ਰਾਮਪੁਰਾ ਫੂਲ ਤੋਂ ਆਏ ਨੌਜਵਾਨ ਮੋਹਿਤ ਨੇ ਦੱਸਿਆ ਕਿ ਉਹ ਪਿੰਡ ਨਰੂਆਣਾ ਵਿਚ ਡਰਾਈਵਿੰਗ ਟੈਸਟ ਟਰੈਕ ’ਤੇ ਬੱਸ ਰਾਹੀਂ ਮੁਸ਼ਕਿਲ ਨਾਲ ਪਹੁੰਚਿਆ ਹੈ, ਪਰ ਹੁਣ ਉਸਦਾ ਟੈਸਟ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਉਸਨੂੰ ਦੁਬਾਰਾ ਆਉਣਾ ਪਵੇਗਾ। ਇਸੇ ਤਰ੍ਹਾਂ ਰਾਕੇਸ਼ ਕੁਮਾਰ ਨੇ ਦੱਸਿਆ ਕਿ ਅੱਜ ਉਸਦੇ ਡਰਾਈਵਿੰਗ ਟੈਸਟ ਦੀ ਆਖਰੀ ਮਿਤੀ ਹੈ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਟਰਾਂਸਪੋਰਟ ਵਿਭਾਗ ਨੇ ਡਰਾਈਵਿੰਗ ਲਾਇਸੈਂਸ ਪ੍ਰੀਕ੍ਰਿਆ ਨੂੰ ਬਿਹਤਰ ਬਣਾਉਣ ਅਤੇ ਪਾਰਦਰਸ਼ਤਾ ਲਿਆਉਣ ਲਈ ਜ਼ਿਆਦਾਤਰ ਸੇਵਾਵਾਂ ਆਨਲਾਈਨ ਕੀਤੀਆਂ ਹਨ, ਪਰ ਕਈ ਵਾਰ ਸਿਸਟਮ ਵਿਚ ਤਕਨੀਕੀ ਖਰਾਬੀ ਆ ਜਾਣ ਨਾਲ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ੁੱਕਰਵਾਰ ਨੂੰ ਵੀ ਆਰਟੀਓ ਦਫ਼ਤਰ ਦੀ ਵੈਬਸਾਈਟ ਬੰਦ ਹੋਣ ਕਾਰਨ ਆਪਣੇ ਕੰਮ ਧੰਦਿਆਂ ਲਈ ਆਏ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਵਿਭਾਗ ਦੀ ਵੈੱਬਸਾਈਟ ਬੰਦ ਹੋਣ ਕਾਰਨ ਸੈਂਕੜੇ ਲੋਕ ਸ਼ਡਿਊਲ ਸਲਾਟ ਹੋਣ ਦੇ ਬਾਵਜੂਦ ਆਪਣੇ ਡਰਾਈਵਿੰਗ ਟੈਸਟ ਨਹੀਂ ਦੇ ਸਕੇ। ਇਸ ਨਾਲ ਨਾ ਸਿਰਫ਼ ਬਿਨੈਕਾਰਾਂ ਦਾ ਸਮਾਂ ਹੀ ਬਰਬਾਦ ਨਹੀਂ ਹੋਇਆ, ਸਗੋੰ ਵਿਭਾਗ ਦੇ ਕਈ ਮਹੱਤਵਪੂਰਨ ਕੰਮਾਂ ਵਿੱਚ ਵੀ ਰੁਕਾਵਟ ਆਈ। ਸੂਤਰਾਂ ਅਨੁਸਾਰ ਟਰਾਂਸਪੋਰਟ ਵਿਭਾਗ ਦੀ ਵੈੱਬਸਾਈਟ ਅੱਜ ਹੀ ਬੰਦ ਨਹੀਂ ਹੋਈ , ਸਗੋਂ ਪਿਛਲੇ ਦੋ ਤਿੰਨ ਦਿਨਾਂ ਤੋਂ ਬੰਦ ਹੋ ਰਹੀ ਹੈ। ਸਿਰਫ਼ ਇਹ ਨਹੀਂ ਹੈ ਕਿ ਸਿਸਟਮ ਕੰਮ ਨਹੀਂ ਕਰ ਰਿਹਾ ਹੈ, ਸਗੋਂ ਇਕ ਫਾਈਲ ਨੂੰ ਪ੍ਰੋਸੈੱਸ ਕਰਨ ਵਿੱਚ ਵੀ ਘੰਟੇ ਲੱਗ ਰਹੇ ਹਨ। ਪਰ ਸ਼ੁੱਕਰਵਾਰ ਨੂੰ ਡਰਾਈਵਿੰਗ ਲਾਇਸੈਂਸ ਟੈਸਟਾਂ ਦਾ ਪ੍ਰਬੰਧਨ ਕਰਨ ਲਈ ਵਰਤਿਆ ਜਾਣ ਵਾਲਾ ਸਾਫਟਵੇਅਰ ਡਾਊਨ ਹੋ ਗਿਆ, ਜਿਸ ਕਾਰਨ ਦਿਨ ਭਰ ਕੋਈ ਵੀ ਡਰਾਈਵਿੰਗ ਟੈਸਟ ਨਹੀਂ ਹੋ ਸਕਿਆ। ਦੁਪਹਿਰ 12 ਵਜੇ ਦੇ ਕਰੀਬ ਵਿਭਾਗੀ ਸਰਵਰ ਨੇ ਅਚਾਨਕ ਕੰਮ ਕਰਨਾ ਬੰਦ ਕਰ ਦਿੱਤਾ, ਜਿਸ ਨਾਲ ਡਰਾਈਵਿੰਗ ਟੈਸਟ, ਲਰਨਿੰਗ ਲਾਇਸੈਂਸ ਟੈਸਟ ਅਤੇ ਸਲਾਟ ਬੁਕਿੰਗ ਸਮੇਤ ਸਾਰੀਆਂ ਆਨਲਾਈਨ ਸੇਵਾਵਾਂ ਬੰਦ ਹੋ ਗਈਆਂ। ਤਕਨੀਕੀ ਟੀਮ ਨੇ ਸਮੱਸਿਆ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਰਵਰ ਦੇਰ ਦੁਪਹਿਰ ਤਕ ਠੀਕ ਨਹੀਂ ਹੋ ਸਕਿਆ। ਨਤੀਜੇ ਵਜੋਂ ਲੋਕਾਂ ਨੂੰ ਸ਼ਹਿਰ ਤੋਂ ਅੱਠ ਕਿਲੋਮੀਟਰ ਦੂਰ ਨਰੂਆਣਾ ਪਿੰਡ ਦੇ ਡਰਾਈਵਿੰਗ ਟੈਸਟ ਟਰੈਕ 'ਤੇ ਘੰਟਿਆਂਬੱਧੀ ਇੰਤਜ਼ਾਰ ਕਰਨ ਲਈ ਮਜਬੂਰ ਹੋਣਾ ਪਿਆ, ਪਰ ਸਰਵਰ ਦੇ ਨਾਂ ਚੱਲਣ ਕਾਰਨ ਬਿਨਾਂ ਟੈਸਟ ਦਿੱਤੇ ਹੀ ਨਿਰਾਸ਼ ਵਾਪਸ ਪਰਤਣਾ ਪਿਆ। ਲਾਇਸੈਂਸ ਟੈਸਟ ਦੇਣ ਆਏ ਬਹੁਤ ਸਾਰੇ ਨੌਜਵਾਨਾਂ ਨੇ ਕਿਹਾ ਕਿ ਉਹ ਕਈ ਦਿਨਾਂ ਤੋਂ ਉਡੀਕ ਕਰ ਰਹੇ ਸਨ। ਕੁਝ ਨੂੰ ਨੌਕਰੀ ਲੈਣ ਖਾਤਰ ਡਰਾਈਵਿੰਗ ਲਾਇਸੈਂਸ ਦੀ ਲੋੜ ਸੀ, ਜਦੋਂ ਕਿ ਕੁਝ ਨਿਯਮਾਂ ਦੀ ਪਾਲਣਾ ਲਈ ਆਪਣਾ ਦੋਪਹੀਆ ਜਾਂ ਚਾਰ ਪਹੀਆ ਵਾਹਨ ਚਲਾਉਣ ਲਈ ਲਾਇਸੈਂਸ ਪ੍ਰਾਪਤ ਕਰਨਾ ਚਾਹੁੰਦੇ ਸਨ, ਪਰ ਸਾਈਟ ਬੰਦ ਹੋਣ ਨਾਲ ਸਾਰੇ ਕੰਮ ਅਧਵਿਚਕਾਰ ਲਟਕ ਗਏ। ਆਪਣੇ ਕੰਮ ਧੰਦਿਆਂ ਲਈ ਆਏ ਲੋਕਾਂ ਨੇ ਵਿਭਾਗ ਨੂੰ ਅਜਿਹੀਆਂ ਸਮੱਸਿਆਵਾਂ ਨੂੰ ਦੁਬਾਰਾ ਹੋਣ ਤੋਂ ਰੋਕਣ ਲਈ ਤਕਨੀਕੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ।
ਰਾਮਪੁਰਾ ਫੂਲ ਤੋਂ ਆਏ ਨੌਜਵਾਨ ਮੋਹਿਤ ਨੇ ਦੱਸਿਆ ਕਿ ਉਹ ਪਿੰਡ ਨਰੂਆਣਾ ਵਿਚ ਡਰਾਈਵਿੰਗ ਟੈਸਟ ਟਰੈਕ ’ਤੇ ਬੱਸ ਰਾਹੀਂ ਮੁਸ਼ਕਿਲ ਨਾਲ ਪਹੁੰਚਿਆ ਹੈ, ਪਰ ਹੁਣ ਉਸਦਾ ਟੈਸਟ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਉਸਨੂੰ ਦੁਬਾਰਾ ਆਉਣਾ ਪਵੇਗਾ।
ਇਸੇ ਤਰ੍ਹਾਂ ਰਾਕੇਸ਼ ਕੁਮਾਰ ਨੇ ਦੱਸਿਆ ਕਿ ਅੱਜ ਉਸਦੇ ਡਰਾਈਵਿੰਗ ਟੈਸਟ ਦੀ ਆਖਰੀ ਮਿਤੀ ਹੈ। ਜੇਕਰ ਅੱਜ ਉਸਦਾ ਟੈਸਟ ਨਹੀਂ ਹੁੰਦਾਂ ਤਾਂ ਉਸਨੂੰ ਦੁਬਾਰਾ ਪੂਰੀ ਪ੍ਰੀਕ੍ਰਿਆ ਵਿੱਚੋਂ ਲੰਘਣਾ ਪਵੇਗਾ। ਉਸਨੇ ਵਿਭਾਗ ਦੇ ਤੈਨਾਤ ਸਟਾਫ ਨਾਲ ਵੀ ਗੱਲਬਾਤ ਕੀਤੀ ਹੈ, ਪਰ ਕੋਈ ਹੱਲ ਨਹੀਂ ਨਿਕਲਿਆ। ਇਸ ਦੌਰਾਨ ਆਰਟੀਓ ਦਫ਼ਤਰ ਦੇ ਇਕ ਕਰਮਚਾਰੀ ਦਾ ਕਹਿਣਾ ਸੀ ਕਿ ਸਰਵਰ ਡਾਊਨ ਹੋਣ ਅਤੇ ਤਕਨੀਕੀ ਖਰਾਬੀ ਕਾਰਨ ਅਜਿਹਾ ਹੋਇਆ ਹੈ। ਉਸ ਅਨੁਸਾਰ ਵਿਭਾਗ ਦੀਆਂ ਜਿਆਦਾਤਰ ਸੇਵਾਵਾਂ ਆਨਲਾਈਨ ਕਰਨ ਨਾਲ ਸਿਸਟਮ 'ਤੇ ਭਾਰ ਵਧ ਗਿਆ ਹੈ, ਜਿਸ ਕਾਰਨ ਅਪਗ੍ਰੇਡ ਦੀ ਜ਼ਰੂਰਤ ਪਈ ਹੈ। ਹਾਲਾਂਕਿ ਉਹ ਇਹ ਨਹੀਂ ਦੱਸ ਸਕਿਆ ਕਿ ਪ੍ਰਭਾਵਿਤ ਬਿਨੈਕਾਰਾਂ ਦੇ ਟੈਸਟ ਕਦੋਂ ਮੁੜ ਤਹਿ ਕੀਤੇ ਜਾਣਗੇ। ਉਸਨੇ ਲੋਕਾਂ ਨੂੰ ਸਿਰਫ਼ ਇਹ ਭਰੋਸਾ ਦਿੱਤਾ ਕਿ ਸਾਰਿਆਂ ਲਈ ਨਵੇਂ ਸਲਾਟ ਉਪਲਬਧ ਕਰਵਾਏ ਜਾਣਗੇ ਅਤੇ ਕੋਈ ਵਾਧੂ ਫੀਸ ਨਹੀਂ ਲਈ ਜਾਵੇਗੀ।
-ਲੋਕਾਂ ਨੂੰ ਦਿਨ ਭਰ ਕਰਨਾ ਪਿਆ ਮੁਸ਼ਕਲ ਦਾ ਸਾਹਮਣਾ
ਸ਼ੁੱਕਰਵਾਰ ਨੂੰ ਲੋਕ ਡਰਾਈਵਿੰਗ ਲਾਇਸੈਂਸ ਅਤੇ ਹੋਰ ਸੇਵਾਵਾਂ ਪ੍ਰਾਪਤ ਕਰਨ ਲਈ ਆਰਟੀਓ ਦਫ਼ਤਰ ਵਿਚ ਇਕੱਠੇ ਹੋਏ, ਪਰ ਉਨ੍ਹਾਂ ਨੂੰ ਕਾਫ਼ੀ ਅਸੁਵਿਧਾ ਦਾ ਸਾਹਮਣਾ ਕਰਨਾ ਪਿਆ। ਭੀੜ ਤੋਂ ਬਚਣ ਅਤੇ ਆਪਣਾ ਕੰਮ ਸਮੇਂ ਸਿਰ ਕਰਵਾਉਣ ਲਈ ਲੋਕਾਂ ਨੇ ਸਵੇਰੇ 10 ਵਜੇ ਤੋਂ ਪਹਿਲਾਂ ਦਫ਼ਤਰ ਪਹੁੰਚਣਾ ਸ਼ੁਰੂ ਕਰ ਦਿੱਤਾ। ਜਿਵੇਂ ਹੀ ਦਫ਼ਤਰ ਦਾ ਸਟਾਫ਼ ਪਹੁੰਚਿਆ, ਲੋਕਾਂ ਨੂੰ ਭਰੋਸਾ ਦਿੱਤਾ ਗਿਆ ਕਿ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ। ਬਹੁਤ ਸਾਰੇ ਲੋਕਾਂ ਨੂੰ ਆਪਣੇ ਦਸਤਾਵੇਜ਼ ਜਮ੍ਹਾਂ ਕਰਾਉਣ ਤੋਂ ਬਾਅਦ ਪਤਾ ਲੱਗਾ ਕਿ ਆਨਲਾਈਨ ਸਾਈਟ ਠੀਕ ਕੰਮ ਨਹੀਂ ਕਰ ਰਹੀ ਹੈ। ਇਹ ਜਾਣਕਾਰੀ ਮਿਲਣ 'ਤੇ ਪੂਰੇ ਦਫ਼ਤਰ ਵਿਚ ਬੈਠੇ ਲੋਕਾਂ ਨਿਰਾਸ਼ਾ ਫੈਲ ਗਈ ਹੈ। ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਬਿਨੈਕਾਰਾਂ ਦੀ ਗਿਣਤੀ ਵਧਦੀ ਗਈ, ਉਮੀਦ ਸੀ ਕਿ ਸਾਈਟ ਚੱਲ ਪਵੇਗੀ, ਪਰ ਸਿਸਟਮ ਵਿਚ ਆਈ ਖਰਾਬੀ ਠੀਕ ਨਹੀਂ ਹੋ ਸਕੀ। ਬਹੁਤ ਸਾਰੇ ਬਿਨੈਕਾਰ ਸਵੇਰ ਤੋਂ ਦੁਪਹਿਰ ਤਕ ਸਾਈਟ ਚੱਲਣ ਦਾ ਇੰਤਜ਼ਾਰ ਕਰਦੇ ਰਹੇ। ਦੁਪਹਿਰ ਸਮੇਂ ਇਹ ਪੁਸ਼ਟੀ ਹੋਈ ਕਿ ਆਨ ਲਾਈਨ ਸਿਸਟਮ ’ਚ ਆਈ ਖਰਾਬੀ ਠੀਕ ਨਹੀਂ ਹੋਈ ਤੇ ਸ਼ੁੱਕਰਵਾਰ ਨੂੰ ਡਰਾਈਵਿੰਗਵ ਲਾਇਸੈਂਸ ਦੇ ਟੈਸਟ ਨਹੀਂ ਹੋ ਸਕਣਗੇ ਤਾਂ ਲੋਕਾਂ ਨਿਰਾਸ਼ ਵਾਪਿਸ ਪਰਤਣ ਲਈ ਮਜ਼ਬੂਰ ਹੋਣਾ ਪਿਆ। ਕੁਝ ਲੋਕਾਂ ਨੇ ਆਪਣੀ ਨਾਰਾਜ਼ਗੀ ਪ੍ਰਗਟਾਉਂਦਿਆਂ ਕਿਹਾ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਚੱਕਰ ਲਗਾ ਰਹੇ ਸਨ, ਪਰ ਉਨ੍ਹਾਂ ਨੂੰ ਹਮੇਸ਼ਾ ਕਿਹਾ ਜਾਂਦਾ ਹੈ ਕਿ ਸਾਈਟ ਬੰਦ ਹੈ।