ਪੰਜਾਬ 'ਚ ਨਸ਼ਾ ਤਸਕਰਾਂ 'ਤੇ ਵੱਡੀ ਸੱਟ: ਅੰਮ੍ਰਿਤਸਰ 'ਚ 71 ਕਿਲੋ ਹੈਰੋਇਨ ਤੇ ਡਰੋਨ ਬਰਾਮਦ; ਦੋ ਤਸਕਰ ਗ੍ਰਿਫ਼ਤਾਰ
ਮੁਲਜ਼ਮਾਂ ਨੇ ਮੰਨਿਆ ਕਿ ਇਹ ਖੇਪ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਪਾਕਿਸਤਾਨੀ ਤਸਕਰਾਂ ਵੱਲੋਂ ਭੇਜੇ ਗਏ ਡ੍ਰੋਨ ਰਾਹੀਂ ਭੇਜੀ ਗਈ ਸੀ। ਉਨ੍ਹਾਂ ਨੇ ਖੇਪ ਨੂੰ ਚੁੱਕਿਆ ਸੀ ਅਤੇ ਹੁਣ ਇਸ ਨੂੰ ਟਿਕਾਣੇ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਸ਼ਨੀਵਾਰ ਸ਼ਾਮ ਨੂੰ ਮੁਲਜ਼ਮਾਂ ਨੂੰ ਜੱਜ ਗਰਿਮਾ ਗੁਪਤਾ ਦੇ ਸਾਹਮਣੇ ਪੇਸ਼ ਕੀਤਾ ਗਿਆ।
Publish Date: Sun, 19 Apr 2026 09:08 AM (IST)
Updated Date: Sun, 19 Apr 2026 09:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ :ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਵੱਲੋਂ ਭੇਜੀ ਗਈ ਹੈਰੋਇਨ ਦੀ ਵੱਡੀ ਖੇਪ ਸਮੇਤ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸਐੱਸਓਸੀ) ਤੇ ਬੀਐੱਸਐੱਫ ਨੇ ਵੱਖ-ਵੱਖ ਮਾਮਲਿਆਂ ਵਿਚ ਕੁੱਲ 71 ਕਿੱਲੋ ਤੋਂ ਵੱਧ ਹੈਰੋਇਨ ਤੇ ਡ੍ਰੋਨ ਬਰਾਮਦ ਕੀਤਾ ਹੈ ਅਤੇ ਕੇਸ ਦਰਜ ਕੀਤੇ ਹਨ। ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਭਿੰਡੀ ਸੈਦਾਂ ਥਾਣੇ ਦੇ ਅਧਿਕਾਰ ਖੇਤਰ ਵਿਚ ਆਉਂਦੇ ਪਿੰਡ ਅਵਾਨ ਵਾਸੂ ਦੇ ਵਸਨੀਕ ਸਵਰਣ ਸਿੰਘ ਅਤੇ ਦਿਆਲ ਨਗਰ ਪਿੰਡ ਦੇ ਵਸਨੀਕ ਸ਼ਮਸ਼ੇਰ ਸਿੰਘ ਹੈਰੋਇਨ ਦੀ ਵੱਡੀ ਖੇਪ ਪਹੁੰਚਾਉਣ ਜਾ ਰਹੇ ਹਨ। ਇਸ ਤੋਂ ਬਾਅਦ ਪੁਲਿਸ ਨੇ ਨਾਕਾਬੰਦੀ ਕੀਤੀ ਅਤੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ਵਿੱਚੋਂ 64 ਕਿੱਲੋ ਤੇ 62 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਮੁਲਜ਼ਮਾਂ ਨੇ ਮੰਨਿਆ ਕਿ ਇਹ ਖੇਪ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਪਾਕਿਸਤਾਨੀ ਤਸਕਰਾਂ ਵੱਲੋਂ ਭੇਜੇ ਗਏ ਡ੍ਰੋਨ ਰਾਹੀਂ ਭੇਜੀ ਗਈ ਸੀ। ਉਨ੍ਹਾਂ ਨੇ ਖੇਪ ਨੂੰ ਚੁੱਕਿਆ ਸੀ ਅਤੇ ਹੁਣ ਇਸ ਨੂੰ ਟਿਕਾਣੇ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਸ਼ਨੀਵਾਰ ਸ਼ਾਮ ਨੂੰ ਮੁਲਜ਼ਮਾਂ ਨੂੰ ਜੱਜ ਗਰਿਮਾ ਗੁਪਤਾ ਦੇ ਸਾਹਮਣੇ ਪੇਸ਼ ਕੀਤਾ ਗਿਆ।
ਅਦਾਲਤ ਨੇ ਦੋਵਾਂ ਨੂੰ ਪੰਜ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਇਕ ਹੋਰ ਮਾਮਲੇ ਵਿਚ ਬੀਐੱਸਐੱਫ਼ ਨੇ ਭਾਰਤ-ਪਾਕਿਸਤਾਨ ਸਰਹੱਦ 'ਤੇ ਸਥਿਤ ਬੀਓਪੀ ਪੁਲ ਮੋਰਾਂ ਨੇੜੇ ਵੱਡਾ ਡ੍ਰੋਨ ਅਤੇ ਸੱਤ ਕਿੱਲੋ ਹੈਰੋਇਨ ਬਰਾਮਦ ਕੀਤੀ। ਲੋਪੋਕੇ ਪੁਲਿਸ ਥਾਣੇ ਵਿਚ ਅਣਪਛਾਤੇ ਮੁਲਜ਼ਮਾਂ ਵਿਰੁੱਧ ਐਨਡੀਪੀਐਸ ਐਕਟ ਅਤੇ ਭਾਰਤੀਯ ਵਾਯੂਯਾਨ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਹੁਣ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਡ੍ਰੋਨ ਪਹਿਲਾਂ ਕਿੰਨੀ ਵਾਰ ਭਾਰਤ-ਪਾਕਿਸਤਾਨ ਸਰਹੱਦ ਪਾਰ ਕਰ ਚੁੱਕਾ ਹੈ। ਜ਼ਿਕਰਯੋਗ ਹੈ ਕਿ ਇਕ ਜਨਵਰੀ ਤੋਂ ਇਕ ਅਪ੍ਰੈਲ ਦਰਮਿਆਨ ਬੀਐੱਸਐੱਫ ਅਤੇ ਹੋਰ ਏਜੰਸੀਆਂ ਨੇ ਕੁੱਲ 48 ਡ੍ਰੋਨ ਬਰਾਮਦ ਕੀਤੇ ਹਨ।