ਕੈਨੇਡਾ ਤੋਂ ਪਰਤੇ ਤਿੰਨ ਸਾਲਾ ਬੱਚੇ ਦੀ ਸਵਾਈਨ ਫਲੂ ਨਾਲ ਮੌਤ
ਕੈਨੇਡਾ ਤੋਂ ਅੰਮਿ੍ਤਸਰ ਆਏ ਤਿੰਨ ਸਾਲ ਦੇ ਬੱਚੇ ਦੀ ਸਵਾਈਨ ਫਲੂ ਨਾਲ ਮੌਤ ਹੋ ਗਈ। ਪੰਜਾਬ ਵਿਚ ਇਸ ਨਾਲ ਇਸ ਸਾਲ ਇਹ ਪਹਿਲੀ ਮੌਤ ਹੈ।
Publish Date: Mon, 27 Jan 2020 07:47 PM (IST)
Updated Date: Mon, 27 Jan 2020 07:56 PM (IST)
ਜੇਐੱਨਐੱਨ, ਅੰਮਿ੍ਤਸਰ : ਕੈਨੇਡਾ ਤੋਂ ਅੰਮਿ੍ਤਸਰ ਆਏ ਤਿੰਨ ਸਾਲ ਦੇ ਬੱਚੇ ਦੀ ਸਵਾਈਨ ਫਲੂ ਨਾਲ ਮੌਤ ਹੋ ਗਈ। ਪੰਜਾਬ ਵਿਚ ਇਸ ਨਾਲ ਇਸ ਸਾਲ ਇਹ ਪਹਿਲੀ ਮੌਤ ਹੈ। ਇਹ ਬੱਚਾ ਕੈਨੇਡਾ ਤੋਂ ਆਏ ਪਰਿਵਾਰ ਨਾਲ ਅੰਮਿ੍ਤਸਰ ਹਵਾਈ ਅੱਡੇ 'ਤੇ ਪੁੱਜਾ ਸੀ। ਹਵਾਈ ਅੱਡੇ 'ਤੇ ਹੀ ਉਸ ਦੀ ਹਾਲਤ ਵਿਗੜ ਗਈ।
ਬੱਚੇ ਨੂੰ ਫੌਰਨ ਵੇਰਕਾ ਬਾਈਪਾਸ ਸਥਿਤ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਨੂੰ ਤਿੰਨ ਵਾਰ ਦਿਮਾਗ ਦਾ ਦੌਰਾ ਪਿਆ। ਨਾਲ ਹੀ ਗੁਰਦੇ ਤੇ ਲਿਵਰ ਨਾਕਾਮ ਹੋ ਗਏ ਜਿਸ ਕਾਰਨ ਉਸ ਦੀ ਮੌਤ ਹੋ ਗਈ। ਬੱਚੇ ਦਾ ਨਾਂ ਆਯਾਨ ਸਿੰਘ ਸੀ। ਜਿਸ ਏਅਰਲਾਈਨਜ਼ ਦੇ ਜਹਾਜ਼ ਰਾਹੀਂ ਇਹ ਬੱਚਾ ਕੈਨੇਡਾ ਤੋਂ ਭਾਰਤ ਆਇਆ ਉਹ ਰਾਹ ਵਿਚ ਚੀਨ ਦੇ ਸ਼ੰਗਾਈ ਹਵਾਈ ਅੱਡੇ 'ਤੇ ਛੇ ਘੰਟੇ ਰੁਕਿਆ ਸੀ। ਚੀਨ 'ਚ ਕੋਰੋਨਾ ਵਾਇਰਸ ਦਾ ਕਹਿਰ ਫੈਲਿਆ ਹੈ।
ਇਸ ਵਾਇਰਸ ਨਾਲ ਚੀਨ ਵਿਚ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ ਜਦਕਿ ਸੈਂਕੜੇ ਲੋਕ ਪ੍ਰਭਾਵਿਤ ਹਨ। ਬੱਚੇ ਦਾ ਚੀਨ ਨਾਲ ਕੁਨੈਕਸ਼ਨ ਹੋਣ ਕਾਰਨ ਸਿਹਤ ਵਿਭਾਗ ਨੂੰ ਸ਼ੱਕ ਸੀ ਕਿ ਕਿਤੇ ਇਹ ਵੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਣ ਕਾਰਨ ਮੌਤ ਦੀ ਆਗੋਸ਼ ਵਿਚ ਨਾ ਸਮਾਇਆ ਹੋਵੇ।
ਇਸ ਦੀ ਪੁਸ਼ਟੀ ਲਈ ਸਿਹਤ ਵਿਭਾਗ ਨੇ ਬੱਚੇ ਦੇ ਨਮੂਨੇ ਜਾਂਚ ਲਈ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ਪੁਣੇ ਭੇਜੇੇ ਸਨ। ਇਹ ਸੈਂਪਲ ਵੀ ਹਵਾਈ ਜਹਾਜ਼ ਰਾਹੀਂ ਪੁਣੇ ਭੇਜੇ ਗਏ। ਪੁਣੇ ਤੋਂ ਈਮੇਲ ਆਈ ਜਿਸ ਵਿਚ ਕੋਰੋਨਾ ਵਾਇਰਸ ਨੈਗੇਟਿਵ ਆਇਆ ਜਦਕਿ ਬੱਚੇ ਨੂੰ ਸਵਾਈਨ ਫਲੂ ਦੀ ਪੁਸ਼ਟੀ ਹੋਈ। ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਨੇ ਦੱਸਿਆ ਕਿ ਬੱਚੇ ਦੇ ਪਰਿਵਾਰ ਵਾਲਿਆਂ ਨੂੰ ਸਵਾਈਨ ਫਲੂ ਤੋਂ ਬਚਾਉਣ ਲਈ ਟੈਮੀਫਲੂ ਦਵਾਈ ਖੁਆਈ ਗਈ ਹੈ।
ਹਵਾਈ ਅੱਡੇ 'ਤੇ ਸਕਰੀਨਿੰਗ ਸ਼ੁਰੂ
ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਅੰਮਿ੍ਤਸਰ ਵਿਖੇ ਚੀਨ ਤੋਂ ਆਉਣ ਵਾਲੇ ਲੋਕਾਂ ਦੀ ਸਕਰੀਨਿੰਗ ਸ਼ੁਰੂ ਕਰ ਦਿੱਤੀ ਗਈ ਹੈ। ਸੋਮਵਾਰ ਨੂੰ ਡਾਕਟਰਾਂ ਦੀ ਟੀਮ ਨੇ ਲੋਕਾਂ ਦੀ ਜਾਂਚ ਕੀਤੀ। ਚੀਨ ਵਿਚ ਕੋਰੋਨਾ ਵਾਇਰਸ ਵੱਲੋਂ ਮਚਾਈ ਜਾ ਰਹੀ ਤਬਾਹੀ ਪਿੱਛੋਂ ਸਿਹਤ ਵਿਭਾਗ ਨੇ ਹਵਾਈ ਅੱਡੇ 'ਤੇ ਪੁਖ਼ਤਾ ਇੰਤਜ਼ਾਮ ਕੀਤੇ ਹਨ। ਨਾਲ ਹੀ ਪਿਛਲੇ ਡੇਢ ਮਹੀਨੇ ਵਿਚ ਚੀਨ ਤੋਂ ਅੰਮਿ੍ਤਸਰ ਪੁੱਜੇ ਲੋਕਾਂ ਦੇ ਘਰ ਜਾ ਕੇ ਉਨ੍ਹਾਂ ਦੀ ਸਕਰੀਨਿੰਗ ਕਰਨ ਦਾ ਫ਼ੈਸਲਾ ਲਿਆ ਹੈ।