ਸ਼੍ਰੋਮਣੀ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਬਲੀਕੇਸ਼ਨ ਵਿਭਾਗ, ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤਿਆਰ ਕਰਵਾ ਕੇ ਸੰਗਤ ਦੀ ਮੰਗ ਮੁਤਾਬਕ ਮੁਹਈਆ ਕਰਵਾਏ ਜਾਂਦੇ ਹਨ।

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤ ਤੇ ਗੁਰਦੁਆਰਾ ਸਾਹਿਬਾਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਮੁਹੱਈਆ ਕਰਵਾਉਣ ਦੀ ਸੇਵਾ 20 ਮਈ ਤੱਕ ਰੋਕਣ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026’ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ਨ ਤੇ ਸੰਗਤ ਨੂੰ ਪਾਵਨ ਸਰੂਪ ਮੁਹਈਆ ਕਰਵਾਉਣ ਦੇ ਨਿਯਮਾਂ ’ਚ ਤਕਨੀਕੀ ਤਬਦੀਲੀ ਦੇ ਮੱਦੇਨਜ਼ਰ ਕੀਤਾ ਗਿਆ ਹੈ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਬਲੀਕੇਸ਼ਨ ਵਿਭਾਗ, ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤਿਆਰ ਕਰਵਾ ਕੇ ਸੰਗਤ ਦੀ ਮੰਗ ਮੁਤਾਬਕ ਮੁਹਈਆ ਕਰਵਾਏ ਜਾਂਦੇ ਹਨ। ਭਾਵੇਂ ਇਨ੍ਹਾਂ ਪਾਵਨ ਸਬੰਧੀ ਪਹਿਲਾਂ ਤੋਂ ਹੀ ਮੁਕੰਮਲ ਰਿਕਾਰਡ ਰੱਖਿਆ ਜਾਂਦਾ ਹੈ ਲੇਕਿਨ ਹੁਣ ਇਹ ਕਾਰਜ ਨਵੀਆਂ ਤਰਜੀਹਾਂ ਤੇ ਸੇਧਾਂ ਅਨੁਸਾਰ ਕੀਤਾ ਜਾਵੇਗਾ। ਇਸ ਲਈ ਸ਼੍ਰੋਮਣੀ ਕਮੇਟੀ ਵੱਲੋਂ ਨਵੀਂ ਨੀਤੀ ਲਾਗੂ ਕੀਤੀ ਜਾ ਰਹੀ ਹੈ। ਇਸ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦਾ ਡਿਜੀਟਲ ਰਿਕਾਰਡ ਸਿਸਟਮ ਤਿਆਰ ਕਰਨ ਤੇ ਉਸ ਨੂੰ ਵੈਬਸਾਈਟ ’ਤੇ ਪ੍ਰਕਾਸ਼ਤ ਕਰਨ ਲਈ ਤਕਨੀਕੀ ਤੇ ਪ੍ਰਬੰਧਕੀ ਤਬਦੀਲੀਆਂ ਜਾਰੀ ਹਨ। ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਇਸ ਨਵੀਂ ਨੀਤੀ ਨੂੰ ਲਾਗੂ ਕਰਨ ਤੀਕ ਸੰਗਤ ਨੂੰ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਮੁਹੱਈਆ ਨਹੀਂ ਕਰਵਾਏ ਜਾ ਸਕਣਗੇ। ਇਸ ਲਈ 20 ਮਈ ਤੋਂ ਬਾਅਦ ਹੀ ਸੰਗਤ ਪਾਵਨ ਸਰੂਪ ਪ੍ਰਾਪਤ ਕਰ ਸਕੇਗੀ।
ਇਹ ਹੋਣਗੇ ਨਵੇਂ ਨਿਯਮ
-ਨਵੀਂ ਨੀਤੀ ਤਹਿਤ ਸੰਗਤ ਵੱਲੋਂ ਮੰਗ ਆਉਣ ’ਤੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਾ ਪ੍ਰਕਾਸ਼ਨ ਹੋਵੇਗਾ। ਪਾਵਨ ਸਰੂਪ ਸਿਰਫ਼ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਸਥਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਤੋਂ ਹੀ ਪ੍ਰਾਪਤ ਹੋਣਗੇ। ਤਖ਼ਤ ਸਾਹਿਬਾਨ ਤੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਤੋਂ ਸਰੂਪ ਪ੍ਰਾਪਤ ਨਹੀਂ ਹੋ ਸਕਣਗੇ।
-ਪਾਵਨ ਸਰੂਪ ਪ੍ਰਾਪਤ ਕਰਨ ਵਾਲੀ ਗੁਰਦੁਆਰਾ ਕਮੇਟੀ ਤੇ ਸੰਗਤ ਤੋਂ ਫੋਟੋਆਂ ਸਮੇਤ ਹੋਰ ਪਛਾਣ ਪੱਤਰ ਲਏ ਜਾਣਗੇ। ਇਹ ਸਾਰੇ ਦਸਤਾਵੇਜ਼ ਡਿਜੀਟਲ ਮਾਧਿਅਮ ਰਾਹੀਂ ਸ਼੍ਰੋਮਣੀ ਕਮੇਟੀ ਅਤੇ ਪ੍ਰਕਾਸ਼ਨ ਵਿਭਾਗ ਕੋਲ ਰਿਕਾਰਡ ਦੇ ਰੂਪ ’ਚ ਸੰਭਾਲੇ ਰਹਿਣਗੇ।
-ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਇੱਕ ਵਿਲੱਖਣ ਪਛਾਣ ਅੰਕ ਦਿੱਤਾ ਜਾਵੇਗਾ। ਜਿਸ ’ਚ ਇਸ ਨੂੰ ਹਾਸਲ ਕਰਨ ਵਾਲੀ ਗੁਰਦੁਆਰਾ ਕਮੇਟੀ, ਸੰਗਤ ਦਾ ਸਾਰਾ ਵੇਰਵਾ ਜੋੜਿਆ ਜਾਵੇਗਾ। ਪਬਲੀਕੇਸ਼ਨ ਵਿਭਾਗ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ’ਚ ਇਸ ਨੂੰ ਕਿਸੇ ਵੀ ਸਮੇਂ ਦੇਖਿਆ ਜਾ ਸਕੇਗਾ।
-ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈਣ ਵਾਲੀ ਗੁਰਦੁਆਰਾ ਕਮੇਟੀ ਜਾਂ ਸੰਗਤ ਨੂੰ ਇਕ ਪ੍ਰਮਾਣ ਪੱਤਰ ਦਿੱਤਾ ਜਾਵੇਗਾ। ਇਸ ਦੀ ਇਕ ਕਾਪੀ ਪਬਲੀਕੇਸ਼ਨ ਵਿਭਾਗ ਕੋਲ ਮੌਜੂਦ ਰਹੇਗੀ ਤੇ ਇਸ ਦਾ ਡਿਜੀਟਲ ਰੂਪ ਆਪਣੇ ਆਪ ਸ਼੍ਰੋਮਣੀ ਕਮੇਟੀ ਦੇ ਸਰਵਰ ’ਤੇ ਹਮੇਸ਼ਾਂ ਲਈ ਸੁਰੱਖਿਅਤ ਹੋ ਜਾਵੇਗਾ।
-ਸੰਗਤ ਨੂੰ ਦਿੱਤੇ ਜਾਣ ਵਾਲੇ ਪ੍ਰਮਾਣ ਪੱਤਰ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਸਬੰਧੀ, ਮਰਿਆਦਾ ਤੇ ਨਿਯਮਾਂ ਦੀ ਵਿਸਥਾਰਤ ਜਾਣਕਾਰੀ ਦਰਜ ਹੋਵੇਗੀ। ਸੰਗਤ ਤੋਂ ਇਨ੍ਹਾਂ ਨਿਯਮਾਂ ਦੀ ਪਾਲਣਾ ਦੀ ਜ਼ਿੰਮੇਵਾਰੀ ਦਾ ਪ੍ਰਣ ਲਿਆ ਜਾਵੇਗਾ।
-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਲ 2013 ਦੇ ਆਦੇਸ਼ ਦੀ ਰੋਸ਼ਨੀ ’ਚ ਕਬਰਾਂ, ਸਮਾਧਾਂ ਤੇ ਜਠੇਰਿਆਂ ਆਦਿ ਥਾਵਾਂ ’ਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਮਨਾਹੀ ਰਹੇਗੀ। ਇਸ ਹੁਕਮਨਾਮੇ ਦਾ ਪਾਲਣ ਕਰਵਾਉਣ ਦੀ ਜਿੰਮੇਵਾਰੀ ਵੀ ਸਥਾਨਕ ਗੁਰਦੁਆਰਾ ਕਮੇਟੀਆਂ ਦੀ ਹੋਵੇਗੀ।