ਬੇਅਦਬੀ ਕਾਨੂੰਨ 'ਚੋਂ ਨਾ-ਮਨਜ਼ੂਰ ਮੱਦਾਂ ਨੂੰ ਹਟਾਉਣ ਲਈ ਪੰਜਾਬ ਸਰਕਾਰ ਨੂੰ ਦਿੱਤਾ 15 ਦਿਨ ਦਾ ਸਮਾਂ - ਜਥੇਦਾਰ ਗੜਗੱਜ
ਉਹਨਾਂ ਨੇ ਕੁਲਤਾਰ ਸਿੰਘ ਸੰਧਵਾਂ ਨੂੰ ਇਹ ਵੀ ਕਿਹਾ ਹੈ ਕਿ 15 ਦਿਨਾਂ ਦੇ ਅੰਦਰ ਵਿਸ਼ੇਸ਼ ਇਜਲਾਸ ਸੱਦੋ ਅਤੇ ਜਿਹੜੀਆਂ ਬੇਅਦਬੀ ਕਾਨੂੰਨ ਵਿੱਚ ਮੱਦਾਂ ਪੰਥ ਨੂੰ ਮਨਜ਼ੂਰ ਨਹੀਂ ਹਨ ਉਹ ਮੱਦਾਂ ਉਸ ਵਿੱਚੋਂ ਹਟਾਈਆਂ ਜਾਣ ।
Publish Date: Fri, 08 May 2026 02:03 PM (IST)
Updated Date: Fri, 08 May 2026 02:07 PM (IST)

ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ :ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਉਨ੍ਹਾਂ ਨੇ ਕੁਲਤਾਰ ਸਿੰਘ ਸੰਧਵਾਂ ਰਾਹੀਂ ਸਰਕਾਰ ਨੂੰ 15 ਦਿਨ ਦਾ ਸਮਾਂ ਦਿੱਤਾ ਹੈ। ਉਨ੍ਹਾਂ ਨੇ ਕੁਲਤਾਰ ਸਿੰਘ ਸੰਧਵਾਂ ਨੂੰ ਇਹ ਵੀ ਕਿਹਾ ਹੈ ਕਿ 15 ਦਿਨਾਂ ਦੇ ਅੰਦਰ ਵਿਸ਼ੇਸ਼ ਇਜਲਾਸ ਸੱਦੋ ਅਤੇ ਜਿਹੜੀਆਂ ਬੇਅਦਬੀ ਕਾਨੂੰਨ ਵਿੱਚ ਮੱਦਾਂ ਪੰਥ ਨੂੰ ਮਨਜ਼ੂਰ ਨਹੀਂ ਹਨ ਉਹ ਮੱਦਾਂ ਉਸ ਵਿੱਚੋਂ ਹਟਾਈਆਂ ਜਾਣ । ਜੇਕਰ ਸਰਕਾਰ ਨੇ ਇਸ ਤਰ੍ਹਾਂ ਨਾ ਕੀਤਾ ਤਾਂ 15 ਦਿਨ ਬਾਅਦ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸੱਦ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਪਣਾ ਫੈਸਲਾ ਸੁਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੀਆਂ ਮੱਦਾ ਪੰਥ ਨੂੰ ਮਨਜ਼ੂਰ ਨਹੀਂ ਹਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਹੈ ਕਿ ਉਹ ਮੱਦਾਂ ਪੰਥ ਨਾ ਪ੍ਰਵਾਨ ਕਰੇ ਅਤੇ ਨਾ ਹੀ ਮੰਨੇ । ਉਨ੍ਹਾਂ ਕਿਹਾ ਕਿ ਇਹਨਾਂ ਮੱਦਾ ਵਿੱਚ ਪ੍ਰਬੰਧਕਾਂ, ਗ੍ਰੰਥੀਆਂ, ਸੇਵਾਦਾਰਾਂ ਅਤੇ ਮਰਿਆਦਾ ਨੂੰ ਦੇਖਣ ਦਾ ਅਧਿਕਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਪੰਥ ਨੂੰ ਹੈ। ਜੋ ਸਰਕਾਰਾਂ ਨੂੰ ਦਖਲ ਦੇਣ ਦਾ ਅਧਿਕਾਰ ਕਦੀ ਵੀ ਨਹੀਂ ਦਿੱਤਾ ਜਾ ਸਕਦਾ । ਉਨ੍ਹਾਂ ਕਿਹਾ ਕਿ ਬੇਅਦਬੀ ਕਰਨ ਵਾਲੇ ਨੂੰ ਸਖਤ ਸਜ਼ਾ ਦਾ ਕਾਨੂੰਨ ਪ੍ਰਵਾਨ ਹੈ ਪਰ ਜਿਹੜੀਆਂ ਮੱਦਾਂ ਦੇ ਨਾਲ ਪੰਥ ਨੂੰ ਗੁਰੂ ਗ੍ਰੰਥ ਤੋਂ ਦੂਰ ਕੀਤਾ ਜਾ ਰਿਹਾ ਹੈ ਉਹ ਕਦੇ ਵੀ ਪ੍ਰਵਾਨ ਨਹੀਂ ਕੀਤੀਆਂ ਜਾ ਸਕਦੀਆਂ ।