ਅੰਮ੍ਰਿਤਸਰ ’ਚ ਢਾਈ ਕਿੱਲੋ IED ਸਮੇਤ ਦੋ ਅੱਤਵਾਦੀ ਗ੍ਰਿਫ਼ਤਾਰ, ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਦੀ ਛਾਪੇਮਾਰੀ ਜਾਰੀ
ਇਸ ਤੋਂ ਬਾਅਦ ਪੁਲਿਸ ਨੇ ਰਮਦਾਸ, ਅਜਨਾਲਾ ਤੇ ਘਰਿੰਡਾ ਇਲਾਕੇ ’ਚ ਨਾਕਾਬੰਦੀ ਕਰ ਦਿੱਤੀ। ਸੰਘਣੀ ਧੁੰਦ ਵਿਚਾਲੇ ਬਾਈਕ ਸਵਾਰਾਂ ਨੂੰ ਆਉਂਦਾ ਦੇਖ ਰੁਕਣ ਦਾ ਇਸ਼ਾਰਾ ਕੀਤਾ ਗਿਆ। ਮੁਲਜ਼ਮਾਂ ਨੇ ਉੱਥੋਂ ਭੱਜਣ ਦਾ ਯਤਨ ਕੀਤਾ, ਪਰ ਪੁਲਿਸ ਨੇ ਪਿੱਛਾ ਕਰ ਕੇ ਦੋਵਾਂ ਨੂੰ ਫੜ ਲਿਆ।
Publish Date: Wed, 26 Nov 2025 08:19 AM (IST)
Updated Date: Wed, 26 Nov 2025 08:36 AM (IST)
ਜਾਸ, ਅੰਮ੍ਰਿਤਸਰ : ਦਿਹਾਤ ਪੁਲਿਸ ਨੇ ਭਾਰਤ-ਪਾਕਿਸਤਾਨ ਸਰਹੱਦ ਤੋਂ ਆਈਈਡੀ ਸਮੇਤ ਦੋ ਅੱਤਵਾਦੀਆਂ ਨੂੰ ਮੰਗਲਵਾਰ ਦੇਰ ਰਾਤ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ’ਚ ਹੋਰ ਮੁਲਜ਼ਮਾਂ ਦੀ ਫੜੋਫੜੀ ਜਾਰੀ ਹੈ। ਪੁਲਿਸ ਦਾ ਇਹ ਆਪ੍ਰੇਸ਼ਨ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ, ਇਸ ਕਾਰਨ ਅਧਿਕਾਰੀ ਇਸ ਬਾਰੇ ਖੁੱਲ੍ਹ ਕੇ ਕੁਝ ਨਹੀਂ ਦੱਸ ਰਹੇ ਸਨ।
ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਨੇ ਦਿੱਲੀ ’ਚ ਹੋਏ ਧਮਾਕਿਆਂ ਤੋਂ ਬਾਅਦ ਫਿਰ ਧਮਾਕਾਖੇਜ਼ ਸਮੱਗਰੀ ਭੇਜਣੀ ਸ਼ੁਰੂ ਕਰ ਦਿੱਤੀ ਹੈ। ਇਸੇ ਤਹਿਤ ਪੁਲਿਸ ਨੇ ਭਾਰਤ-ਪਾਕਿ ਸਰਹੱਦ ’ਤੇ ਪੈਟਰੋਲਿੰਗ ਵਧਾ ਦਿੱਤੀ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੰਗਲਵਾਰ ਦੇਰ ਰਾਤ ਦੋ ਅੱਤਵਾਦੀ ਬਾਈਕ ’ਤੇ ਸਵਾਰ ਹੋ ਕੇ ਆਈਈਡੀ ਚੁੱਕਣ ਘਰੋਂ ਨਿਕਲੇ ਹਨ। ਇਸ ਤੋਂ ਬਾਅਦ ਪੁਲਿਸ ਨੇ ਰਮਦਾਸ, ਅਜਨਾਲਾ ਤੇ ਘਰਿੰਡਾ ਇਲਾਕੇ ’ਚ ਨਾਕਾਬੰਦੀ ਕਰ ਦਿੱਤੀ। ਸੰਘਣੀ ਧੁੰਦ ਵਿਚਾਲੇ ਬਾਈਕ ਸਵਾਰਾਂ ਨੂੰ ਆਉਂਦਾ ਦੇਖ ਰੁਕਣ ਦਾ ਇਸ਼ਾਰਾ ਕੀਤਾ ਗਿਆ। ਮੁਲਜ਼ਮਾਂ ਨੇ ਉੱਥੋਂ ਭੱਜਣ ਦਾ ਯਤਨ ਕੀਤਾ, ਪਰ ਪੁਲਿਸ ਨੇ ਪਿੱਛਾ ਕਰ ਕੇ ਦੋਵਾਂ ਨੂੰ ਫੜ ਲਿਆ। ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ’ਚੋਂ ਇਕ ਆਈਈਡੀ ਬਰਾਮਦ ਕੀਤੀ ਗਈ, ਜਿਸ ਦਾ ਵਜ਼ਨ ਸਵਾ ਦੋ ਤੋਂ ਢਾਈ ਕਿੱਲੋਂ ਦੇ ਵਿਚਕਾਰ ਸੀ। ਪਤਾ ਲੱਗਿਆ ਹੈ ਕਿ ਡੀਆਈਜੀ ਸੰਦੀਪ ਗੋਇਲ ਤੇ ਐੱਸਐੱਸਪੀ ਸੋਹੇਲ ਮੀਰ ਬੁੱਧਵਾਰ ਇਸ ਮਾਮਲੇ ’ਤੇ ਪ੍ਰੈੱਸ ਕਾਨਫਰੰਸ ਕਰਨਗੇ। ਸੰਭਾਵਨਾ ਹੈ ਕਿ ਬੁੱਧਵਾਰ ਤੱਕ ਕੁਝ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਪੁਲਿਸ ਤੇ ਹੋਰ ਸੁਰੱਖਿਆ ਏਜੰਸੀਆਂ ਵੱਲੋਂ ਭਾਰਤ-ਪਾਕਿਸਤਾਨ ਸਰਹੱਦ ’ਤੇ ਗ੍ਰਨੇਡ, ਆਈਈਡੀ, ਧਮਾਕਾਖੇਜ਼ ਸਮੱਗਰੀ, ਰਾਕੇਟ ਪ੍ਰੋਪੈਲਰ ਗ੍ਰਨੇਡ (ਆਰਪੀਜੀ) ਤੇ ਸੈਂਕੜੇ ਪਿਸਤੌਲਾਂ ਫੜੀਆਂ ਜਾ ਚੁੱਕੀਆਂ ਹਨ। ਅੱਤਵਾਦੀਆਂ ਵੱਲੋਂ ਉਕਤ ਸਾਮਾਨ ਦਾ ਇਸਤੇਮਾਲ ਪੁਲਿਸ ਇਮਾਰਤਾਂ ’ਤੇ ਹਮਲਾ ਕਰਨ ’ਚ ਕੀਤਾ ਜਾ ਰਿਹਾ ਹੈ।