ਜੰਡਿਆਲਾ ਗੁਰੂ ਵਿਖੇ ਡਾ. ਅੰਬੇਡਕਰ ਦੀ ਮੂਰਤੀ ਸਥਾਪਿਤ
ਕੁਲਦੀਪ ਸਿੰਘ ਭੁੱਲਰ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਬਰਸੀ ਮੌਕੇ ਜੰਡਿਆਲਾ ਗੁਰੂ ਵਿਖੇ ਲੋਕਾਂ ਦੀ ਕਈ ਅਰਸਿਆਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦੇ ਹੋਏ
Publish Date: Sun, 07 Dec 2025 04:23 PM (IST)
Updated Date: Sun, 07 Dec 2025 04:27 PM (IST)

ਕੁਲਦੀਪ ਸਿੰਘ ਭੁੱਲਰ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਬਰਸੀ ਮੌਕੇ ਜੰਡਿਆਲਾ ਗੁਰੂ ਵਿਖੇ ਲੋਕਾਂ ਦੀ ਕਈ ਅਰਸਿਆਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦੇ ਹੋਏ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਯਤਨਾਂ ਸਦਕਾ ਡਾ. ਅੰਬੇਡਕਰ ਦੀ ਪ੍ਰਤਿਮਾ ਮੁਹੱਲਾ ਪਟੇਲ ਨਗਰ ਜੰਡਿਆਲਾ ਗੁਰੂ ਵਿਖੇ ਸਥਾਪਿਤ ਕੀਤੀ ਗਈ ਅਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦੇ ਹੋਏ ਕਿਹਾ ਕਿ ਡਾ. ਅੰਬੇਡਕਰ ਦੀ ਇਹ ਪ੍ਰਤਿਮਾ ਨਵੀਂ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਬਣੇਗੀ ਅਤੇ ਉਨ੍ਹਾਂ ਨੂੰ ਆਪਣੇ ਅਧਿਕਾਰਾਂ, ਜ਼ਿੰਮੇਵਾਰੀਆਂ ਅਤੇ ਰਾਸ਼ਟਰ ਨਿਰਮਾਣ ਵਿਚ ਆਪਣੀ ਭੂਮਿਕਾ ਨੂੰ ਸਮਝਣ ਲਈ ਪ੍ਰੇਰਿਤ ਕਰੇਗੀ। ਇਸ ਮੌਕੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਉਮੀਦਵਾਰ, ਸਮੂਹ ਪੰਚਾਇਤਾਂ ਅਤੇ ਹੋਰ ਸੀਨੀਅਰ ਆਗੂ ਵੀ ਮੌਜੂਦ ਰਹੇ। ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਡਾਕਟਰ ਅੰਬੇਡਕਰ ਵੱਲੋਂ ਲਏ ਗਏ ਸੁਪਨਿਆਂ ਨੂੰ ਪੂਰਾ ਕਰਨ ਵਾਲੀ ਪਹਿਲੀ ਸਰਕਾਰ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਇਸ ਸਰਕਾਰ ਵਿਚ ਪਹਿਲਾਂ ਅਨੁਸੂਚਿਤ ਜਾਤੀ ਭਾਈਚਾਰੇ ਵਿੱਚੋਂ ਛੇ ਮੰਤਰੀ ਵੱਡੇ ਵਿਭਾਗਾਂ ਦੀਆਂ ਜਿੰਮੇਵਾਰੀਆਂ ਨਿਭਾ ਰਹੇ ਹਨ, ਉੱਥੇ ਪੰਜਾਬ ਸਰਕਾਰ ਨੇ ਰਾਜ ਦੇ ਕਾਨੂੰਨੀ ਮਾਮਲਿਆਂ ਦੀ ਪੈਰਵਾਈ ਕਰਨ ਵਾਲੇ ਐਡਵੋਕੇਟ ਜਨਰਲ ਦੇ ਦਫਤਰ ਵਿਚ ਰੱਖੇ ਜਾਣ ਵਾਲੇ ਵੱਖ-ਵੱਖ ਖੇਤਰਾਂ ਦੇ ਮਾਹਿਰ ਵਕੀਲਾਂ ਵਿਚ ਵੀ ਰਾਖਵਾਂ ਕਰਨ ਦੀ ਸਹੂਲਤ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਪੰਜਾਬ ਵਿਚ ਪਹਿਲੀ ਵਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਰੇਕ ਸਰਕਾਰੀ ਨੌਕਰੀ ਵਿੱਚ ਪਿਆ ਭਾਈਚਾਰੇ ਦਾ ਬੈਕਲਾਗ ਪਹਿਲ ਦੇ ਅਧਾਰ ਉੱਤੇ ਭਰਿਆ ਗਿਆ ਹੈ।