ਉਨ੍ਹਾਂ ਕਿਹਾ ਕਿ ਸਰਨਾ ਭਰਾਵਾਂ ਤੇ ਮਨਜੀਤ ਸਿੰਘ ਜੀਕੇ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਐਕਟ ਦੀ ਉਲੰਘਣਾ ਕਰਦਿਆਂ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਕੰਪਨੀਆਂ ਦੇ ਨਾਮ ’ਤੇ ਕਮੇਟੀ ਨਾਲ ਵਿੱਤੀ ਲੈਣ ਦੇਣ ਕੀਤਾ ਹੋਇਆ ਹੈ ਜੋ ਕਿ ਨਿਯਮਾਂ ਦੀ ਉਲੰਘਣਾ ਹੈ।

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਹੋਈ ਵਿਸ਼ੇਸ਼ ਮੀਟਿੰਗ ਵਿਚ ਇਕ ਵਾਰ ਫਿਰ ਤੋਂ 25 ਅਕਤੂਬਰ 2025 ਦੇ ਉਸ ਫੈਸਲੇ ਨੂੰ ਪੁਸ਼ਟੀ ਕਰਦੇ ਹੋਏ ਜਿਸ ਵਿਚ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ ਤੇ ਮਨਜੀਤ ਸਿੰਘ ਜੀਕੇ ਦੀ ਮੈਂਬਰੀ ਖਾਰਜ ਕੀਤੀ ਗਈ ਸੀ ’ਤੇ ਪੱਕੀ ਮੋਹਰ ਲਾ ਦਿੱਤੀ ਗਈ।
ਅੱਜ ਵਿਸ਼ੇਸ਼ ਮੀਟਿੰਗ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਹਰਮੀਤ ਸਿੰਘ ਕਾਲਕਾ ਤੇ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਅੱਜ ਦੀ ਵਿਸ਼ੇਸ਼ ਮੀਟਿੰਗ ਸਬੰਧੀ ਏਜੰਡਾ 15 ਦਿਨ ਪਹਿਲਾਂ ਸਾਰੇ ਮੈਂਬਰਾਂ ਨੂੰ ਭੇਜਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਅੱਜ ਦੀ ਵਿਸ਼ੇਸ਼ ਮੀਟਿੰਗ ਵਿਚ 38 ਮੈਂਬਰਾਂ ਨੇ ਸ਼ਮੂਲੀਅਤ ਕੀਤੀ ਜਿਹਨਾਂ ਨੇ 25 ਅਕਤੂਬਰ 2025 ਦੀ ਉਸ ਮੀਟਿੰਗ ਫੇ ਫੈਸਲੇ ਨੂੰ ਕਨਫਰਮ ਕਰਕੇ ਆਪਣੀ ਮਨਜੂਰੀ ਦਿੱਤੀ ਤੇ ਪੱਕੀ ਮੋਹਰ ਲਾਈ ਜਿਸ ਰਾਹੀਂ ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ ਤੇ ਮਨਜੀਤ ਸਿੰਘ ਜੀਕੇ ਦੀ ਮੈਂਬਰਸ਼ਿਪ ਖ਼ਤਮ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ 25 ਅਕਤੂਬਰ 2025 ਨੂੰ ਹੋਈ ਮੀਟਿੰਗ ਵਿਚ ਵੀ ਮੈਂਬਰਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਇਨ੍ਹਾਂ ਤਿੰਨ ਆਗੂਆਂ ਦੀ ਮੈਂਬਰਸ਼ਿਪ ਖ਼ਤਮ ਕੀਤੀ ਸੀ ਤੇ ਅੱਜ ਵੀ ਉਸ ਫੈਸਲੇ ਨੂੰ ਮੁੜ ਦੁਹਰਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਸਰਨਾ ਭਰਾਵਾਂ ਤੇ ਮਨਜੀਤ ਸਿੰਘ ਜੀਕੇ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਐਕਟ ਦੀ ਉਲੰਘਣਾ ਕਰਦਿਆਂ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਕੰਪਨੀਆਂ ਦੇ ਨਾਮ ’ਤੇ ਕਮੇਟੀ ਨਾਲ ਵਿੱਤੀ ਲੈਣ ਦੇਣ ਕੀਤਾ ਹੋਇਆ ਹੈ ਜੋ ਕਿ ਨਿਯਮਾਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਟੀਲ ਜੋ ਕਿ ਸਰਨਾ ਭਰਾਵਾਂ ਦੀ ਕੰਪਨੀ ਹੈ ਤੇ ਮਨਜੀਤ ਸਿੰਘ ਜੀਕੇ ਦੀ ਬੇਟੀ ਦੇ ਨਾਮ ਦੀ ਕੰਪਨੀ ਰੈਂਬੀ ਕਲੋਥਿੰਗ ਨਾਲ ਲੈਣ ਦੇਣ ਕੀਤਾ ਹੋਇਆ ਹੈ ਜੋ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਐਕਟ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਐਕਟ ਵਿਚ ਸਪਸ਼ਟ ਲਿਖਿਆ ਹੈ ਕਿ ਪਰਿਵਾਰਕ ਮੈਂਬਰਾਂ ਦੀਆਂ ਕੰਪਨੀਆਂ ਨਾਲ ਕਿਸੇ ਵੀ ਤਰੀਕੇ ਲੈਣ ਦੇਣ ਨਹੀਂ ਹੋ ਸਕਦਾ ਪਰ ਇਸ ਦੇ ਬਾਵਜੂਦ ਇਹਨਾਂ ਨੇ ਅਜਿਹਾ ਕੀਤਾ ਹੈ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਾਲਕਾ ਤੇ ਕਾਹਲੋਂ ਨੇ ਕਿਹਾ ਕਿ ਮਨਜੀਤ ਸਿੰਘ ਜੀਕੇ ਨੇ ਤਾਂ ਕਿਤਾਬਾਂ ਦੇ ਨਾਂ ’ਤੇ ਵੀ ਬਿੱਲ ਪਾਏ ਹਨ ਤੇ 1 ਲੱਖ ਡਾਲਰ ਵੀ ਗਾਇਬ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਖ਼ਿਲਾਫ਼ ਲੱਗੇ ਦੋਸ਼ਾਂ ਬਾਰੇ ਸੰਗਤ ਨੂੰ ਜਵਾਬ ਦੇਣਾ ਚਾਹੀਦਾ ਹੈ। ਆਪਣੇ ’ਤੇ ਲੱਗੇ ਦੋਸ਼ਾਂ ਦਾ ਜਵਾਬ ਦੇਣ ਦੀ ਥਾਂ ’ਤੇ ਮਨਜੀਤ ਸਿੰਘ ਜੀਕੇ ਤੇ ਸਰਨਾ ਭਰਾ ਇਧਰ ਉਧਰ ਦੀਆਂ ਦਲੀਲਾਂ ਦੇ ਰਹੇ ਹਨ ਜੋ ਕਿ ਗਲਤ ਹੈ। ਉਨ੍ਹਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਸਰਨਾ ਭਰਾਵਾਂ ਤੇ ਜੀਕੇ ਨੂੰ ਉਨ੍ਹਾਂ ਖਿਲਾਫ ਲੱਗੇ ਦੋਸ਼ਾਂ ਬਾਰੇ ਆਪਣਾ ਪੱਖ ਰੱਖਣ ਦਾ ਦੋ ਵਾਰ ਮੌਕਾ ਦਿੱਤਾ ਸੀ। ਅੱਜ ਦੀ ਮੀਟਿੰਗ ਵਿਚ ਵੀ ਇਨ੍ਹਾਂ ਨੂੰ ਸੱਦਾ ਦਿੱਤਾ ਗਿਆ ਸੀ, ਪਰ ਇਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ ਜਿਸ ਤੋਂ ਸਾਬਤ ਹੁੰਦਾ ਹੈ ਕਿ ਇਹ ਲੱਗੇ ਦੋਸ਼ ਸਹੀ ਹਨ।
ਇਕ ਹੋਰ ਸਵਾਲ ਦੇ ਜਵਾਬ ਵਿਚ ਕਾਲਕਾ ਤੇ ਕਾਹਲੋਂ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦਾ ਹਰ ਮੈਂਬਰ ਛੇਵੇਂ ਪਾਤਿਸ਼ਾਹ ਸ੍ਰੀ ਹਰਿਗੋਬਿੰਦ ਸਾਹਿਬ ਜੀ ਦੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ ਤੇ ਤਖ਼ਤ ’ਤੇ ਬਿਰਾਜਮਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਜਵਾਬਦੇਹ ਹੈ। ਉਨ੍ਹਾਂ ਕਿਹਾ ਕਿ ਅਸੀਂ ਜਥੇਦਾਰ ਸਾਹਿਬ ਦਾ ਪੂਰਾ ਦਿਲੋਂ ਸਤਿਕਾਰ ਕਰਦੇ ਹਾਂ ਤੇ ਉਹਨਾਂ ਵੱਲੋਂ ਦਿੱਤੇ ਹਰ ਦਿਸ਼ਾ ਨਿਰਦੇਸ਼ ਦੀ ਪਾਲਣਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ’ਤੇ ਸਾਡੀ ਗੱਲਬਾਤ ਜਥੇਦਾਰ ਸਾਹਿਬ ਨਾਲ ਹੁੰਦੀ ਰਹਿੰਦੀ ਹੈ ਤੇ ਅਸੀਂ ਹਮੇਸ਼ਾ ਹੀ ਜਥੇਦਾਰ ਦਾ ਹੁਕਮ ਸਿਰ ਮੱਥੇ ਮੰਨਦੇ ਹਾਂ। ਉਨ੍ਹਾਂ ਕਿਹਾ ਕਿ ਅੱਜ ਜੋ ਵੀ ਫੈਸਲਾ ਵਿਸ਼ੇਸ਼ ਮੀਟਿੰਗ ਵਿਚ ਹੋਇਆ, ਉਸ ਬਾਰੇ 11 ਮੈਂਬਰੀ ਕਮੇਟੀ ਬਣਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਭੇਜੀ ਜਾਵੇਗੀ ਜੋ ਕਿ ਜਥੇਦਾਰ ਸਾਹਿਬ ਨੂੰ ਹੋਏ ਫੈਸਲਿਆਂ ਤੋਂ ਅਤੇ ਸੰਗਤ ਦੀ ਭਾਵਨਾ ਤੋਂ ਜਾਣੂ ਕਰਵਾਏਗੀ। ਉਹਨਾਂ ਇਹ ਵੀ ਦੱਸਿਆ ਕਿ ਮਨਜੀਤ ਸਿੰਘ ਜੀਕੇ ਦੇ ਖ਼ਿਲਾਫ਼ ਜਿਹੜੀਆਂ ਤਿੰਨ ਐਫ ਆਈ ਆਰ ਦਰਜ ਹਨ ਅਤੇ ਉਂਸ ਵਿਚ ਚਾਰਜਸ਼ੀਟ ਵੀ ਦਾਖਲ ਹੈ, ਜਿਸ ਕਰ ਕੇ ਅਦਾਲਤ ਵੱਲੋਂ ਉਸ ਨੂੰ ਦੇਸ਼ ਛੱਡਣ ’ਤੇ ਮਨਾਹੀ ਦੇ ਹੁਕਮ ਦਿੱਤੇ ਹੋਏ ਹਨ।