ਸ਼ਰਮਨਾਕ: ਪਾਦਰੀ ਨੂੰ ਕੋਲਕਾਤਾ ਬੁਲਾ ਕੇ ਚਰਚ ਦੇ ਖਾਤੇ 'ਚੋਂ 6 ਕਰੋੜ ਰੁਪਏ ਉਡਾਏ; ਸ਼ਾਤਰ ਠੱਗਾਂ ਨੇ ਵੱਖ-ਵੱਖ ਬੈਂਕ ਖਾਤਿਆਂ 'ਚ ਭੇਜੀ ਰਕਮ
‘ਦਿ ਗ੍ਰੇਸ ਐਂਡ ਮਿਰੈਕਲਸ ਵੈਲਫੇਅਰ ਸੋਸਾਇਟੀ ਤੇ ਜੱਲੋਵਾਲ ਚਰਚ’ ਦੇ ਬੈਂਕ ਖਾਤਿਆਂ ਤੋਂ ਹੈਕਰਾਂ ਵੱਲੋਂ 6 ਕਰੋੜ ਤੋਂ ਵੱਧ ਦਾ ਫੰਡ ਵੱਖ-ਵੱਖ ਬੈਂਕ ਖਾਤਿਆਂ ਵਿਚ ਟ੍ਰਾਂਸਫਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚਰਚ ਦੇ ਪਾਦਰੀ ਚੰਨਪ੍ਰੀਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ, ਡੀਜੀਪੀ ਗੌਰਵ ਯਾਦਵ, ਐੱਸਐੱਸਪੀ (ਜਲੰਧਰ), ਸਾਈਬਰ ਸੈੱਲ ਅਤੇ ਕਈ ਹੋਰ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
Publish Date: Sun, 25 Jan 2026 10:31 AM (IST)
Updated Date: Sun, 25 Jan 2026 10:32 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ‘ਦਿ ਗ੍ਰੇਸ ਐਂਡ ਮਿਰੈਕਲਸ ਵੈਲਫੇਅਰ ਸੋਸਾਇਟੀ ਤੇ ਜੱਲੋਵਾਲ ਚਰਚ’ ਦੇ ਬੈਂਕ ਖਾਤਿਆਂ ਤੋਂ ਹੈਕਰਾਂ ਵੱਲੋਂ 6 ਕਰੋੜ ਤੋਂ ਵੱਧ ਦਾ ਫੰਡ ਵੱਖ-ਵੱਖ ਬੈਂਕ ਖਾਤਿਆਂ ਵਿਚ ਟ੍ਰਾਂਸਫਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚਰਚ ਦੇ ਪਾਦਰੀ ਚੰਨਪ੍ਰੀਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ, ਡੀਜੀਪੀ ਗੌਰਵ ਯਾਦਵ, ਐੱਸਐੱਸਪੀ (ਜਲੰਧਰ), ਸਾਈਬਰ ਸੈੱਲ ਅਤੇ ਕਈ ਹੋਰ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਇਸ ਕੇਸ ਦੀ ਪੈਰਵੀ ਕਰ ਰਹੇ ਵਕੀਲ ਨਵੀਨ ਕੁਮਾਰ ਮਹਾਜਨ ਨੇ ਦੱਸਿਆ ਕਿ ਫਿਲੌਰ ਦੇ ਬਿਲਗਾ ਪਿੰਡ ਦੇ ਰਹਿਣ ਵਾਲੇ ਚੰਨਪ੍ਰੀਤ ਸਿੰਘ ਨੇ ਪੰਜ ਸਾਲ ਪਹਿਲਾਂ ਜੱਲੋਵਾਲ ਚਰਚ ਵਿਚ ਸੇਵਾ ਕਰਨੀ ਸ਼ੁਰੂ ਕੀਤੀ ਸੀ। ਚਰਚ ਦੇ ਵਿਕਾਸ ਲਈ ਫੰਡਾਂ ਦੀ ਲੋੜ ਸੀ, ਇਸ ਮਕਸਦ ਲਈ ਉਨ੍ਹਾਂ ਨੇ ਚਰਚ ਦੇ ਨਾਂ 'ਤੇ ਦਾ ਗ੍ਰੇਸ ਐਂਡ ਮਿਰੇਕਲਸ ਵੈਲਫੇਅਰ ਸੋਸਾਇਟੀ’ ਰਜਿਸਟਰ ਕਰਵਾਈ ਸੀ। ਉਨ੍ਹਾਂ ਨੇ ਐਕਸਿਸ ਬੈਂਕ ਵਿਚ ਖਾਤਾ ਵੀ ਖੁਲ੍ਹਵਾਇਆ ਸੀ ਅਤੇ ਚਰਚ ਨੂੰ ਪ੍ਰਾਪਤ ਦਾਨ ਇਸ ਬੈਂਕ ਖਾਤੇ ਵਿਚ ਜਮ੍ਹਾ ਕੀਤਾ ਜਾਂਦਾ ਸੀ। ਪਿਛਲੇ ਸਾਲ ਅਗਸਤ ਵਿਚ ਤ੍ਰਾਸਦੀ ਤੋਂ ਰਾਹਤ ਲਈ ਉਨ੍ਹਾਂ ਦੀ ਮੰਗ 'ਤੇ ਚਰਚ ਨੂੰ ਕੁਝ ਪੈਸੇ ਦਿੱਤੇ ਗਏ ਸਨ। ਇਸ ਸਾਲ ਜਨਵਰੀ ਵਿਚ ਉਨ੍ਹਾਂ ਦੀ ਮੁਲਾਕਾਤ ਕਲਕੱਤਾ ਦੇ ਤਾਨਿਸ਼, ਤੁਲਲ ਅਤੇ ਮਨੀਰ ਨਾਲ ਹੋਈ ਸੀ। ਤਿੰਨਾਂ ਨੇ ਕਿਹਾ ਕਿ ਉਹ ਕਲਕੱਤਾ ਤੋਂ ਚਰਚ ਲਈ ਫੰਡ ਦੇ ਸਕਦੇ ਹਨ।
ਵਕੀਲ ਨੇ ਦੱਸਿਆ ਕਿ ਚੰਨਪ੍ਰੀਤ 12 ਜਨਵਰੀ ਨੂੰ ਜਲੰਧਰ ਤੋਂ ਕਲਕੱਤਾ ਪਹੁੰਚਿਆ ਤੇ ਤਿੰਨਾਂ ਨੂੰ ਮਿਲਿਆ। ਉਸ ਸਮੇਂ ਤੱਕ ਉਸ ਦੇ ਚਰਚ ਦੇ ਬੈਂਕ ਖਾਤੇ ਵਿਚ 6 ਕਰੋੜ ਤੋਂ ਵੱਧ ਰੁਪਏ ਜਮ੍ਹਾਂ ਹੋ ਚੁੱਕੇ ਸਨ। ਵਾਪਸ ਆਉਣ 'ਤੇ ਤਿੰਨਾਂ ਜਣਿਆਂ ਨੇ ਉਸ ਨੂੰ ਧਮਕੀਆਂ ਦਿੱਤੀਆਂ ਅਤੇ ਉਸ ਦਾ ਮੋਬਾਈਲ ਫੋਨ ਅਤੇ ਸਾਮਾਨ ਰੱਖ ਲਿਆ। 19 ਜਨਵਰੀ ਨੂੰ ਇਹ ਰਕਮ ਉਨ੍ਹਾਂ ਦੇ ਬੈਂਕ ਖਾਤੇ ਤੋਂ 5,000 ਵਾਰ ਦੂਜੇ ਬੈਂਕ ਖਾਤਿਆਂ ਵਿਚ ਟ੍ਰਾਂਸਫਰ ਕੀਤੀ ਗਈ। ਬਾਅਦ ਵਿਚ ਤਿੰਨਾਂ ਜਣਿਆਂ ਨੇ ਉਨ੍ਹਾਂ ਦਾ ਸਾਮਾਨ ਕੋਰੀਅਰ ਰਾਹੀਂ ਘਰ ਭੇਜ ਦਿੱਤਾ। ਪੀੜਤ ਪਾਦਰੀ ਨੇ ਸਰਕਾਰ ਅਤੇ ਪੁਲਿਸ ਤੋਂ ਪੈਸੇ ਵਾਪਸ ਦਿਵਾਉਣ ਅਤੇ ਤਿੰਨਾਂ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।