ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਅਤੇ ਗੁੱਸੇ ਦਾ ਮਾਹੌਲ ਹੈ। ਵੀਰਵਾਰ ਸਵੇਰੇ ਪ੍ਰਤਾਪ ਨਗਰ ਦੇ ਸਮੂਹ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਪੁਲਿਸ ਪ੍ਰਸ਼ਾਸਨ ਅਤੇ ਮੌਜੂਦਾ ਸਰਕਾਰ ਖ਼ਿਲਾਫ਼ ਰੋਸ ਧਰਨਾ ਦਿੱਤਾ। ਵਪਾਰੀਆਂ ਨੇ ਆਪਣੀਆਂ ਦੁਕਾਨਾਂ 'ਤੇ ‘ਦੁਕਾਨ ਵਿਕਾਊ ਹੈ’ ਦੇ ਪੋਸਟਰ ਲਗਾ ਕੇ ਆਪਣਾ ਵਿਰੋਧ ਦਰਜ ਕਰਵਾਇਆ।
ਨਿਤਿਨ ਸਿੰਗਲਾ, ਬਠਿੰਡਾ: ਬਠਿੰਡਾ ਦੇ ਪ੍ਰਤਾਪ ਨਗਰ ਇਲਾਕੇ ਵਿੱਚ ਬੁੱਧਵਾਰ ਦੇਰ ਰਾਤ 15 ਤੋਂ 20 ਚੋਰਾਂ ਦੇ ਇੱਕ ਸੰਗਠਿਤ ਗਿਰੋਹ ਨੇ ਭਾਰੀ ਤਾਂਡਵ ਮਚਾਇਆ। ਇਸ ਗਿਰੋਹ ਨੇ ਇੱਕ ਤੋਂ ਬਾਅਦ ਇੱਕ ਕਈ ਦੁਕਾਨਾਂ ਦੇ ਤਾਲੇ ਤੋੜ ਦਿੱਤੇ ਅਤੇ ਕੀਮਤੀ ਸਾਮਾਨ ਲੈ ਕੇ ਫ਼ਰਾਰ ਹੋ ਗਏ। ਵਾਰਦਾਤ ਦੌਰਾਨ ਚੋਰ ਇੱਕ ਜਵੈਲਰ ਦੀ ਦੁਕਾਨ ਤੋਂ ਕਰੀਬ 8 ਕਿਲੋ ਚਾਂਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਲੈ ਗਏ, ਜਦਕਿ ਇੱਕ ਹੋਰ ਜਵੈਲਰ ਦੀ ਦੁਕਾਨ ਦਾ ਤਾਲਾ ਤੋੜਨ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ।
ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਅਤੇ ਗੁੱਸੇ ਦਾ ਮਾਹੌਲ ਹੈ। ਵੀਰਵਾਰ ਸਵੇਰੇ ਪ੍ਰਤਾਪ ਨਗਰ ਦੇ ਸਮੂਹ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਪੁਲਿਸ ਪ੍ਰਸ਼ਾਸਨ ਅਤੇ ਮੌਜੂਦਾ ਸਰਕਾਰ ਖ਼ਿਲਾਫ਼ ਰੋਸ ਧਰਨਾ ਦਿੱਤਾ। ਵਪਾਰੀਆਂ ਨੇ ਆਪਣੀਆਂ ਦੁਕਾਨਾਂ 'ਤੇ ‘ਦੁਕਾਨ ਵਿਕਾਊ ਹੈ’ ਦੇ ਪੋਸਟਰ ਲਗਾ ਕੇ ਆਪਣਾ ਵਿਰੋਧ ਦਰਜ ਕਰਵਾਇਆ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਉਨ੍ਹਾਂ ਨੂੰ ਸੁਰੱਖਿਆ ਨਹੀਂ ਦੇ ਸਕਦਾ, ਤਾਂ ਉਹ ਇੱਥੇ ਕਾਰੋਬਾਰ ਕਰਨ ਲਈ ਮਜ਼ਬੂਰ ਨਹੀਂ ਹਨ।
ਦੁਕਾਨਦਾਰਾਂ ਦੇ ਅਨੁਸਾਰ, ਬੁੱਧਵਾਰ ਦੇਰ ਰਾਤ ਕਰੀਬ 2:00 ਤੋਂ 2:30 ਵਜੇ ਦੇ ਵਿਚਕਾਰ 15 ਤੋਂ 20 ਵਿਅਕਤੀ ਆਪਣੇ ਚਿਹਰੇ ਕੰਬਲਾਂ ਨਾਲ ਢਕ ਕੇ ਇਲਾਕੇ ਵਿੱਚ ਦਾਖਲ ਹੋਏ। ਉਨ੍ਹਾਂ ਨੇ ਪਹਿਲਾਂ ਤੋਂ ਰੇਕੀ ਕੀਤੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਅਤੇ ਲੋਹੇ ਦੀਆਂ ਰਾਡਾਂ ਨਾਲ ਤਾਲੇ ਤੋੜ ਦਿੱਤੇ। ਇਸ ਦੌਰਾਨ ਚੋਰਾਂ ਨੇ 'ਪਾਰਸ ਜਵੈਲਰਜ਼' ਦੇ ਪੰਜ ਤਾਲੇ ਤੋੜ ਕੇ ਪੂਰੀ ਦੁਕਾਨ ਹੀ ਖਾਲੀ ਕਰ ਦਿੱਤੀ। ਦੁਕਾਨ ਮਾਲਕ ਮੁਤਾਬਕ ਚੋਰ ਲੱਖਾਂ ਰੁਪਏ ਦੀ ਕੀਮਤ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰਕੇ ਲੈ ਗਏ ਹਨ। ਸਵੇਰੇ ਜਦੋਂ ਦੁਕਾਨਦਾਰ ਪਹੁੰਚੇ ਤਾਂ ਟੁੱਟੇ ਤਾਲੇ ਅਤੇ ਖਿਲਰਿਆ ਸਾਮਾਨ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ।
ਪੁਲਿਸ ਦੀ ਕਾਰਵਾਈ 'ਤੇ ਉੱਠੇ ਸਵਾਲ
ਦੁਕਾਨਦਾਰਾਂ ਨੇ ਗੰਭੀਰ ਦੋਸ਼ ਲਗਾਇਆ ਕਿ ਰਾਤ ਸਾਢੇ ਤਿੰਨ ਵਜੇ ਚੋਰੀ ਦਾ ਪਤਾ ਲੱਗਣ 'ਤੇ ਇਲਾਕੇ ਦੇ ਲੋਕ ਇਕੱਠੇ ਹੋ ਗਏ ਸਨ, ਪਰ ਪੁਲਿਸ ਨੂੰ ਸੂਚਨਾ ਦੇਣ ਦੇ ਬਾਵਜੂਦ ਟੀਮ ਕਰੀਬ ਡੇਢ ਘੰਟਾ ਦੇਰੀ ਨਾਲ ਪਹੁੰਚੀ।
ਵਪਾਰੀਆਂ ਦੀ ਚਿਤਾਵਨੀ
ਹਾਲਾਂਕਿ ਪੁਲਿਸ ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਧਰਨਾ ਖ਼ਤਮ ਕਰ ਦਿੱਤਾ ਗਿਆ ਹੈ, ਪਰ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹੁਣ ਸਿਰਫ਼ ਵਾਅਦੇ ਨਹੀਂ ਬਲਕਿ ਠੋਸ ਨਤੀਜੇ ਚਾਹੀਦੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਕਾਰਵਾਈ ਨਾ ਹੋਈ ਤਾਂ ਉਹ ਸੰਘਰਸ਼ ਤੇਜ਼ ਕਰਨਗੇ ਅਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦੇ ਦਫ਼ਤਰ (SSP ਦਫ਼ਤਰ) ਦੇ ਬਾਹਰ ਪ੍ਰਦਰਸ਼ਨ ਕਰਨਗੇ।