ਟ੍ਰੇਨਾਂ 'ਚ ਸਫ਼ਰ ਕਰਨ ਵਾਲੇ ਜ਼ਰੂਰ ਪੜਨ ਇਹ ਖ਼ਬਰ, 19 ਥਾਵਾਂ 'ਤੇ ਹੋਵੇਗਾ ਵੱਡਾ ਪ੍ਰਦਰਸ਼ਨ; ਦਿੱਲੀ-ਅੰਮ੍ਰਿਤਸਰ ਦੀਆਂ ਰੇਲ ਗੱਡੀਆਂ ਹੋਣਗੀਆਂ ਪ੍ਰਭਾਵਿਤ
ਪੰਜਾਬ ਦੇ ਕਿਸਾਨ ਸੰਗਠਨ ਕਿਸਾਨ ਮਜ਼ਦੂਰ ਮੋਰਚਾ ਨੇ ਅੱਜ, 5 ਦਸੰਬਰ 2025 ਨੂੰ, ਦੁਪਹਿਰ 1 ਤੋਂ 3 ਵਜੇ ਤੱਕ ਸੂਬਾ ਪੱਧਰੀ 'ਰੇਲ ਰੋਕੋ' ਅੰਦੋਲਨ ਦਾ ਐਲਾਨ ਕੀਤਾ ਹੈ ਪਰ ਇਸ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਕਿਸਾਨ ਆਗੂਆਂ ਨੂੰ ਚੁੱਕਣ ਅਤੇ ਨਜ਼ਰਬੰਦ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
Publish Date: Fri, 05 Dec 2025 11:35 AM (IST)
Updated Date: Fri, 05 Dec 2025 11:40 AM (IST)

ਜਾਗਰਣ ਸੰਵਾਦਦਾਤਾ, ਅੰਮ੍ਰਿਤਸਰ - ਪੰਜਾਬ ਦੇ ਕਿਸਾਨ ਸੰਗਠਨ ਕਿਸਾਨ ਮਜ਼ਦੂਰ ਮੋਰਚਾ ਨੇ ਅੱਜ, 5 ਦਸੰਬਰ 2025 ਨੂੰ, ਦੁਪਹਿਰ 1 ਤੋਂ 3 ਵਜੇ ਤੱਕ ਸੂਬਾ ਪੱਧਰੀ 'ਰੇਲ ਰੋਕੋ' ਅੰਦੋਲਨ ਦਾ ਐਲਾਨ ਕੀਤਾ ਹੈ ਪਰ ਇਸ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਕਿਸਾਨ ਆਗੂਆਂ ਨੂੰ ਚੁੱਕਣ ਅਤੇ ਨਜ਼ਰਬੰਦ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਕਿਸਾਨ ਆਗੂ ਸੁਖਵਿੰਦਰ ਸਿੰਘ ਪੰਧੇਰ ਨੇ ਕਿਹਾ ਕਿ ਇਹ ਸ਼ਾਂਤੀਪੂਰਨ ਪ੍ਰਦਰਸ਼ਨ ਕੇਂਦਰ ਸਰਕਾਰ ਦੇ ਪ੍ਰਸਤਾਵਿਤ ਬਿਜਲੀ ਸੋਧ ਬਿੱਲ 2025 ਨੂੰ ਰੱਦ ਕਰਨ ਅਤੇ ਹੋਰ ਕਿਸਾਨੀ ਮੁੱਦਿਆਂ 'ਤੇ ਕੇਂਦਰਿਤ ਹੈ ਪਰ ਸੂਬਾ ਸਰਕਾਰ ਨੇ ਇਸ ਸ਼ਾਂਤੀਮਈ ਪ੍ਰਦਰਸ਼ਨ ਤੋਂ ਪਹਿਲਾਂ ਉਨ੍ਹਾਂ ਦੇ ਕੁਝ ਆਗੂਆਂ ਦੇ ਘਰਾਂ 'ਤੇ ਪੁਲਿਸ ਨੇ ਛਾਪੇਮਾਰੀ ਕੀਤੀ ਹੈ ਅਤੇ ਕੁਝ ਨੂੰ ਨਜ਼ਰਬੰਦ ਕਰ ਦਿੱਤਾ ਹੈ।
ਅੱਜ ਕਿਸਾਨਾਂ ਦੇ ਹੋਣ ਜਾ ਰਹੇ ਪ੍ਰੋਟੈਸਟ ਦੌਰਾਨ ਅੰਮ੍ਰਿਤਸਰ ਤੋਂ ਦਿੱਲੀ ਵਿਚਾਲੇ ਚੱਲਣ ਵਾਲੀ ਸ਼ਾਨ-ਏ-ਪੰਜਾਬ, ਦਿੱਲੀ-ਅੰਮ੍ਰਿਤਸਰ ਸ਼ਤਾਬਦੀ, ਟਾਟਾ ਐਕਸਪ੍ਰੈਸ, ਫਲਾਇੰਗ ਮੇਲ ਅਤੇ ਕੁਝ ਲੋਕਲ ਡੀਐਮਯੂ (DMU) ਗੱਡੀਆਂ ਪ੍ਰਭਾਵਿਤ ਹੋਣਗੀਆਂ।
ਪੁਲਿਸ ਛਾਪੇਮਾਰੀਆਂ ਅਤੇ ਦਮਨ ਦਾ ਦੋਸ਼
ਸਰਵਨ ਸਿੰਘ ਪੰਧੇਰ ਨੇ ਦੋਸ਼ ਲਾਇਆ ਹੈ ਕਿ ਬੀਤੀ ਰਾਤ ਤੋਂ ਭਗਵੰਤ ਮਾਨ ਸਰਕਾਰ ਨੇ ਕਿਸਾਨ ਆਗੂਆਂ ਦੇ ਘਰਾਂ 'ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ, ਜਿਸ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਲੁਧਿਆਣਾ, ਰੂਪਨਗਰ, ਪਟਿਆਲਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਆਗੂਆਂ ਦੇ ਨਿਵਾਸਾਂ 'ਤੇ ਛਾਪੇ ਮਾਰੇ ਗਏ। ਮੋਰਚੇ ਦਾ ਦੋਸ਼ ਹੈ ਕਿ ਦੋ ਘੰਟੇ ਦੇ ਰੇਲ ਰੋਕੋ ਦੌਰਾਨ 80 ਪ੍ਰਤੀਸ਼ਤ ਟਰੈਕਾਂ 'ਤੇ ਕੋਈ ਰੇਲ ਗੱਡੀ ਨਿਰਧਾਰਤ ਹੀ ਨਹੀਂ ਹੈ, ਸਿਰਫ ਮੁੱਖ ਲਾਈਨਾਂ 'ਤੇ ਕੁਝ ਗੱਡੀਆਂ ਪ੍ਰਭਾਵਿਤ ਹੋ ਸਕਦੀਆਂ ਹਨ, ਫਿਰ ਵੀ ਸਰਕਾਰ ਜ਼ਬਰਦਸਤੀ ਰੋਕਣ 'ਤੇ ਤੁਲੀ ਹੋਈ ਹੈ। ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਪੁਲਿਸ ਨੇ ਕਿਸਾਨ ਆਗੂਆਂ ਪਰਮਜੀਤ ਸਿੰਘ ਭੁੱਲਰ, ਜਗਦੀਪ ਸਿੰਘ ਜੱਜੀ, ਕੁਲਦੀਪ ਸਿੰਘ ਟਾਹਲੀ, ਬੀਬੀ ਹਰਜੀਤ ਕੌਰ ਗੁਰਦਾਸਪੁਰ, ਨਿਸ਼ਾਨ ਸਿੰਘ ਮੇਹੜੇ, ਹਰਪਾਲ ਸਿੰਘ ਪਠਾਨਕੋਟ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਹੈ।
ਜਾਣੋ ਅੰਦੋਲਨ ਦਾ ਉਦੇਸ਼
ਕਿਸਾਨ ਸੰਗਠਨ ਦਾ ਕਹਿਣਾ ਹੈ ਕਿ ਕਿਸਾਨ ਸੰਗਠਨਾਂ ਦੀ ਮੁੱਖ ਮੰਗ ਡਰਾਫਟ ਇਲੈਕਟ੍ਰੀਸਿਟੀ ਅਮੈਂਡਮੈਂਟ ਬਿੱਲ 2025 ਨੂੰ ਪੂਰੀ ਤਰ੍ਹਾਂ ਵਾਪਸ ਲੈਣ, ਪ੍ਰੀਪੇਡ/ਸਮਾਰਟ ਮੀਟਰ ਹਟਾਉਣ ਅਤੇ ਪੁਰਾਣੀ ਮੀਟਰ ਪ੍ਰਣਾਲੀ ਬਹਾਲ ਕਰਨ ਦੀ ਹੈ। ਕਿਸਾਨ ਆਗੂਆਂ ਦਾ ਦੋਸ਼ ਹੈ ਕਿ ਪ੍ਰਸਤਾਵਿਤ ਕਾਨੂੰਨ ਅਤੇ ਸੂਬਾ ਸਰਕਾਰ ਦੀਆਂ ਨੀਤੀਆਂ ਬਿਜਲੀ ਬੋਰਡ ਦੇ ਨਿੱਜੀਕਰਨ ਅਤੇ ਜਨਤਕ ਜਾਇਦਾਦਾਂ ਦੀ ਜ਼ਬਰਦਸਤੀ ਵਿਕਰੀ ਦਾ ਰਾਹ ਸਾਫ਼ ਕਰਦੀਆਂ ਹਨ, ਜਿਸ ਨਾਲ ਕਿਸਾਨਾਂ, ਮਜ਼ਦੂਰਾਂ ਅਤੇ ਆਮ ਖਪਤਕਾਰਾਂ 'ਤੇ ਵਾਧੂ ਬੋਝ ਪਵੇਗਾ।
ਜਾਣੋ ਕਿੱਥੇ-ਕਿੱਥੇ ਹੋਵੇਗਾ ਪ੍ਰਦਰਸ਼ਨ
| ਲੜੀ ਨੰ. | ਜ਼ਿਲ੍ਹਾ | ਪ੍ਰਮੁੱਖ ਰੇਲਵੇ ਸਥਾਨ/ਰੂਟ |
| 1 | ਅੰਮ੍ਰਿਤਸਰ | ਦੇਵੀਦਾਸਪੁਰਾ ਅਤੇ ਮਜੀਠਾ (ਦਿੱਲੀ–ਅੰਮ੍ਰਿਤਸਰ ਮੁੱਖ ਲਾਈਨ) |
| 2 | ਗੁਰਦਾਸਪੁਰ | ਬਟਾਲਾ, ਗੁਰਦਾਸਪੁਰ, ਡੇਰਾ ਬਾਬਾ ਨਾਨਕ (ਅੰਮ੍ਰਿਤਸਰ–ਜੰਮੂ–ਕਸ਼ਮੀਰ ਰੂਟ) |
| 3 | ਪਠਾਨਕੋਟ | ਪਰਮਾਨੰਦ ਫਾਟਕ |
| 4 | ਤਰਨਤਾਰਨ | ਤਰਨਤਾਰਨ ਰੇਲਵੇ ਸਟੇਸ਼ਨ |
| 5 | ਫਿਰੋਜ਼ਪੁਰ | ਬਸਤੀ ਟੈਂਕਾਂ ਵਾਲੀ, ਮੱਲਾਂਵਾਲਾ, ਤਲਵੰਡੀ ਭਾਈ |
| 6 | ਕਪੂਰਥਲਾ | ਡਡਵਿੰਡੀ ਨੇੜੇ (ਸੁਲਤਾਨਪੁਰ ਲੋਧੀ) |
| 7 | ਜਲੰਧਰ | ਜਲੰਧਰ ਕੈਂਟ |
| 8 | ਹੁਸ਼ਿਆਰਪੁਰ | ਟਾਂਡਾ, ਜੰਮੂ-ਕਸ਼ਮੀਰ ਤੇ ਜਲੰਧਰ ਰੇਲ ਮਾਰਗ ਅਤੇ ਪੁਰਾਣਾ ਭੰਗਾਲਾ ਰੇਲਵੇ ਸਟੇਸ਼ਨ |
| 9 | ਪਟਿਆਲਾ | ਸ਼ੰਭੂ ਅਤੇ ਬਾੜਾ (ਨਾਭਾ) |
| 10 | ਸੰਗਰੂਰ | ਸੁਨਾਮ–ਸ਼ਹੀਦ ਊਧਮ ਸਿੰਘ ਵਾਲਾ |
| 11 | ਫਾਜ਼ਿਲਕਾ | ਫਾਜ਼ਿਲਕਾ ਰੇਲਵੇ ਸਟੇਸ਼ਨ |
| 12 | ਮੋਗਾ | ਮੋਗਾ ਰੇਲਵੇ ਸਟੇਸ਼ਨ |
| 13 | ਬਠਿੰਡਾ | ਰਾਮਪੁਰਾ ਰੇਲਵੇ ਸਟੇਸ਼ਨ |
| 14 | ਮੁਕਤਸਰ | ਮਲੋਟ ਤੇ ਮੁਕਤਸਰ ਦੋਵੇਂ |
| 15 | ਮਾਲੇਰਕੋਟਲਾ | ਅਹਿਮਦਗੜ੍ਹ |
| 16 | ਮਾਨਸਾ | ਮਾਨਸਾ ਰੇਲਵੇ ਸਟੇਸ਼ਨ |
| 17 | ਲੁਧਿਆਣਾ | ਸਾਹਨੇਵਾਲ ਰੇਲਵੇ ਸਟੇਸ਼ਨ |
| 18 | ਫਰੀਦਕੋਟ | ਫਰੀਦਕੋਟ ਰੇਲਵੇ ਸਟੇਸ਼ਨ |
| 19 | ਰੂਪਨਗਰ | ਰੂਪਨਗਰ ਰੇਲਵੇ ਸਟੇਸ਼ਨ |