ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 10 ਨੂੰ ਕੱਢੇ ਜਾਣ ਵਾਲਾ ਪੈਦਲ ਮਾਰਚ ਮੁਲਤਵੀ, ਜਾਣੋ ਕੀ ਹੈ ਵਜ੍ਹਾ
ਹੁਣ ਇਸ ਪੈਦਲ ਮਾਰਚ ਦੀ ਨਵੀਂ ਤਰੀਕ ਦਾ ਐਲਾਨ ਆਉਂਣ ਵਾਲੇ ਸਮੇਂ ਦੌਰਾਨ ਕੀਤਾ ਜਾਵੇਗਾ। ਇਸ ਗੱਲ ਦੀ ਜਾਣਕਾਰੀ 2015 ਦੇ ਸਰਬੱਤ ਖ਼ਾਲਸਾ ਸੰਮੇਲਨ ਦੇ ਮੁੱਖ ਪ੍ਰਬੰਧਕ ਭਾਈ ਜਰਨੈਲ ਸਿੰਘ ਸਖੀਰਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਫ਼ੈਸਲਾ ਸਮੁੱਚੇ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਕੀਤੀ ਗਈ ਸਾਂਝੀ ਮੀਟਿੰਗ ਦੌਰਾਨ ਲਿਆ ਗਿਆ ਹੈ।
Publish Date: Sat, 08 Nov 2025 08:06 AM (IST)
Updated Date: Sat, 08 Nov 2025 08:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ’ਚ ਬੰਦ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ 2015 ਦੇ ਸਰਬੱਤ ਖ਼ਾਲਸਾ ਸੰਮੇਲਨ ਦੇ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 10 ਨਵੰਬਰ ਨੂੰ ਕੱਢੇ ਜਾਣ ਵਾਲਾ ਪੈਦਲ ਮਾਰਚ ਮੁਲਤਵੀ ਕਰ ਦਿੱਤਾ ਹੈ, ਜਿਸ ਦਾ ਕਾਰਨ ਮੁਤਵਾਜੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਸਿਹਤ ਠੀਕ ਨਾ ਹੋਣਾ ਦੱਸਿਆ ਗਿਆ ਹੈ। ਹੁਣ ਇਸ ਪੈਦਲ ਮਾਰਚ ਦੀ ਨਵੀਂ ਤਰੀਕ ਦਾ ਐਲਾਨ ਆਉਂਣ ਵਾਲੇ ਸਮੇਂ ਦੌਰਾਨ ਕੀਤਾ ਜਾਵੇਗਾ। ਇਸ ਗੱਲ ਦੀ ਜਾਣਕਾਰੀ 2015 ਦੇ ਸਰਬੱਤ ਖ਼ਾਲਸਾ ਸੰਮੇਲਨ ਦੇ ਮੁੱਖ ਪ੍ਰਬੰਧਕ ਭਾਈ ਜਰਨੈਲ ਸਿੰਘ ਸਖੀਰਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਫ਼ੈਸਲਾ ਸਮੁੱਚੇ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਕੀਤੀ ਗਈ ਸਾਂਝੀ ਮੀਟਿੰਗ ਦੌਰਾਨ ਲਿਆ ਗਿਆ ਹੈ। ਇਸ ਫ਼ੈਸਲੇ ਦਾ ਸਮਰਥਨ ਤੇ ਹਮਾਇਤ ਪੰਥ ਦਰਦੀਆਂ ਤੇ ਪੰਥ ਹਿਤੈਸ਼ੀਆਂ ਵੱਲੋਂ ਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਪੈਦਲ ਮਾਰਚ ਦਾ ਮੁੱਖ ਮਕਸਦ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ ਤੇ ਹੋਰ ਸਿੱਖ ਕੈਦੀਆਂ ਦੀ ਰਿਹਾਈ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਹਲੂਣਾ ਦੇਣਾ ਹੈ। ਉਨ੍ਹਾਂ ਕਿਹਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਬਿਨਾਂ ਕਿਸੇ ਕਸੂਰ ਜੇਲ੍ਹਾਂ ’ਚ ਰੱਖਣਾ ਸਿੱਖਾਂ ਨਾਲ ਵਖਰੇਵਾ ਹੈ, ਜਿਸ ਲਈ ਦੋਵੇਂ ਸਰਕਾਰਾਂ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਇਸ ਮੌਕੇ ਭਾਈ ਮੋਹਕਮ ਸਿੰਘ, ਭਾਈ ਵੱਸਣ ਸਿੰਘ ਜੱਫਰਵਾਲ, ਭਾਈ ਸਤਨਾਮ ਸਿੰਘ ਚੈਨਪੁਰ, ਬਾਬਾ ਚਮਕੌਰ ਸਿੰਘ, ਗਿਆਨੀ ਤੇਜਬੀਰ ਸਿੰਘ ਦਮਦਮੀ ਟਕਸਾਲ, ਪਰਮਜੀਤ ਸਿੰਘ ਜੱਜੇਆਣੀ ਆਦਿ ਮੌਜੂਦ ਸਨ।