Big News : ਅੰਮ੍ਰਿਤਸਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ ਬੱਸ ਤੇ ਟਿੱਪਰ ਦੀ ਭਿਆਨਕ ਟੱਕਰ, 4 ਮੌਤਾਂ; 30 ਤੋਂ ਵੱਧ ਜ਼ਖ਼ਮੀ
ਅੰਮ੍ਰਿਤਸਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ (ਨਜ਼ਦੀਕ ਗੋਪਾਲਪੁਰ) ਇੱਕ ਬੱਸ ਅਤੇ ਡਿਪਰ ਟਰੱਕ ਦੀ ਆਪਸੀ ਟੱਕਰ ਦੌਰਾਨ 4 ਸਵਾਰੀਆਂ ਦੀ ਮੌਕੇ ਤੇ ਮੌਤ ਹੋਣ ਤੇ 30 ਸਵਾਰੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ।
Publish Date: Wed, 03 Dec 2025 09:21 PM (IST)
Updated Date: Wed, 03 Dec 2025 09:51 PM (IST)
ਅਸੀਸ ਭੰਡਾਰੀ, ਪੰਜਾਬੀ ਜਾਗਰਣ, ਚਵਿੰਡਾ ਦੇਵੀ/ਕੱਥੂਨੰਗਲ : ਅੰਮ੍ਰਿਤਸਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ (ਨਜ਼ਦੀਕ ਗੋਪਾਲਪੁਰ) ਇੱਕ ਬੱਸ ਅਤੇ ਡਿਪਰ ਟਰੱਕ ਦੀ ਆਪਸੀ ਟੱਕਰ ਦੌਰਾਨ 4 ਸਵਾਰੀਆਂ ਦੀ ਮੌਕੇ ਤੇ ਮੌਤ ਹੋਣ ਤੇ 30 ਸਵਾਰੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਗੋਪਾਲਪੁਰਾ ਨਜ਼ਦੀਕ ਅੰਮ੍ਰਿਤਸਰ ਪਠਾਨਕੋਟ ਰਾਸ਼ਟਰੀ ਮਾਰਗ 'ਤੇ ਇੱਕ ਪ੍ਰਾਈਵੇਟ ਬੱਸ ਤੇ ਮਿਕਸਰ ਵਾਲੇ ਟਿੱਪਰ ਟਰੱਕ ਦੀ ਆਪਸੀ ਜ਼ਬਰਦਸਤ ਟੱਕਰ ਹੋਣ ਕਾਰਨ 4 ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦ ਕਿ 30 ਤੋਂ ਵੱਧ ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ। ਜ਼ਖ਼ਮੀਆਂ ਵਿੱਚੋਂ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਮੌਤਾਂ ਦੀ ਗਿਣਤੀ ਵੱਧਣ ਦੀ ਦਾ ਖਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ।
ਹਾਦਸੇ ਵਿੱਚ ਮਰਨ ਵਾਲਿਆਂ ਵਿੱਚ ਬੱਸ ਡਰਾਈਵਰ ਤੇ ਇੱਕ 15 ਸਾਲਾ ਬੱਚਾ ਵੀ ਸ਼ਾਮਲ ਹੈ। ਮ੍ਰਿਤਕਾਂ ਦੀ ਪਛਾਣ ਅਜੇ ਪੂਰੀ ਤਰ੍ਹਾਂ ਨਹੀਂ ਹੋ ਸਕੀ ਹੈ।
ਹਾਦਸੇ ਦਾ ਕਾਰਨ
ਚਸ਼ਮਦੀਦਾਂ ਅਨੁਸਾਰ, ਐੱਚਐੱਸ ਪ੍ਰੀਮਿਕਸ ਕੰਪਨੀ ਦਾ ਟਿੱਪਰ (ਨੰਬਰ PB-02-BV-9092) ਆਪਣੇ ਡੰਪ ਵੱਲ ਮੁੜਨ ਲਈ ਬਿਨਾਂ ਸੰਕੇਤ ਦਿੱਤੇ ਅਤੇ ਬਿਨਾਂ ਆਉਂਦੀ-ਜਾਂਦੀ ਟ੍ਰੈਫਿਕ ਵੇਖੇ ਸੜਕ ਪਾਰ ਕਰਨ ਲੱਗ ਪਿਆ। ਇਸੇ ਦੌਰਾਨ ਪਠਾਨਕੋਟ ਤੋਂ ਅੰਮ੍ਰਿਤਸਰ ਵੱਲ ਆ ਰਹੀ ਬੀਟੀਸੀ ਕੰਪਨੀ ਦੀ ਪ੍ਰਾਈਵੇਟ ਬੱਸ (ਨੰਬਰ PB-02-CC-6780) ਤੇਜ਼ ਰਫ਼ਤਾਰ ਨਾਲ ਆਉਂਦੀ ਹੋਈ ਟਿੱਪਰ ਨਾਲ ਸਿੱਧੀ ਟਕਰਾ ਗਈ। ਟਰੱਕ ਤੇ ਬੱਸ ਦੀ ਇਹ ਟੱਕਰ ਇਨੀ ਭਿਆਨਕ ਸੀ ਕਿ ਬੱਸ ਦੀਆਂ ਅੰਦਰਲੀਆਂ ਸਾਰੀਆਂ ਸੀਟਾਂ ਵੀ ਉਖੜ ਗਈਆਂ ਤੇ ਬੱਸ ਦਾ ਅਗਲਾ ਹਿੱਸਾ ਵੀ ਸਾਰਾ ਟੁੱਟ ਗਿਆ। ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪੁਲਿਸ ਤੇ ਐਂਬੂਲੈਂਸਾਂ ਪਹੁੰਚ ਗਈਆਂ ਤੇ ਪੁਲਿਸ ਵੱਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜ਼ਖ਼ਮੀਆਂ ਨੂੰ ਤੁਰੰਤ ਨੇੜਲੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਭੇਜਿਆ ਗਿਆ। ਪੁਲਿਸ ਵਲੋਂ ਦੋਵੇਂ ਵਾਹਨ ਵੀ ਜ਼ਬਤ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ।