ਖਾਲਸਾਈ ਜੈਕਾਰਿਆਂ ਦੀ ਗੂੰਜ ’ਚ ਸ੍ਰੀ ਹੇਮਕੁੰਟ ਸਾਹਿਬ ਪਹੁੰਚਿਆ ਪੰਜ ਪਿਆਰਿਆਂ ਦਾ ਪਹਿਲਾ ਜਥਾ, ਅੱਜ ਖੁੱਲ੍ਹਣਗੇ ਪਵਿੱਤਰ ਕਿਵਾੜ
ਰਿਸ਼ੀਕੇਸ਼ ਤੋਂ ਰਵਾਨਾ ਹੋਇਆ ਜੱਥਾ ਵੱਖ-ਵੱਖ ਪੜਾਅ ਕਰਦਾ ਹੋਇਆ ਵੀਰਵਾਰ ਰਾਤ ਗੁਰਦੁਆਰਾ ਗੋਬਿੰਦ ਘਾਟ ਵਿਖੇ ਵਿਸ਼ਰਾਮ ਕਰਕੇ ਸ਼ੁੱਕਰਵਾਰ ਸਵੇਰੇ ਖਾਲਸਾਈ ਜੈਕਾਰਿਆਂ ਦੀ ਗੁੰਜ ਨਾਲ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਲਈ ਰਵਾਨਾ ਕੀਤਾ ਗਿਆ।
Publish Date: Sat, 23 May 2026 08:45 AM (IST)
Updated Date: Sat, 23 May 2026 08:48 AM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਬਰਫ ਦੀ ਚਾਦਰ ਵਿੱਚ ਢੱਕੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹ ਦਿੱਤੇ ਜਾਣਗੇ । ਪੁਰਾਤਨ ਚੱਲ ਰਹੀ ਮਰਿਆਦਾ ਅਨੁਸਾਰ ਯਾਤਰਾ ਦੀ ਆਰੰਭਤਾ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਹੋਈ। ਰਿਸ਼ੀਕੇਸ਼ ਤੋਂ ਰਵਾਨਾ ਹੋਇਆ ਜੱਥਾ ਵੱਖ-ਵੱਖ ਪੜਾਅ ਕਰਦਾ ਹੋਇਆ ਵੀਰਵਾਰ ਰਾਤ ਗੁਰਦੁਆਰਾ ਗੋਬਿੰਦ ਘਾਟ ਵਿਖੇ ਵਿਸ਼ਰਾਮ ਕਰਕੇ ਸ਼ੁੱਕਰਵਾਰ ਸਵੇਰੇ ਖਾਲਸਾਈ ਜੈਕਾਰਿਆਂ ਦੀ ਗੁੰਜ ਨਾਲ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਲਈ ਰਵਾਨਾ ਕੀਤਾ ਗਿਆ।
ਪੰਜਾ ਪਿਆਰਿਆਂ ਦੇ ਜਥੇ ਨੂੰ ਰਵਾਨਾ ਕਰਨ ਲਈ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਅਤੇ ਸੀਈਓ ਭਾਈ ਸੇਵਾ ਸਿੰਘ ਉਚੇਚੇ ਤੌਰ ਤੇ ਮੌਜੂਦ ਸਨ। ਉਨ੍ਹਾਂ ਵੱਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਜੈਕਾਰਿਆਂ ਦੀ ਗੂੰਜ ਵਿੱਚ ਰਵਾਨਾ ਕੀਤਾ ਗਿਆ। ਗੋਬਿੰਦ ਘਾਟ ਤੋਂ ਗੋਬਿੰਦ ਧਾਮ ਲਈ ਪੈਦਲ ਯਾਤਰਾ ਦੇ ਮਾਰਗ ਤੋਂ ਜਥਾ ਗੁਰਦੁਆਰਾ ਗੋਬਿੰਦ ਧਾਮ ਵਿਖੇ ਬਾਅਦ ਦੁਪਹਿਰ ਪਹੁੰਚਿਆ ਜਿਸ ਤੋਂ ਬਾਅਦ ਦੇਰ ਸ਼ਾਮ ਪੰਜ ਪਿਆਰੇ ਜਥੇ ਦੀ ਅਗਵਾਈ ਕਰਦੇ ਸ੍ਰੀ ਹੇਮਕੁੰਟ ਸਾਹਿਬ ਪਹੁੰਚੇ। ਰਵਾਨਗੀ ਸਮੇਂ ਜਿੱਥੇ ਗੱਤਕਾ ਪਾਰਟੀਆਂ ਨੇ ਗਤਕੇ ਦੇ ਜੋਹਰ ਦਿਖਾਏ, ਉੱਥੇ ਹੀ ਬੈਂਡ ਪਾਰਟੀਆਂ ਵੀ ਸ਼ਾਮਿਲ ਹੋਈਆਂ । ਠਾਠਾ ਮਾਰਦਾ ਸੰਗਤਾਂ ਦਾ ਇਕੱਠ ਪੰਜਾ ਪਿਆਰਿਆਂ ਦੀ ਅਗਵਾਈ ਵਿੱਚ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਨਾਲ ਚੱਲ ਰਿਹਾ ਹੈ। ਦੇਸ਼ ਵਿਦੇਸ਼ ਤੋਂ ਸੰਗਤਾਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਪਹੁੰਚ ਚੁੱਕੀਆਂ ਹਨ ਅਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਸੰਗਤਾਂ ਲਈ ਵਿਸ਼ੇਸ਼ ਲੰਗਰ ਵੀ ਲਗਾਏ ਗਏ ਹਨ। ਪੰਜਾ ਪਿਆਰਿਆਂ ਦੇ ਗੁਰਦੁਆਰਾ ਗੋਬਿੰਦ ਧਾਮ ਪਹੁੰਚਣ ਤੇ ਭਰਵਾ ਸਵਾਗਤ ਕੀਤਾ ਗਿਆ। ਪੰਜਾਂ ਪਿਆਰਿਆਂ ਦਾ ਇਹ ਜਥਾ ਅੱਜ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਪਹੁੰਚ ਚੁੱਕਾ ਹੈ। ਅੱਜ 23 ਮਈ ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਗੁਰਦੁਆਰਾ ਸਾਹਿਬ ਵਿਖੇ ਤੱਕ ਕੱਢਿਆ ਜਾਵੇਗਾ। ਜਿਸ ਤੋਂ ਬਾਅਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਕੀਤੇ ਜਾਣਗੇ ਅਤੇ ਸੰਗਤਾਂ ਤਕਰੀਬਨ 10 ਅਕਤੂਬਰ ਤੱਕ ਸਾਲ 2026 ਦੀ ਯਾਤਰਾ ਕਰ ਸਕਣਗੀਆਂ |