ਆਸਥਾ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਤੇ ਸੰਬੰਧਿਤ ਸਥਾਨਾਂ ‘ਤੇ ਇਕ ਸ੍ਰੀ ਆਖੰਡ ਪਾਠ ਸਾਹਿਬ ਦੀਆਂ ਦੋ ਤਰੀਕਾਂ ਦੋ ਪਰਿਵਾਰਾਂ ਨੂੰ ਦੇਣ ਦੇ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਸ ਨੂੰ ਪੜਤਾਲ ਦੇ ਨਾਮ ’ਤੇ ਸ਼ਾਤ ਕਰ ਦਿੱਤਾ ਜਾਂਦਾ ਹੈ।

ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ: ਆਸਥਾ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਤੇ ਸੰਬੰਧਿਤ ਸਥਾਨਾਂ ‘ਤੇ ਇਕ ਸ੍ਰੀ ਆਖੰਡ ਪਾਠ ਸਾਹਿਬ ਦੀਆਂ ਦੋ ਤਰੀਕਾਂ ਦੋ ਪਰਿਵਾਰਾਂ ਨੂੰ ਦੇਣ ਦੇ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਸ ਨੂੰ ਪੜਤਾਲ ਦੇ ਨਾਂ ’ਤੇ ਸ਼ਾਤ ਕਰ ਦਿੱਤਾ ਜਾਂਦਾ ਹੈ। ਤਾਜ਼ਾ ਮਾਮਲਾ ਕੈਨੇਡਾ ਨਿਵਾਸੀ ਬੀਬੀ ਕੋਮਲਪ੍ਰੀਤ ਕੌਰ ਦਾ ਹੈ, ਜਿਸ ਨੇ ਪਿਛਲੇ ਲੰਬੇ ਸਮੇਂ ਤੋਂ ਉਡੀਕ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਚ ਸ੍ਰੀ ਹਰਿ ਕੀ ਪੌੜੀ ਸਥਾਨ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਬੁੱਕ ਕਰਵਾਇਆ ਸੀ। ਜਦ ਉਹ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾਉਣ ਪਹੁੰਚੇ ਤਾਂ ਉਨ੍ਹਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਉਨ੍ਹਾਂ ਦਾ ਸ੍ਰੀ ਆਖੰਡ ਪਾਠ ਸਾਹਿਬ ਉੱਪਰਲੀ ਮੰਜ਼ਿਲ ਗੁੰਮਦ ਸਾਹਿਬ ਵਿਖੇ ਆਰੰਭ ਹੋਵੇਗਾ। ਜਿਸ ਨੂੰ ਸੁਣ ਕੇ ਉਹ ਹੈਰਾਨ ਹੋਏ ਅਤੇ ਉਨ੍ਹਾਂ ਨੇ ਪ੍ਰਬੰਧਕਾਂ ਤੱਕ ਪਹੁੰਚ ਕੀਤੀ। ਪ੍ਰਬੰਧਕਾਂ ਨੇ ਪੱਲਾ ਝਾੜਦਿਆਂ ਉਨ੍ਹਾਂ ਨੂੰ ਅਗਾਂਹ ਦੀ ਸ੍ਰੀ ਹਰਿ ਕੀ ਪੌੜੀ ਸਾਹਿਬ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੀ ਤਰੀਕ ਦੇ ਦਿੱਤੀ। ਇਸ ਤਰਾਂ ਦਾ ਮਾਮਲਾ 11 ਨਵੰਬਰ 2023 ਦਾ ਵੀ ਸਾਹਮਣੇ ਆਇਆ ਜਦੋਂ ਅੰਮ੍ਰਿਤਸਰ ਦੇ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਸ੍ਰੀ ਹਰਿ ਕੀ ਪੌੜੀ ਸਾਹਿਬ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾਉਣ ਪਹੁੰਚੇ ਤਾਂ ਉਸ ਵੇਲੇ ਵੀ ਇੱਕ ਪਰਿਵਾਰ ਨੇ 2017 ਦੀ ਰਸੀਦ ਦਿਖਾ ਕੇ ਕਿਹਾ ਕਿ ਇਹ ਬੁਕਿੰਗ ਉਹਨਾਂ ਦੀ ਹੈ। ਪਰਵਿੰਦਰ ਸਿੰਘ ਭੰਡਾਲ ਨੂੰ ਵੀ ਉਸ ਵੇਲੇ ਨਮੋਸ਼ੀ ਝੱਲਣੀ ਪਈ ਅਤੇ ਬਿਨਾਂ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾਏ ਘਰ ਪਰਤਨਾ ਪਿਆ। ਇਸ ਤਰ੍ਹਾਂ ਦਾ ਮਾਮਲਾ 31 ਅਕਤੂਬਰ 2023 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੀ ਵਧੀਕ ਸਕੱਤਰ ਸਿਮਰਜੀਤ ਸਿੰਘ ਨਾਲ ਵਾਪਰਿਆ ਹੈ। ਸਿਮਰਜੀਤ ਸਿੰਘ ਆਪਣੀ ਰਿਟਾਇਰਮੈਂਟ ਸਮੇਂ ਸ਼ੁਕਰਾਨੇ ਵਜੋਂ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਮੌਕੇ ਪਹੁੰਚੇ 31 ਅਕਤੂਬਰ ਨੂੰ ਗੁਰਦੁਆਰਾ ਸ਼ਹੀਦ ਬੁੰਗਾ ਸਾਹਿਬ ਵਿਖੇ ਪਰਿਵਾਰ ਸਮੇਤ ਪਹੁੰਚੇ ਤਾਂ ਉਨ੍ਹਾਂ ਨੂੰ ਪ੍ਰਬੰਧਕਾਂ ਵੱਲੋਂ ਇਹ ਕਿਹਾ ਗਿਆ ਕਿ ਇਹ ਆਖੰਡ ਪਾਠ ਸਾਹਿਬ ਕਿਸੇ ਹੋਰ ਪਰਿਵਾਰ ਦਾ ਹੈ। ਸਿਮਰਜੀਤ ਸਿੰਘ ਨੇ ਪਤਾ ਕੀਤਾ ਕਿ ਆਸਟਰੇਲੀਆ ਦੇ ਪਰਿਵਾਰ ਵੱਲੋਂ ਇੱਕ ਦਿਨ ਪਹਿਲਾਂ ਹੀ ਸ੍ਰੀ ਆਖੰਡ ਪਾਠ ਸਾਹਿਬ ਬੁੱਕ ਕਰਵਾਇਆ ਗਿਆ ਸੀ, ਜਦ ਕਿ ਉਨ੍ਹਾਂ ਨੇ ਸੱਤ ਮਹੀਨੇ ਪਹਿਲਾਂ ਬੁਕਿੰਗ ਕਰਵਾਈ ਸੀ। ਸਿਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਸ਼੍ਰੀ ਆਖੰਡ ਪਾਠ ਸਾਹਿਬ ਇਕ ਮਹੀਨਾ ਬਾਅਦ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਦੇ ਸਥਾਨ ਵਿਖੇ ਕਰਵਾਇਆ ਗਿਆ ਸੀ।
ਇਸ ਸਬੰਧ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਧੰਗੇੜਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਤਕਨੀਕੀ ਕਾਰਨਾਂ ਕਰਕੇ ਦਿੱਕਤ ਆਈ ਹੈ। ਕੈਨੇਡਾ ਦੇ ਪਰਿਵਾਰ ਨੂੰ ਸ੍ਰੀ ਹਰਿ ਕੀ ਪੌੜੀ ਸਾਹਿਬ ਵਿਖੇ ਅਗਲੇ ਦਿਨਾਂ ਦੀ ਤਰੀਕ ਦੇ ਦਿੱਤੀ ਗਈ ਹੈ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸਾਰੇ ਮਾਮਲੇ ਦੀ ਉਹ ਪੜਤਾਲ ਕਰਵਾਉਂਣਗੇ ਅਤੇ ਜਿਸ ਦਾ ਵੀ ਕਸੂਰ ਹੋਇਆ ਉਸ ਨੂੰ ਸਜਾ ਮਿਲੇਗੀ।