ਜੀਦਾ ਬਲਾਸਟ ਦੇ ਮਾਸਟਰਮਾਈਂਡ ਗੁਰਪ੍ਰੀਤ ਦੇ ਘਰ ਪਹੁੰਚੀ NIA, ਕੀ ਦਿੱਲੀ ਧਮਾਕੇ ਨਾਲ ਜੁੜਿਆ ਹੈ ਕੁਨੈਕਸ਼ਨ ?
Jeeda Blast Case : ਦੋ ਮਹੀਨੇ ਪਹਿਲਾਂ ਬਠਿੰਡਾ ਦੇ ਪਿੰਡ ਜੀਦਾ 'ਚ ਲਾਅ ਸਟੂਡੈਂਟ ਦੇ ਘਰ ਧਮਾਕੇ ਦੀ ਜਾਂਚ ਨੂੰ ਵੀ ਜਾਂਚ ਏਜੰਸੀ NIA ਉਸੇ ਨਾਲ ਜੋੜ ਕੇ ਦੇਖ ਰਹੀ ਹੈ ਕਿ ਲਾਅ ਸਟੂਡੈਂਟ ਗੁਰਪ੍ਰੀਤ ਸਿੰਘ ਕੋਲ ਵਿਸਫੋਟਕ ਸਮੱਗਰੀ ਆਈ ਕਿੱਥੋਂ। ਇਸ ਮਾਡਿਊਲ 'ਚ ਹੋਰ ਕੌਣ ਲੋਕ ਜੁੜੇ ਹੋਏ ਹਨ।
Publish Date: Sun, 23 Nov 2025 03:59 PM (IST)
Updated Date: Sun, 23 Nov 2025 04:24 PM (IST)
ਜਾਗਰਣ ਸੰਵਾਦਦਾਤਾ, ਬਰੀਵਾਲਾ (ਮੁਕਤਸਰ) : ਦਿੱਲੀ ਬਲਾਸਟ ਅਤੇ ਫਰੀਦਾਬਾਦ ਤੇ ਪੰਜਾਬ 'ਚ ਵਿਸਫੋਟਕ ਸਮੱਗਰੀ ਦੀ ਬਰਾਮਦਗੀ ਦੇ ਮਾਮਲਿਆਂ ਤੋਂ ਬਾਅਦ ਕੇਂਦਰੀ ਜਾਂਚ ਏਜੰਸੀਆਂ ਨੇ ਸੁਰੱਖਿਆ ਦੇ ਮੱਦੇਨਜ਼ਰ ਪੁਰਾਣੇ ਕਈ ਕੇਸਾਂ 'ਚ ਜਾਂਚ ਤੇਜ਼ ਕਰ ਦਿੱਤੀ ਹੈ। ਦੋ ਮਹੀਨੇ ਪਹਿਲਾਂ ਬਠਿੰਡਾ ਦੇ ਪਿੰਡ ਜੀਦਾ 'ਚ ਲਾਅ ਸਟੂਡੈਂਟ ਦੇ ਘਰ ਧਮਾਕੇ ਦੀ ਜਾਂਚ ਨੂੰ ਵੀ ਜਾਂਚ ਏਜੰਸੀ NIA ਉਸੇ ਨਾਲ ਜੋੜ ਕੇ ਦੇਖ ਰਹੀ ਹੈ ਕਿ ਲਾਅ ਸਟੂਡੈਂਟ ਗੁਰਪ੍ਰੀਤ ਸਿੰਘ ਕੋਲ ਵਿਸਫੋਟਕ ਸਮੱਗਰੀ ਆਈ ਕਿੱਥੋਂ। ਇਸ ਮਾਡਿਊਲ 'ਚ ਹੋਰ ਕੌਣ ਲੋਕ ਜੁੜੇ ਹੋਏ ਹਨ। ਇਸੇ ਤਰ੍ਹਾਂ, ਗੁਰਪ੍ਰੀਤ ਕਿੱਥੇ ਕਿੱਥੇ ਰਿਹਾ ਤੇ ਪੜ੍ਹਿਆ, ਉਥੇ ਵੀ ਰਿਸ਼ਤੇਦਾਰਾਂ ਤੇ ਸਕੂਲ ਸਟਾਫ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਸ਼ਨਿਚਰਵਾਰ ਨੂੰ NIA ਟੀਮ ਮੁਕਤਸਰ 'ਚ ਗੁਰਪ੍ਰੀਤ ਦੇ ਮਾਮੇ ਰਣਵੀਰ ਸਿੰਘ ਉਰਫ ਇੰਦਰਜੀਤ ਦੇ ਘਰ ਪਹੁੰਚੀ। ਦਰਅਸਲ, 2023 'ਚ ਗੁਰਪ੍ਰੀਤ ਸਿੰਘ ਆਪਣੇ ਮਾਮੇ ਕੋਲ ਸਾਲ ਭਰ ਰਿਹਾ ਤੇ ਇਸ ਦੌਰਾਨ ਮੁਕਤਸਰ ਦੇ ਮਡਾਹਰ ਕਲਾਂ ਪਿੰਡ 'ਚ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ 'ਚ 11ਵੀਂ ਕਲਾਸ 'ਚ ਪੜ੍ਹਦਾ ਸੀ। ਹੁਣ NIA ਟੀਮ ਪਹਿਲਾਂ ਮਾਮੇ ਦੇ ਘਰ ਤਿੰਨ ਘੰਟੇ ਤਕ ਪੁੱਛਗਿੱਛ ਕਰਦੀ ਰਹੀ ਤੇ ਫਿਰ ਸਕੂਲ ਵਿਚ ਪਹੁੰਚ ਕੇ ਸਟਾਫ ਨਾਲ ਵੀ ਪੁੱਛਗਿੱਛ ਕੀਤੀ।
ਦੱਸਦੇ ਚੱਲੀਏ ਕਿ ਬਠਿੰਡਾ ਦੇ ਜੀਦਾ ਪਿੰਡ 'ਚ ਇਹ ਧਮਾਕਾ 10 ਸਤੰਬਰ ਨੂੰ ਹੋਇਆ ਸੀ। ਮੁਲਜ਼ਮ ਗੁਰਪ੍ਰੀਤ ਸਿੰਘ (19) ਆਪਣੇ ਘਰ 'ਚ ਵਿਸਫੋਟਕ ਸਮੱਗਰੀ ਦੇ ਨਾਲ ਕੰਮ ਕਰ ਰਿਹਾ ਸੀ, ਜਦੋਂ ਦੋ ਜੋਰਦਾਰ ਧਮਾਕੇ ਹੋਏ। ਧਮਾਕੇ 'ਚ ਜ਼ਖ਼ਮੀ ਮੁਲਜ਼ਮ ਦਾ ਸੱਜਾ ਹੱਥ ਕੱਟਣਾ ਪਿਆ ਸੀ ਜਦੋਂਕਿ ਉਸ ਦੇ ਪਿਤਾ ਵੀ ਜ਼ਖ਼ਮੀ ਹੋਏ ਸਨ। ਜਾਂਚ ਵਿਚ ਸਾਹਮਣੇ ਆਇਆ ਕਿ ਗੁਰਪ੍ਰੀਤ ਸੋਸ਼ਲ ਮੀਡੀਆ ਜ਼ਰੀਏ ਕੱਟੜਪੰਥੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਇਆ ਸੀ ਅਤੇ ਸੰਵੇਦਨਸ਼ੀਲ ਸਥਾਨ 'ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਸੀ। NIA ਮਾਮਲੇ ਨੂੰ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਮੰਨ ਰਹੀ ਹੈ।