ਸ੍ਰੀ ਹੇਮਕੁੰਟ ਸਾਹਿਬ ਲਈ ਕੱਲ੍ਹ ਰਿਸ਼ੀਕੇਸ਼ ਤੋਂ ਪੰਜ ਪਿਆਰਿਆਂ ਦੀ ਅਗਵਾਈ ‘ਚ ਰਵਾਨਾ ਹੋਵੇਗਾ ਪਹਿਲਾ ਜਥਾ : ਬਿੰਦਰਾ
ਇਸ ਸਮਾਰੋਹ ਵਿਚ ਉਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ, ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਦਿੱਲੀ ਦੇ ਲੈਫਟੀਨੈਂਟ ਰਾਜਪਾਲ, ਤਰਨਜੀਤ ਸਿੰਘ ਸੰਧੂ, ਕੈਬਨਿਟ ਮੰਤਰੀ, ਸੰਤ ਸਮਾਜ ਦੇ ਨੁਮਾਇੰਦੇ ਅਤੇ ਉਤਰਾਖੰਡ ਦੀਆਂ ਸੰਗਤਾਂ ਤੋਂ ਇਲਾਵਾ ਦੇਸ਼ ਵਿਦੇਸ਼ ਤੋਂ ਸੰਗਤਾਂ ਸ਼ਾਮਲ ਹੋਣਗੀਆਂ।
Publish Date: Mon, 18 May 2026 08:10 PM (IST)
Updated Date: Mon, 18 May 2026 08:12 PM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ : ਅੰਮ੍ਰਿਤਸਰ : ਸ੍ਰੀ ਹੇਮਕੁੰਟ ਸਾਹਿਬ ਦੀ 2026 ਦੀ ਯਾਤਰਾ ਪੰਜ ਪਿਆਰਿਆਂ ਦੀ ਅਗਵਾਈ ਵਿਚ ਰਿਸ਼ੀਕੇਸ਼ ਤੋਂ ਰਵਾਨਾ ਹੋਵੇਗੀ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰ ਜੀਤ ਸਿੰਘ ਬਿੰਦਰਾ ਨੇ ਕਿਹਾ ਕਿ ਜਿਸ ਲਈ ਵਿਸ਼ੇਸ਼ ਸਮਾਗਮ 20 ਮਈ ਨੂੰ ਗੁਰਦੁਆਰਾ ਸ੍ਰੀ ਰਿਸ਼ੀਕੇਸ਼ ਵਿਖੇ ਕੀਤੇ ਜਾ ਰਹੇ ਹਨ। ਸਮਾਗਮ ਤੋਂ ਬਾਅਦ ਜੈਕਾਰਿਆਂ ਦੀ ਗੁੰਜ ਵਿਚ ਪੰਜ ਪਿਆਰਿਆਂ ਦੀ ਅਗਵਾਈ ਵਿਚ ਪਹਿਲਾਂ ਜਥਾ ਰਵਾਨਾ ਹੋਵੇਗਾ ਅਤੇ 23 ਮਈ ਨੂੰ ਦਰਸ਼ਨਾਂ ਲਈ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਖੁਲਣਗੇ। ਇਹ ਸਮਾਗਮ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ।
ਬਿੰਦਰਾ ਨੇ ਕਿਹਾ ਕਿ ਇਸ ਸਮਾਰੋਹ ਵਿਚ ਉਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ, ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਦਿੱਲੀ ਦੇ ਲੈਫਟੀਨੈਂਟ ਰਾਜਪਾਲ, ਤਰਨਜੀਤ ਸਿੰਘ ਸੰਧੂ, ਕੈਬਨਿਟ ਮੰਤਰੀ, ਸੰਤ ਸਮਾਜ ਦੇ ਨੁਮਾਇੰਦੇ ਅਤੇ ਉਤਰਾਖੰਡ ਦੀਆਂ ਸੰਗਤਾਂ ਤੋਂ ਇਲਾਵਾ ਦੇਸ਼ ਵਿਦੇਸ਼ ਤੋਂ ਸੰਗਤਾਂ ਸ਼ਾਮਲ ਹੋਣਗੀਆਂ। 20 ਮਈ ਸਵੇਰੇ 10 ਵਜੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਰਿਸ਼ੀਕੇਸ਼ ਵਿਖੇ ਹੋ ਰਹੇ ਇਸ ਸਮਾਗਮ ਵਿਚ ਸਿੱਖ ਵਿਰਾਸਤ ਸਬੰਧੀ ਦੋ ਕਿਤਾਬਾਂ ਰਸਮੀ ਤੌਰ 'ਤੇ ਜਾਰੀ ਕੀਤੀਆਂ ਜਾਣਗੀਆਂ।
ਇਹ ਕਿਤਾਬਾਂ ਸ਼ਰਧਾਲੂਆਂ ਦੇ ਅਧਿਆਤਮਿਕ ਅਤੇ ਇਤਿਹਾਸਕ ਗਿਆਨ ਨੂੰ ਵਧਾਉਂਣ ਦੇ ਉਦੇਸ਼ ਨਾਲ ਤਿਆਰ ਕੀਤੀਆਂ ਗਈਆਂ ਹਨ। ਸਿੱਖ ਭਾਈਚਾਰੇ ਦੇ 8 ਸਾਲਾ ਏਆਈ ਪ੍ਰਤਿਭਾਸ਼ਾਲੀ ਮਾਸਟਰ ਰਣਵੀਰ ਸਿੰਘ ਸਚਦੇਵਾ ਨੂੰ ਸ਼ਾਨਦਾਰ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਜਾਵੇਗਾ। ਰਣਵੀਰ ਸਿੰਘ ਸਚਦੇਵਾ ਜਿਨ੍ਹਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਐਪਲ ਦੇ ਸੀਈਓ ਟਿਮ ਕੁੱਕ, ਗੂਗਲ ਦੇ ਸੀਈਓ ਸੁੰਦਰ ਪਿਚਾਈ ਅਤੇ ਓਪਨ ਏਆਈ ਦੇ ਸੀਈਓ ਸੈਮ ਅਲਟਮੈਨ ਸਮੇਤ ਕਈ ਵਿਸ਼ਵ ਪੱਧਰ 'ਤੇ ਪ੍ਰਸਿੱਧ ਹਸਤੀਆਂ ਵੱਲੋਂ ਪ੍ਰਸ਼ੰਸਾ ਕੀਤੀ ਗਈ ਹੈ। ਇਕ ਨਵੇਂ ਅਜਾਇਬ ਘਰ ‘ਦਾਸਤਾਨ-ਏ-ਸਿਖੀ’ ਦਾ ਉਦਘਾਟਨ ਕੀਤਾ ਜਾਵੇਗਾ। ਬਿੰਦਰਾ ਨੇ ਦੱਸਿਆ ਕਿ ਇਹ ਪਰੰਪਰਾਗਤ ਵਿਦਾਇਗੀ ਸਮਾਗਮ ਹਿਮਾਲਿਆ ਵਿਚ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੀ ਆਰੰਭਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਸਮਾਗਮ ਮੌਕੇ ਅਰਦਾਸ, ਸ਼ਬਦ ਕੀਰਤਨ ਸਮਾਗਮ ਵਿਚ ਸ਼ਰਧਾਲੂਆਂ ਨੂੰ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ।