ਅੰਮ੍ਰਿਤਸਰ 'ਚ ਪੁਲਿਸ ਤੇ SGPC ਆਹਮੋ-ਸਾਹਮਣੇ; ਪਰਿਕਰਮਾ 'ਚੋਂ ਗ੍ਰਿਫ਼ਤਾਰੀ 'ਤੇ ਭੜਕਿਆ ਵਿਵਾਦ, ਪੁਲਿਸ ਟੀਮ ਨੂੰ ਬਣਾਇਆ ਬੰਧਕ
ਪੰਜਾਬ ਪੁਲਿਸ ਨੂੰ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਦੀਆਂ ਪਰਿਕਰਮਾ ’ਚੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਐੱਸਜੀਪੀਸੀ ਦੀ ਟਾਸਕ ਫੋਰਸ ਮੁਲਾਜ਼ਮਾਂ ਨੂੰ ਹੀ ਬੰਦੀ ਬਣਾ ਲਿਆ। ਮਾਮਲਾ ਉੱਚ ਅਧਿਕਾਰੀਆਂ ਤੱਕ ਪੁੱਜਾ ਤਾਂ ਐੱਸਜੀਪੀਸੀ ਅਧਿਕਾਰੀਆਂ ਨਾਲ ਗੱਲ ਕਰਨ ਤੋਂ ਬਾਅਦ ਉਨ੍ਹਾਂ ਦੀ ਰਿਹਾਈ ਸੰਭਵ ਹੋ ਸਕੀ।
Publish Date: Sat, 31 Jan 2026 10:00 AM (IST)
Updated Date: Sat, 31 Jan 2026 10:03 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਪੰਜਾਬ ਪੁਲਿਸ ਨੂੰ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਦੀਆਂ ਪਰਿਕਰਮਾ ’ਚੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਐੱਸਜੀਪੀਸੀ ਦੀ ਟਾਸਕ ਫੋਰਸ ਮੁਲਾਜ਼ਮਾਂ ਨੂੰ ਹੀ ਬੰਦੀ ਬਣਾ ਲਿਆ। ਮਾਮਲਾ ਉੱਚ ਅਧਿਕਾਰੀਆਂ ਤੱਕ ਪੁੱਜਾ ਤਾਂ ਐੱਸਜੀਪੀਸੀ ਅਧਿਕਾਰੀਆਂ ਨਾਲ ਗੱਲ ਕਰਨ ਤੋਂ ਬਾਅਦ ਉਨ੍ਹਾਂ ਦੀ ਰਿਹਾਈ ਸੰਭਵ ਹੋ ਸਕੀ।
ਤਰਨਤਾਰਨ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਸ ਨੂੰ ਲੁੜੀਂਦੇ ਮੁਲਜ਼ਮ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ’ਚ ਲੁਕੇ ਹੋਏ ਹਨ। ਇਸ ’ਤੇ ਸੀਆਈਏ ਸਟਾਫ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਸ੍ਰੀ ਹਰਿਮੰਦਿਰ ਸਾਹਿਬ ਪੁੱਜਾ ਗਿਆ। ਪਰ ਇਸ ਸਬੰਧੀ ਪਹਿਲਾਂ ਅੰਮ੍ਰਿਤਸਰ ਕਮਿਸ਼ਨਰੇਟ, ਗਲਿਆਰਾ ਪੁਲਿਸ ਜਾਂ ਫਿਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ। ਤਰਨਤਾਰਨ ਪੁਲਿਸ ਜਦੋਂ ਦੋ ਨੌਜਵਾਨਾਂ ਦਾ ਪਿੱਛਾ ਕਰਦੀ ਪਰਿਕਰਮਾ ’ਚ ਪੁੱਜੀ ਤੇ ਦੋਵਾਂ ਨੂੰ ਗ੍ਰਿ਼ਫ਼ਤਾਰ ਕਰ ਲੱਗੀ ਤਾਂ ਸ਼੍ਰੋਮਣੀ ਕਮੇਟੀ ਨੇ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਦੋ ਪੁਲਿਸ ਮੁਲਾਜ਼ਮਾਂ ਨੂੰ ਹੀ ਬੰਦੀ ਬਣਾ ਲਿਆ। ਟਾਸਕ ਫੋਰਸ ਦੇ ਮੈਂਬਰ ਦੋਵਾਂ ਨੂੰ ਪਰਿਕਰਮਾ ਦੇ 50 ਨੰਬਰ ਕਮਰੇ ’ਚ ਲੈ ਗਏ।
ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੇ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਦੀਆਂ ਪਰਿਕਰਮਾ ’ਚ ਪੁਲਿਸ ਕਾਰਵਾਈ ’ਤੇ ਰੋਸ ਪ੍ਰਗਟਾਇਆ ਤੇ ਇਸ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਦੀ ਉਲੰਘਣਾ ਦੱਸਿਆ। ਸੂਚਨਾ ਮਿਲਣ ’ਤੇ ਏਡੀਸੀਪੀ ਹਰਪਾਲ ਸਿੰਘ ਮੌਕੇ ’ਤੇ ਪੁੱਜੇ ਤੇ ਐੱਸਜੀਪੀਸੀ ਅਧਿਕਾਰੀਆਂ ਨਾਲ ਗੱਲ ਕੀਤੀ। ਸ਼੍ਰੋਮਣੀ ਕਮੇਟੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਪਹਿਲਾਂ ਕਮੇਟੀ ਨੂੰ ਭਰੋਸੇ ’ਚ ਲੈਣਾ ਚਾਹੀਦਾ ਸੀ। ਅਖ਼ੀਰ ਗੱਲਬਾਤ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦੀ ਰਿਹਾਈ ਹੋ ਸਕੀ।