ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਜੇਲ੍ਹ ਪ੍ਰਬੰਧਨ ਦੀ ਕਾਰਜਪ੍ਰਣਾਲੀ 'ਤੇ ਗੰਭੀਰ ਸਵਾਲ ਉੱਠਣ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਇਨ੍ਹਾਂ ਕੈਦੀਆਂ ਦੀ ਗੱਲਬਾਤ ਇੱਕ ਨਿੱਜੀ ਮਾਧਿਅਮ ਰਾਹੀਂ ਸਾਹਮਣੇ ਆਈ ਸੀ, ਪਰ ਬਾਅਦ ਵਿੱਚ ਉਹ ਸਮੱਗਰੀ ਹਟਾ ਦਿੱਤੀ ਗਈ ਸੀ। ਹੁਣ ਨਵੀਂ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਫਿਰ ਚਰਚਾ ਵਿੱਚ ਆ ਗਿਆ ਹੈ।

ਜਾਸ, ਅੰਮ੍ਰਿਤਸਰ: ਅੰਮ੍ਰਿਤਸਰ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਵਿਵਾਦਾਂ ਦੇ ਘੇਰੇ ਵਿੱਚ ਆ ਗਈ ਹੈ। ਇਸ ਵਾਰ ਮਾਮਲਾ ਜੇਲ੍ਹ ਦੇ ਅੰਦਰੋਂ ਸਾਹਮਣੇ ਆਈ ਇੱਕ ਵੀਡੀਓ ਨੂੰ ਲੈ ਕੇ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਦੋ ਕੈਦੀਆਂ ਨੇ ਜੇਲ੍ਹ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਾਏ ਹਨ, ਜਿਸ ਕਾਰਨ ਪੂਰੇ ਮਾਮਲੇ ਨੇ ਤੂਲ ਫੜ ਲਿਆ ਹੈ।
ਜਾਣਕਾਰੀ ਅਨੁਸਾਰ, ਇਹ ਵੀਡੀਓ ਜੇਲ੍ਹ ਦੇ ਅੰਦਰੋਂ ਹੀ ਬਣਾਈ ਗਈ ਦੱਸੀ ਜਾ ਰਹੀ ਹੈ। ਹਾਲਾਂਕਿ, 'ਪੰਜਾਬੀ ਜਾਗਰਣ' ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ। ਇਸ ਵਿੱਚ ਬਰਗਾੜੀ ਬੇਅਦਬੀ ਮਾਮਲੇ ਨਾਲ ਜੁੜੇ ਪ੍ਰਦੀਪ ਕਤਲ ਕਾਂਡ ਦੇ ਦੋਸ਼ਾਂ ਹੇਠ ਬੰਦ ਪਰਮਜੀਤ ਸਿੰਘ ਉਰਫ਼ ਕਾਲਾ ਨੇ ਆਪਣੀ ਹੱਡਬੀਤੀ ਸਾਂਝੀ ਕੀਤੀ ਹੈ। ਉਸ ਨੇ ਦੋਸ਼ ਲਾਇਆ ਕਿ ਜੇਲ੍ਹ ਦੇ ਅੰਦਰ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਅਧਿਕਾਰੀਆਂ ਵੱਲੋਂ ਉਸ ਕੋਲੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ।
2 ਲੱਖ ਰੁਪਏ ਦੀ ਮੰਗ ਦਾ ਦੋਸ਼
ਕੈਦੀ ਦਾ ਕਹਿਣਾ ਹੈ ਕਿ ਉਸ ਕੋਲੋਂ ਦੋ ਲੱਖ ਰੁਪਏ ਮੰਗੇ ਗਏ ਸਨ ਅਤੇ ਕਿਹਾ ਗਿਆ ਸੀ ਕਿ ਰਕਮ ਦੇਣ 'ਤੇ ਉਸ ਨੂੰ ਰਾਹਤ ਦਿੱਤੀ ਜਾਵੇਗੀ, ਜਦੋਂ ਕਿ ਪੈਸੇ ਨਾ ਦੇਣ 'ਤੇ ਉਸ ਨਾਲ ਹੋਰ ਜ਼ਿਆਦਾ ਸਖ਼ਤੀ ਵਰਤੀ ਜਾਂਦੀ ਹੈ।
ਵੀਡੀਓ ਵਿੱਚ ਨੌਜਵਾਨ ਨੇ ਲਾਏ ਦੋਸ਼
ਵੀਡੀਓ ਵਿੱਚ ਮੌਜੂਦ ਦੂਜੇ ਨੌਜਵਾਨ ਨੇ ਵੀ ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਕੀਤੀ ਹੈ। ਦੋਵਾਂ ਨੇ ਮਿਲ ਕੇ ਕਿਹਾ ਕਿ ਜੇਲ੍ਹ ਦੇ ਅੰਦਰ ਉਨ੍ਹਾਂ ਨਾਲ ਬੇਇਨਸਾਫ਼ੀ ਹੋ ਰਹੀ ਹੈ ਅਤੇ ਉਨ੍ਹਾਂ ਨੂੰ ਇਨਸਾਫ਼ ਦੀ ਲੋੜ ਹੈ। ਉਨ੍ਹਾਂ ਨੇ ਪ੍ਰਸ਼ਾਸਨ ਅਤੇ ਸਮਾਜਿਕ ਜਥੇਬੰਦੀਆਂ ਨੂੰ ਮਦਦ ਦੀ ਅਪੀਲ ਵੀ ਕੀਤੀ ਹੈ, ਤਾਂ ਜੋ ਮਾਮਲੇ ਦੀ ਨਿਰਪੱਖ ਜਾਂਚ ਹੋ ਸਕੇ।
ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਜੇਲ੍ਹ ਪ੍ਰਬੰਧਨ ਦੀ ਕਾਰਜਪ੍ਰਣਾਲੀ 'ਤੇ ਗੰਭੀਰ ਸਵਾਲ ਉੱਠਣ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਇਨ੍ਹਾਂ ਕੈਦੀਆਂ ਦੀ ਗੱਲਬਾਤ ਇੱਕ ਨਿੱਜੀ ਮਾਧਿਅਮ ਰਾਹੀਂ ਸਾਹਮਣੇ ਆਈ ਸੀ, ਪਰ ਬਾਅਦ ਵਿੱਚ ਉਹ ਸਮੱਗਰੀ ਹਟਾ ਦਿੱਤੀ ਗਈ ਸੀ। ਹੁਣ ਨਵੀਂ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਫਿਰ ਚਰਚਾ ਵਿੱਚ ਆ ਗਿਆ ਹੈ।
ਜੇਲ੍ਹ ਸੁਰੱਖਿਆ ਅਤੇ ਕੈਦੀਆਂ ਨਾਲ ਵਿਵਹਾਰ 'ਤੇ ਉੱਠੇ ਸਵਾਲ
ਫਿਲਹਾਲ ਸਬੰਧਤ ਅਧਿਕਾਰੀਆਂ ਵੱਲੋਂ ਇਸ ਮਾਮਲੇ 'ਤੇ ਅਧਿਕਾਰਤ ਪ੍ਰਤੀਕਿਰਿਆ ਦੀ ਉਡੀਕ ਕੀਤੀ ਜਾ ਰਹੀ ਹੈ। ਇਸ ਘਟਨਾ ਨੇ ਨਾ ਸਿਰਫ਼ ਜੇਲ੍ਹ ਸੁਰੱਖਿਆ ਸਗੋਂ ਕੈਦੀਆਂ ਨਾਲ ਕੀਤੇ ਜਾਂਦੇ ਵਿਵਹਾਰ ਨੂੰ ਲੈ ਕੇ ਵੀ ਬਹਿਸ ਛੇੜ ਦਿੱਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਇਸ ਪੂਰੇ ਮਾਮਲੇ ਵਿੱਚ ਕੀ ਕਦਮ ਚੁੱਕਦਾ ਹੈ ਅਤੇ ਸੱਚਾਈ ਸਾਹਮਣੇ ਲਿਆਉਣ ਲਈ ਕਿਸ ਤਰ੍ਹਾਂ ਦੀ ਜਾਂਚ ਕੀਤੀ ਜਾਂਦੀ ਹੈ।