ਟੀਚਰ ਫੈਸਟ ਦੇ ਜੇਤੂਆਂ ਲਈ ਇਨਾਮ ਵੰਡ ਸਮਾਗਮ ਸਮਾਪਤ
ਸੁਰਿੰਦਰ ਸਿੰਘ ਵਿਰਦੀ, ਪੰਜਾਬੀ ਜਾਗਰਣ ਛੇਹਰਟਾ : ਅੰਮ੍ਰਿਤਸਰ ਜ਼ਿਲ੍ਹੇ ਦੇ ਬਲਾਕ ਵੇਰਕਾ ਲਈ ਦੋ ਰੋਜ਼ਾ ਬਲਾਕ ਪੱਧਰੀ ਟੀਚਰ ਫੈਸਟ ਦੇ ਸਫਲ
Publish Date: Sun, 23 Nov 2025 04:10 PM (IST)
Updated Date: Sun, 23 Nov 2025 04:10 PM (IST)

ਨਵੀਨਤਾਕਾਰੀ ਸਿੱਖਿਆ ਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਅਧਿਆਪਕਾਂ ਨੂੰ ਕੀਤਾ ਸਨਮਾਨਿਤ ਸੁਰਿੰਦਰ ਸਿੰਘ ਵਿਰਦੀ, ਪੰਜਾਬੀ ਜਾਗਰਣ ਛੇਹਰਟਾ : ਅੰਮ੍ਰਿਤਸਰ ਜ਼ਿਲ੍ਹੇ ਦੇ ਬਲਾਕ ਵੇਰਕਾ ਲਈ ਦੋ ਰੋਜ਼ਾ ਬਲਾਕ ਪੱਧਰੀ ਟੀਚਰ ਫੈਸਟ ਦੇ ਸਫਲ ਸਮਾਗਮ ਮਗਰੋਂ ਡਾਇਟ ਵੇਰਕਾ ਵਿਖੇ ਪ੍ਰਭਾਵਸ਼ਾਲੀ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਦਾ ਮੁੱਖ ਉਦੇਸ਼ ਮੇਲੇ ਦੌਰਾਨ ਆਪਣੀ ਰਚਨਾਤਮਕਤਾ ਤੇ ਨਵੀਨਤਾਕਾਰੀ ਅਧਿਆਪਨ ਸਹਾਇਕ ਸਮੱਗਰੀ (ਟੀਐੱਲਐੱਮ) ਦੇ ਨਾਲ-ਨਾਲ ਮਾਈਕ੍ਰੋ ਟੀਚਿੰਗ ਵਨ ਐਕਟ ਪਲੇਅ ਵਰਗੇ ਨਵੇਂ ਅਧਿਆਪਨ ਢੰਗਾਂ ਦਾ ਪ੍ਰਦਰਸ਼ਨ ਕਰਨ ਵਾਲੇ ਸਮਰਪਿਤ ਅਧਿਆਪਕਾਂ ਦੇ ਯਤਨਾਂ ਨੂੰ ਮਾਨਤਾ ਦੇਣਾ ਸੀ। ਸਮਾਗਮ ਵਿੱਚ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਮੁੱਖ ਮਹਿਮਾਨ ਵਜੋਂ ਡੀਈਓ (ਸੈਕੰਡਰੀ ਸਿੱਖਿਆ) ਰਾਜੇਸ਼ ਕੁਮਾਰ ਸ਼ਰਮਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਰਾਜੇਸ਼ ਖੰਨਾ ਸ਼ਾਮਲ ਹੋਏ। ਉਨ੍ਹਾਂ ਦੇ ਨਾਲ ਬਲਾਕ ਨੋਡਲ ਅਫ਼ਸਰ ਡਾ. ਸੁਨੀਲ ਗੁਪਤਾ, ਪ੍ਰਿੰਸੀਪਲ ਡਾਇਟ ਵੇਰਕਾ ਸੁਖਦੇਵ ਸਿੰਘ ਅਤੇ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ (ਅਪਰ ਪ੍ਰਾਇਮਰੀ) ਡਾ. ਰਾਜਨ ਵੀ ਮੌਜੂਦ ਸਨ। ਸਮਾਰੋਹ ਦੇ ਪ੍ਰਬੰਧਨ ਵਿਚ ਬਲਾਕ ਰਿਸੋਰਸ ਕੋਆਰਡੀਨੇਟਰ (ਬੀਆਰਸੀ ਅਪਰ ਪ੍ਰਾਇਮਰੀ ) ਸ਼ਿਖਾ ਦੂਆ ਅਤੇ ਨਵਦੀਪ ਸਿੰਘ ਰੰਧਾਵਾ ਨੇ ਅਹਿਮ ਭੂਮਿਕਾ ਨਿਭਾਈ। ਬਲਾਕ ਵੇਰਕਾ ਦੇ ਕੁੱਲ 44 ਅਧਿਆਪਕਾਂ ਨੇ ਟੀਚਰ ਫੈਸਟ ਦੀਆਂ ਦਸ ਵੱਖ-ਵੱਖ ਕੈਟਾਗਰੀਆਂ ਵਿਚ ਹਿੱਸਾ ਲਿਆ। ਇਨ੍ਹਾਂ ਕੈਟਾਗਰੀਆਂ ਵਿਚ ਸਾਇੰਸ ਮਾਡਲ, ਗਣਿਤ ਦੀਆਂ ਗਤੀਵਿਧੀਆਂ, ਭਾਸ਼ਾ ਸਿੱਖਣ ਦੇ ਚਾਰਟ, ਕੈਲੀਗ੍ਰਾਫੀ ਤੇ ਖਾਸ ਤੌਰ ਤੇ ਮਾਈਕ੍ਰੋ ਟੀਚਿੰਗ, ਵਨ ਐਕਟ ਪਲੇਅ ਸ਼ਾਮਲ ਸਨ। ਇਸ ਨਵੀਂ ਪੇਸ਼ਕਾਰੀ ਵਿੱਚ ਅਧਿਆਪਕਾਂ ਨੇ ਛੋਟੇ ਤੇ ਪ੍ਰਭਾਵਸ਼ਾਲੀ ਨਾਟਕਾਂ ਰਾਹੀਂ ਗੁੰਝਲਦਾਰ ਵਿੱਦਿਅਕ ਸੰਕਲਪਾਂ ਨੂੰ ਆਸਾਨੀ ਨਾਲ ਸਮਝਾਉਣ ਦੀ ਕਲਾ ਦਾ ਪ੍ਰਦਰਸ਼ਨ ਕੀਤਾ, ਜੋ ਵਿਦਿਆਰਥੀਆਂ ਨੂੰ ਰਚਨਾਤਮਕ ਢੰਗ ਨਾਲ ਪੜ੍ਹਾਉਣ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਜੇਤੂ ਅਧਿਆਪਕਾਂ ਨੂੰ ਉਨ੍ਹਾਂ ਦੇ ਉਤਮ ਯੋਗਦਾਨ ਲਈ ਟਰਾਫੀਆਂ ਤੇ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੇਸ਼ ਕੁਮਾਰ ਨੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਇਹ ਸਾਰੇ ਨਵੀਨਤਾਕਾਰੀ ਢੰਗ, ਜਿਵੇਂ ਕਿ ਮਾਡਲ, ਚਾਰਟ ਅਤੇ ਖਾਸ ਕਰਕੇ ਐਕਟ ਪਲੇਅ (ਨਾਟਕ), ਸਿਰਫ਼ ਪ੍ਰਦਰਸ਼ਨੀ ਦੀ ਵਸਤੂ ਨਹੀਂ ਹਨ, ਬਲਕਿ ਇਨ੍ਹਾਂ ਨੂੰ ਰੋਜ਼ਾਨਾ ਕਲਾਸ ਰੂਮ ਦੀ ਪੜ੍ਹਾਈ ਵਿਚ ਸ਼ਾਮਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਟੀਚਿੰਗ ਏਡਸ ਅਤੇ ਨਾਟਕੀ ਵਿਧੀਆਂ ਦੀ ਵਰਤੋਂ ਕਰਕੇ ਹੀ ਅਸੀਂ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਗੁਣਾਤਮਕ ਸੁਧਾਰ ਲਿਆ ਸਕਦੇ ਹਾਂ ਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕ ਸਕਦੇ ਹਾਂ। ਰਾਜੇਸ਼ ਖੰਨਾ ਨੇ ਅਧਿਆਪਕਾਂ ਨੂੰ ਇਸੇ ਉਤਸ਼ਾਹ ਨਾਲ ਆਉਣ ਵਾਲੇ ਜ਼ਿਲ੍ਹਾ ਪੱਧਰੀ ਟੀਚਰ ਫੈਸਟ ਵਿਚ ਵੀ ਹੁੰਮ-ਹੁਮਾ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਹ ਸਨਮਾਨ ਸਮਾਰੋਹ ਬਲਾਕ ਵੇਰਕਾ ਵਿਚ ਪੇਸ਼ੇਵਰ ਵਿਕਾਸ ਅਤੇ ਨਵੀਨਤਾਕਾਰੀ ਸਿੱਖਿਆ ਪ੍ਰਤੀ ਸਮਰਪਣ ਦੀ ਇੱਕ ਸਕਾਰਾਤਮਕ ਮਿਸਾਲ ਕਾਇਮ ਕਰਦਾ ਹੋਇਆ ਸਮਾਪਤ ਹੋਇਆ। ਕੈਪਸਨ: ਦੋ ਰੋਜ਼ਾ ਬਲਾਕ ਪੱਧਰੀ ਟੀਚਰ ਫੈਸਟ ਦੇ ਜੇਤੂ ਅਧਿਆਪਕਾ ਦੇ ਨਾਲ ਸਿਿਖਆ ਵਿਭਾਗ ਦੇ ਅਧਿਕਾਰੀ।