ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪਹਿਲਾਂ 9 ਜਨਵਰੀ 2022 ਤੇ ਫਿਰ 29 ਦਸੰਬਰ 2022 ਨੂੰ ਆਇਆ ਸੀ। ਇਸ ਤਰ੍ਹਾਂ 2023 ਦੀ ਬਜਾਏ ਹੁਣ ਅਗਲਾ ਪ੍ਰਕਾਸ਼ ਪੁਰਬ 17 ਜਨਵਰੀ 2024 ਨੂੰ ਹੋਵੇਗਾ।
ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਫੱਗਣ ਦੀ ਸੰਗਰਾਂਦ ਮੌਕੇ ਜਾਰੀ ਕੀਤੇ ਨਾਨਕਸ਼ਾਹੀ ਸੰਮਤ 555 (ਸੰਨ 2023-24) ਕੈਲੰਡਰ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸਾਲ 2023 ’ਚ ਨਹੀਂ ਹੈ ਤੇ ਨਾਨਕਸ਼ਾਹੀ ਸੰਮਤ 555 ’ਚ ਹੋਲੇ ਮਹੱਲੇ ਦਾ ਪੁਰਬ ਨਹੀਂ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਮੁੱਖ ਸ਼ਖ਼ਸੀਅਤਾਂ ਦੀ ਮੌਜੂਦਗੀ ’ਚ ਨਾਨਕਸ਼ਾਹੀ ਸੰਮਤ 555 ਕਲੰਡਰ ਜਾਰੀ ਕੀਤਾ। ਇਸ ਵਾਰ ਦਾ ਨਾਨਕਸ਼ਾਹੀ ਕੈਲੰਡਰ ਅਕਾਲੀ ਬਾਬਾ ਫੂਲਾ ਸਿੰਘ ਦੇ 200 ਸਾਲਾ ਸ਼ਹੀਦੀ ਦਿਹਾੜੇ, ਸਰਦਾਰ ਜੱਸਾ ਸਿੰਘ ਰਾਮਗੜੀਆ ਦੇ 300 ਸਾਲਾ ਜਨਮ ਦਿਹਾੜੇ ਤੇ ਜੈਤੋ ਦੇ ਮੋਰਚੇ ਦੇ 100 ਸਾਲਾ ਨੂੰ ਸਮਰਪਿਤ ਕੀਤਾ ਗਿਆ ਹੈ। ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਕਾਸ਼ਤ ਕੀਤੇ ਗਏ ਇਸ ਕੈਲੰਡਰ ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਆ ਰਹੇ ਸ਼ਤਾਬਦੀ ਦਿਹਾੜਿਆਂ ਨਾਲ ਸਬੰਧਤ ਤਸਵੀਰਾਂ ਲਗਾਈਆਂ ਗਈਆਂ ਹਨ।
ਪਿਛਲੇ ਸਾਲ 2022 ’ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪਹਿਲਾਂ 9 ਜਨਵਰੀ 2022 ਤੇ ਫਿਰ 29 ਦਸੰਬਰ 2022 ਨੂੰ ਆਇਆ ਸੀ। ਇਸ ਤਰ੍ਹਾਂ 2023 ਦੀ ਬਜਾਏ ਹੁਣ ਅਗਲਾ ਪ੍ਰਕਾਸ਼ ਪੁਰਬ 17 ਜਨਵਰੀ 2024 ਨੂੰ ਹੋਵੇਗਾ।
ਇਸੇ ਤਰ੍ਹਾਂ ਨਾਨਕਸ਼ਾਹੀ ਸੰਮਤ 554 ’ਚ ਹੋਲਾ ਮਹੱਲਾ 19 ਮਾਰਚ 2022 ਤੇ 8 ਮਾਰਚ 2023 ’ਚ ਦੋ ਵਾਰ ਆਇਆ ਹੈ। ਜਦ ਕਿ ਨਾਨਕਸ਼ਾਹੀ ਸੰਮਤ 555 ’ਚ ਹੋਲਾ ਮਹੱਲਾ ਨਹੀਂ ਆ ਰਿਹਾ। ਨਾਨਕਸ਼ਾਹੀ ਸੰਮਤ 556 ’ਚ ਹੋਲਾ ਮਹੱਲਾ 25 ਮਾਰਚ 2025 ’ਚ ਆਵੇਗਾ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤਾ ਜਾਂਦਾ ਕਲੰਡਰ ਸਿੱਖ ਦਿਨ-ਤਿਉਹਾਰਾਂ ਨਾਲ ਸਬੰਧਤ ਤਰੀਕਾਂ ਕਾਰਨ ਵਿਵਾਦਾ ਵਿਚ ਰਹਿੰਦਾ ਹੈ। ਨਾ ਤਾਂ ਕਲੰਡਰ ’ਚ ਬਿਕਰਮੀ ਸੰਮਤ ਅਨੁਸਾਰ ਤੇ ਨਾ ਹੀ ਨਾਨਕਸ਼ਾਹੀ ਸੰਮਤ ਅਨੁਸਾਰ ਦਿਨ ਦਿਹਾੜੇ ਪੂਰੇ ਆਉਂਦੇ ਹਨ। ਤਰੀਕਾਂ ’ਚ ਇਸ ਵਖਰੇਵੇਂ ਕਾਰਨ ਸੰਗਤ ’ਚ ਅਕਸਰ ਵਿਵਾਦ ਰਹਿੰਦਾ ਹੈ।
ਕਈ ਤਰੀਕਾਂ ’ਚ ਹੈ ਵਖਰੇਵਾਂ
ਨਾਨਕਸ਼ਾਹੀ ਸੰਮਤ 555 ਅਨੁਸਾਰ ਸ਼ਹੀਦੀ ਗੁਰਪੁਰਬ ਸ੍ਰੀ ਗੁਰੂ ਅਰਜਨ ਦੇਵ ਜੀ 23 ਮਈ 2023, ਜਦ ਕਿ 554 ਅਨੁਸਾਰ 3 ਜੂਨ ਤੇ ਮੂਲ ਨਾਨਕਸ਼ਾਹੀ ਕਲੰਡਰ 2003 ਅਨੁਸਾਰ 16 ਜੂਨ ਨੂੰ ਆਉਂਦਾ ਹੈ। ਸੰਮਤ 555 ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ 17 ਅਗਸਤ 2023, ਜਦ ਕਿ 554 ਅਨੁਸਾਰ 28 ਅਗਸਤ ਤੇ ਮੂਲ ਨਾਨਕਸ਼ਾਹੀ ਕਲੰਡਰ 2003 ਅਨੁਸਾਰ 1 ਸਤੰਬਰ ਨੂੰ ਆਉਂਦਾ ਹੈ। ਸੰਮਤ 555 ਅਨੁਸਾਰ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਰਾਮਦਾਸ ਜੀ 30 ਅਕਤੂਬਰ 2023, ਜਦ ਕਿ 554 ਅਨੁਸਾਰ 11 ਅਕਤੂਬਰ ਤੇ ਮੂਲ ਨਾਨਕਸ਼ਾਹੀ ਕਲੰਡਰ 2003 ਅਨੁਸਾਰ 8 ਅਕਤੂਬਰ ਨੂੰ ਆਉਂਦਾ ਹੈ।
ਸੰਗਤ ਨਾਨਕਸ਼ਾਹੀ ਸੰਮਤ ਮੁਤਾਬਕ ਮਨਾਏ ਦਿਨ-ਤਿਉਹਾਰ : ਧਾਮੀ
ਕੈਲੰਡਰ ਜਾਰੀ ਕਰਨ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਸ ਸਾਲ ਅਹਿਮ ਸ਼ਤਾਬਦੀ ਦਿਹਾੜੇ ਆ ਰਹੇ ਹਨ, ਜੋ ਕੌਮੀ ਇਕਜੁਟਤਾ ਨਾਲ ਮਨਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਵਾਰ ਨਾਨਕਸ਼ਾਹੀ ਸੰਮਤ 555 ਦਾ ਕੈਲੰਡਰ ਆਮ ਨਾਲੋਂ ਇਕ ਮਹੀਨਾ ਪਹਿਲਾਂ ਜਾਰੀ ਕੀਤਾ ਗਿਆ ਹੈ। ਇਸ ਦਾ ਮੰਤਵ ਸੰਗਤ ਨੂੰ ਗੁਰਪੁਰਬਾਂ ਤੇ ਇਤਿਹਾਸਕ ਦਿਹਾੜਿਆਂ ਬਾਰੇ ਅਗਾਊਂ ਜਾਣਕਾਰੀ ਦੇਣਾ ਹੈ। ਉਨ੍ਹਾਂ ਕੌਮ ਨੂੰ ਅਪੀਲ ਕੀਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਇਸ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰਪੁਰਬ ਤੇ ਇਤਿਹਾਸਕ ਦਿਹਾੜੇ ਮਨਾਏ ਜਾਣ, ਤਾਂ ਜੋ ਕੌਮ ’ਚ ਇਕਸਾਰਤਾ ਤੇ ਇਕਜੁਟਤਾ ਕਾਇਮ ਰਹੇ।