹਨ। ਇਸ ਤੋਂ ਇਲਾਵਾ ਬਠਿੰਡਾ ਰੇਲਵੇ ਸਟੇਸ਼ਨ ’ਤੇ ਦੋ ਡਬਲ ਬੈੱਡਾਂ ਵਾਲਾ ਨਾਨ-ਏਸੀ ਰਿਟਾਇਰਿੰਗ ਰੂਮ ਉਪਲੱਬਧ ਹੈ। ਬਠਿੰਡਾ ਰੇਲਵੇ ਸਟੇਸ਼ਨ ’ਤੇ ਹੋਰ ਸਹੂਲਤਾਂ ਵਿਚ ਉੱਚ ਅਤੇ ਦੂਜੀ ਸ਼ੇ੍ਰਣੀ ਲਈ ਵੇਟਿੰਗ ਰੂਮ, ਪੁਰਸ਼ਾਂ ਅਤੇ ਔਰਤਾਂ ਲਈ ਵੱਖ-ਵੱਖ ਨਹਾਉਣ ਦੀ ਸੁਵਿਧਾ, ਰਿਫਰੈਸ਼ਮੈਂਟ ਰੂਮ, ਕਲੌਕ ਰੂਮ, ਕਿਤਾਬਾਂ ਅਤੇ ਜ਼ਰੂਰੀ ਵਸਤਾਂ ਦੇ ਸਟਾਲ, ਜਨਤਕ ਫੋਨ ਅਤੇ ਇੰਟਰਨੈੱਟ ਸਹੂਲਤਾਂ, ਵਾਟਰ ਕੂਲਰ ਅਤੇ ਪੇਅ ਅਤੇ ਟਾਇਲਟ ਸ਼ਾਮਲ ਹਨ। ਪਲੇਟਫਾਰਮ ਦੇ ਬਾਹਰ ਪਾਰਕਿੰਗ ਦੀ ਸਹੂਲਤ ਵੀ ਉਪਲੱਬਧ ਹੈ। ਬਠਿੰਡਾ ਰੇਲਵੇ ਸਟੇਸ਼ਨ ਤੋਂ ਰੋਜ਼ਾਨਾ ਲੱਖਾਂ ਯਾਤਰੀ ਸਫਰ ਕਰਦੇ ਹਨ। ਰੇਲਵੇ ਦੀਆਂ ਜ਼ਿਆਦਾ ਇਮਾਰਤਾਂ ਅੰਗਰੇਜ਼ ਸਰਕਾਰ ਸਮੇਂ ਦੀਆਂ ਬਣੀਆਂ ਹੋਈਆਂ ਹਨ।