ਪ੍ਰਸਿੱਧ ਆਰਟੀਆਈ ਤੇ ਸਮਾਜਿਕ ਕਾਰਕੁੰਨ ਪਰਵਿੰਦਰ ਸਿੰਘ ਕਿਤਨਾ ਵੱਲੋਂ ਡੀਆਈਜੀ ਪਟਿਆਲਾ ਰੇਂਜ ਕੁਲਦੀਪ ਸਿੰਘ ਚਾਹਲ ਤੇ ਐਸਐਸਪੀ ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਦੇ ਨਾਂ ਭੇਜੀ ਇਕ ਲਿਖ਼ਤੀ ਸ਼ਿਕਾਇਤ ਪੱਤਰ ਵਾਇਰਲ ਹੋ ਰਿਹਾ ਹੈ ਜਿਸ ਤੋਂ ਉਕਤ ਘਟਨਾ ਦਾ ਖ਼ੁਲਾਸਾ ਹੋਇਆ ਹੈ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਬਰਨਾਲਾ ਜ਼ਿਲ੍ਹੇ ਦੇ ਇਕ ਸਰਕਾਰੀ ਪ੍ਰਾਇਮਰੀ ਸਕੂਲ ’ਚ ਇਕ ਅਧਿਆਪਕ ਵੱਲੋਂ ਨਾਬਾਲਿਗ ਵਿਦਿਆਰਥਣਾਂ ਨਾਲ ਛੇੜਛਾੜ ਕਰਨ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਨਾਲ ਜੁੜਿਆ ਹੈਰਾਨੀਜਨਕ ਖੁਲਾਸਾ ਇਹ ਵੀ ਹੈ ਕਿ ਇਹ ਮਾਮਲਾ ਪੁਲਿਸ ਕੋਲ ਵੀ ਪੁੱਜਿਆ ਸੀ, ਪਰ ਪੁਲਿਸ ਨੇ ਅਧਿਆਪਕ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਰਾਜ਼ੀਨਾਮਾ ਕਰਵਾ ਕੇ ਮਾਮਲੇ ਨੂੰ ਰਫ਼ਾ ਦਫ਼ਾ ਕਰ ਦਿੱਤਾ।
ਇਸ ਮਾਮਲੇ ਸੰਬੰਧੀ ਸੋਸ਼ਲ ਮੀਡੀਆ ’ਤੇ ਪ੍ਰਸਿੱਧ ਆਰਟੀਆਈ ਤੇ ਸਮਾਜਿਕ ਕਾਰਕੁੰਨ ਪਰਵਿੰਦਰ ਸਿੰਘ ਕਿਤਨਾ ਵੱਲੋਂ ਡੀਆਈਜੀ ਪਟਿਆਲਾ ਰੇਂਜ ਕੁਲਦੀਪ ਸਿੰਘ ਚਾਹਲ ਤੇ ਐਸਐਸਪੀ ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਦੇ ਨਾਂ ਭੇਜੀ ਇਕ ਲਿਖ਼ਤੀ ਸ਼ਿਕਾਇਤ ਪੱਤਰ ਵਾਇਰਲ ਹੋ ਰਿਹਾ ਹੈ ਜਿਸ ਤੋਂ ਉਕਤ ਘਟਨਾ ਦਾ ਖ਼ੁਲਾਸਾ ਹੋਇਆ ਹੈ। ਪੱਤਰ ’ਚ ਦੱਸਿਆ ਗਿਆ ਹੈ ਕਿ ਪਿਛਲੇ ਦਿਨੀਂ ਬਰਨਾਲਾ ਦੇ ਇਕ ਸਰਕਾਰੀ ਪ੍ਰਾਇਮਰੀ ਸਕੂਲ ’ਚ ਡੈਪੂਟੇਸ਼ਨ 'ਤੇ ਆਏ ਇਕ ਅਧਿਆਪਕ ਵੱਲੋਂ ਸਕੂਲ ਦੀਆਂ ਕੁਝ ਨਾਬਾਲਗ ਵਿਦਿਆਰਥਣਾਂ ਨਾਲ ਛੇੜਛਾੜ ਕੀਤੀ ਗਈ ਸੀ ਅਤੇ ਉਕਤ ਸਕੂਲ ਦੀਆਂ ਪੰਜ-ਸੱਤ ਵਿਦਿਆਰਥਣਾਂ ਨੇ ਤਾਂ ਪੁਲਿਸ ਕੋਲ ਵੀ ਇਸ ਸਬੰਧੀ ਬਾਕਾਇਦਾ ਬਿਆਨ ਦਰਜ ਕਰਵਾਏ, ਪਰ ਪੁਲਿਸ ਨੇ ਇਸ ਮਾਮਲੇ 'ਤੇ ਬਣਦੀ ਕਾਰਵਾਈ ਕਰਨ ਦੀ ਬਜਾਏ ਸਮਝੌਤਾ ਕਰਵਾ ਦਿੱਤਾ ਹੈ। ਪਰਵਿੰਦਰ ਸਿੰਘ ਕਿਤਨਾ ਨੇ ਮੰਗ ਕੀਤੀ ਹੈ ਕਿ ਨਾਬਾਲਗ ਵਿਦਿਆਰਥਣਾਂ ਨਾਲ ਸਰੀਰਕ ਛੇੜਛਾੜ ਕਰਨ ਵਾਲੇ ਉਕਤ ਅਧਿਆਪਕ 'ਤੇ ਪਰਚਾ ਦਰਜ ਕੀਤਾ ਜਾਵੇ ਅਤੇ ਇਸ ਮਾਮਲੇ ਨੂੰ ਦਬਾਉਣ ਅਤੇ ਰਫ਼ਾ - ਦਫ਼ਾ ਕਰਨ ਵਾਲੇ ਪੁਲਿਸ ਅਧਿਕਾਰੀ ਉੱਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਜਦੋਂ ਇਸ ਸੰਵੇਦਨਸ਼ੀਲ ਮਾਮਲੇ ਬਾਰੇ ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਹੁਣ ਇਹ ਮਾਮਲਾ ਡੀਐਸਪੀ ਬਰਨਾਲਾ ਨੂੰ ਸੌਂਪ ਦਿੱਤਾ ਹੈ ਜੋ ਇਸ ਦੀ ਗੰਭੀਰਤਾ ਨਾਲ ਪੜ੍ਹਤਾਲ ਕਰਕੇ ਬਣਦੀ ਕਾਰਵਾਈ ਕਰਨਗੇ।
ਦੂਜੇ ਪਾਸੇ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਇੰਦੂ ਸਿੰਮਕ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਉਦੋਂ ਆਇਆ ਜਦੋਂ ਦੋਵੇਂ ਧਿਰਾਂ ਦਾ ਰਾਜ਼ੀਨਾਮਾ ਹੋ ਚੁੱਕਿਆ ਸੀ ਪਰ ਫ਼ਿਰ ਵੀ ਉਨ੍ਹਾਂ ਨੇ ਇਸ ਮਾਮਲੇ ਦੀ ਪੜਤਾਲ ਕਰਵਾਈ ਤਾਂ ਅਧਿਆਪਕ 'ਤੇ ਲੱਗੇ ਦੋਸ਼ ਸਹੀ ਪਾਏ ਗਏ ਜਿਸ ਤੋਂ ਬਾਅਦ ਸੰਬੰਧਿਤ ਅਧਿਆਪਕ ਦਾ ਸਕੂਲ ਬਦਲ ਦਿੱਤਾ ਗਿਆ ਹੈ ਤੇ ਉਸ ਖ਼ਿਲਾਫ਼ ਅਗਲੀ ਵਿਭਾਗੀ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਲਿਖ ਦਿੱਤਾ ਹੈ।