ਕਮਲ ਕਿਸ਼ੋਰ ਨੇ ਕਿਹਾ ਕਿ ਅਸੀਂ ਆਪਣੇ ਪਰਿਵਾਰ ਨਾਲ ਦਿੱਲੀ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਸੀ। ਗੁਰੂ ਘਰ ’ਚ ਮੱਥਾ ਟੇਕਣ ਤੋਂ ਬਾਅਦ ਸਾਨੂੰ ਸ਼ਾਂਤੀ ਦਾ ਅਹਿਸਾਸ ਹੋਇਆ ਪਰ ਹੈਰੀਟੇਜ ਸਟਰੀਟ ’ਤੇ ਪਾਣੀ ਦੀ ਵਿਵਸਥਾ ਦੇਖ ਕੇ ਬਹੁਤ ਨਿਰਾਸ਼ਾ ਹੋਈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਆਉਣ ਸ਼ਰਧਾਲੂਆਂ ਨੂੰ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਨਗਰ ਨਿਗਮ ਵੱਲੋਂ ਹੈਰੀਟੇਜ ਸਟਰੀਟ ’ਤੇ ਵੱਖ-ਵੱਖ ਥਾਵਾਂ ’ਤੇ ਲਗਾਈਆਂ ਗਈਆਂ ਜ਼ਿਆਦਾਤਰ ਆਟੋਮੈਟਿਕ ਵਾਟਰ ਵੈਂਡਿੰਗ ਮਸ਼ੀਨਾਂ (ਵਾਟਰ ਏਟੀਐਮ) ਲੰਬੇ ਸਮੇਂ ਤੋਂ ਰੱਖ-ਰਖਾਅ ਦੀ ਘਾਟ ਕਾਰਨ ਖਰਾਬ ਪਈਆਂ ਹਨ। ਇੱਕਾ-ਦੁੱਕਾ ਮਸ਼ੀਨਾਂ ਕੰਮ ਕਰ ਰਹੀਆਂ ਹਨ, ਪਰ ਉਹ ਠੰਢਾ ਪੀਣ ਵਾਲਾ ਪਾਣੀ ਨਹੀਂ ਦਿੰਦੀਆਂ। ਹੈਰਾਨੀ ਦੀ ਗੱਲ ਹੈ ਕਿ ਗਰਮੀਆਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ, ਫਿਰ ਵੀ ਇਨ੍ਹਾਂ ਮਸ਼ੀਨਾਂ ਦੀ ਮੁਰੰਮਤ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਇਸ ਦੌਰਾਨ ਸਾਰਾਗੜ੍ਹੀ ਸਰਾਂ ਨੇੜੇ ਪਿੱਪਲ ਦੇ ਦਰੱਖਤ ਹੇਠ ਸ਼੍ਰੋਮਣੀ ਕਮੇਟੀ ਦੀ ਛਬੀਲ ਲਗਭਗ ਦੋ ਸਾਲਾਂ ਤੋਂ ਬੰਦ ਹੈ। ਸਿੱਟੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਅਤੇ ਜਲ੍ਹਿਆਂਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਲੇ ਹਜ਼ਾਰਾਂ ਸੈਲਾਨੀ ਅਤੇ ਸ਼ਰਧਾਲੂ ਠੰਡੇ ਪਾਣੀ ਲਈ ਗਰਮੀ ਵਿਚ ਭਟਕਣ ਲਈ ਮਜਬੂਰ ਹਨ। ਟਾਊਨ ਹਾਲ ਅਤੇ ਗੁਰਦੁਆਰਾ ਰਾਮਸਰ ਸਾਹਿਬ ਦੇ ਨੇੜੇ ਮੁਫ਼ਤ ਛਬੀਲ ਅਤੇ ਪੀਐੱਨਬੀ ਬੈਂਕ ਵਲੋਂ ਲਗਾਏ ਗਏ ਦੋ ਵਾਟਰ ਕੂਲਰ ਪਿਆਸ ਬੁਝਾਉਣ ਵਿਚ ਮਦਦਗਾਰ ਸਾਬਤ ਹੋ ਰਹੇ ਹਨ, ਪਰ ਸਾਫ਼ ਪਾਣੀ ਦੀ ਮੰਗ ਕਰਨ ਵਾਲਿਆਂ ਨੂੰ ਬੋਤਲਬੰਦ ਪਾਣੀ ਖਰੀਦਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕਈ ਸਾਲਾਂ ਤੋਂ ਟਾਊਨ ਹਾਲ ਨੇੜੇ ਸਵੇਰ ਤੋਂ ਸ਼ਾਮ ਤੱਕ ਠੰਡਾ ਪਾਣੀ ਦੀ ਸੇਵਾ ਕਰ ਰਹੇ ਅਮਰ ਸਿੰਘ ਨੇ ਕਿਹਾ ਕਿ ਪਾਣੀ ਦੀਆਂ ਏਟੀਐੱਮ ਮਸ਼ੀਨਾਂ ਦੇ ਨਾਲ ਸਾਰਾਗੜ੍ਹੀ ਸਰਾਂ ਨੇੜੇ ਛਬੀਲ ਨੂੰ ਦੁਬਾਰਾ ਖੋਲ੍ਹਿਆ ਜਾਣਾ ਚਾਹੀਦਾ ਹੈ ਤਾਂ ਜੋ ਸੈਲਾਨੀਆਂ ਅਤੇ ਸ਼ਰਧਾਲੂਆਂ ਨੂੰ ਅਸੁਵਿਧਾ ਤੋਂ ਬਚਿਆ ਜਾ ਸਕੇ।
ਟਾਊਨ ਹਾਲ ਨੇੜੇ ਛਬੀਲ ਖੁੱਲ੍ਹੀ ਜਗ੍ਹਾ ਕਰਨ ਦੀ ਮੰਗ
ਟਾਊਨ ਹਾਲ ਨੇੜੇ ਛਬੀਲ ਦੀ ਜਗ੍ਹਾ ਖੁੱਲ੍ਹੀ ਕਰਨ ਦੀ ਮੰਗ ਹੈ। ਸੂਤਰਾਂ ਅਨੁਸਾਰ ਯੋਜਨਾ ਬੋਰਡ ਨੇ ਇਸ ਪ੍ਰੋਜੈਕਟ ਲਈ 8.5 ਲੱਖ ਮਨਜ਼ੂਰ ਕੀਤੇ ਸਨ। ਹਾਲਾਕਿ ਐੱਨਓਸੀ ਪ੍ਰਕਿਰਿਆ ਨੇ ਪ੍ਰੋਜੈਕਟ ’ਚ ਰੁਕਾਵਟ ਪਾਈ ਅਤੇ ਛਬੀਲ ਜਿਉਂ ਦੀ ਤਿਉਂ ਰਹੀ।
ਹੈਰੀਟੇਜ ਸਟਰੀਟ ’ਤੇ ਪਾਣੀ ਦੀ ਵਿਵਸਥਾ ਦੇਖ ਕੇ ਬਹੁਤ ਨਿਰਾਸ਼ਾ ਹੋਈ : ਕਮਲ ਕਿਸ਼ੋਰ
ਕਮਲ ਕਿਸ਼ੋਰ ਨੇ ਕਿਹਾ ਕਿ ਅਸੀਂ ਆਪਣੇ ਪਰਿਵਾਰ ਨਾਲ ਦਿੱਲੀ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਸੀ। ਗੁਰੂ ਘਰ ’ਚ ਮੱਥਾ ਟੇਕਣ ਤੋਂ ਬਾਅਦ ਸਾਨੂੰ ਸ਼ਾਂਤੀ ਦਾ ਅਹਿਸਾਸ ਹੋਇਆ ਪਰ ਹੈਰੀਟੇਜ ਸਟਰੀਟ ’ਤੇ ਪਾਣੀ ਦੀ ਵਿਵਸਥਾ ਦੇਖ ਕੇ ਬਹੁਤ ਨਿਰਾਸ਼ਾ ਹੋਈ। ਉੱਥੇ ਜ਼ਿਆਦਾਤਰ ਵਾਟਰ ਏਟੀਐੱਮ ਖਰਾਬ ਹਨ। ਗਰਮੀਆਂ ’ਚ ਠੰਡੇ ਪਾਣੀ ਦੀ ਘਾਟ ਇਕ ਵੱਡੀ ਸਮੱਸਿਆ ਹੈ। ਇੰਨੇ ਪ੍ਰਸਿੱਧ ਧਾਰਮਿਕ ਸਥਾਨ ’ਤੇ ਇਹ ਸਥਿਤੀ ਢੁਕਵੀਂ ਨਹੀਂ ਹੈ। ਪ੍ਰਸ਼ਾਸਨ ਨੂੰ ਇਨ੍ਹਾਂ ਮਸ਼ੀਨਾਂ ਦੀ ਜਲਦੀ ਤੋਂ ਜਲਦੀ ਮੁਰੰਮਤ ਕਰਨੀ ਚਾਹੀਦੀ ਹੈ ਅਤੇ ਸ਼ਰਧਾਲੂਆਂ ਨੂੰ ਰਾਹਤ ਪ੍ਰਦਾਨ ਕਰਨੀ ਚਾਹੀਦੀ ਹੈ।
ਠੰਡੇ ਪਾਣੀ ਦੀ ਭਾਲ ’ਚ ਭਟਕਣਾ ਪਿਆ, ਛਬੀਲ ’ਤੇ ਆਪਣੀ ਪਿਆਸ ਬੁਝਾਈ: ਮੋਨਿਕਾ
ਮੋਨਿਕਾ ਨੇ ਕਿਹਾ ਕਿ ਸਾਡਾ ਪੂਰਾ ਸਮੂਹ ਜੱਲ੍ਹਿਆਂਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਮੁੰਬਈ ਤੋਂ ਆਏ ਸੀ। ਇਹ ਸਥਾਨ ਬਹੁਤ ਇਤਿਹਾਸਕ ਮਹੱਤਵ ਰੱਖਦਾ ਹੈ, ਪਰ ਬੁਨਿਆਦੀ ਸਹੂਲਤਾਂ ਦੀ ਘਾਟ ਹੈ। ਤੇਜ਼ ਗਰਮੀ ਵਿਚ ਪੀਣ ਵਾਲਾ ਠੰਡਾ ਪਾਣੀ ਲੱਭਣਾ ਮੁਸ਼ਕਿਲ ਹੈ। ਵਾਟਰ ਏਟੀਐੱਮ ਖਰਾਬ ਹਨ ਅਤੇ ਇਕ ਮਾਮਲੇ ’ਚ ਛਬੀਲ ਵੀ ਬੰਦ ਹੈ। ਹਰ ਕੋਈ ਗਰਮੀ ਤੋਂ ਪੀੜਤ ਸੀ ਅਤੇ ਪਿਆਸ ਬਹੁਤ ਜ਼ਿਆਦਾ ਸੀ। ਅੰਤ ਵਿਚ ਸਾਨੂੰ ਕੁਝ ਰਾਹਤ ਮਿਲੀ ਜਦੋਂ ਸਾਨੂੰ ਟਾਊਨ ਹਾਲ ਦੇ ਨੇੜੇ ਮੁਫ਼ਤ ਛਬੀਲ ਤੋਂ ਠੰਡਾ ਪਾਣੀ ਮਿਲਿਆ। ਪ੍ਰਸ਼ਾਸਨ ਨੂੰ ਇਸ ਮੁੱਦੇ ਨੂੰ ਤੁਰੰਤ ਹੱਲ ਕਰਨਾ ਚਾਹੀਦਾ ਹੈ ਤਾਂ ਜੋ ਸੈਲਾਨੀਆਂ ਨੂੰ ਕੋਈ ਅਸੁਵਿਧਾ ਨਾ ਹੋਵੇ।
ਸਾਰੀਆਂ ਵਾਟਰ ਏਟੀਐੱਮ ਮਸ਼ੀਨਾਂ ਦੀ ਦਰੁਸਤੀ ਯਕੀਨੀ ਬਣਾਈ ਜਾਵੇਗੀ: ਨਿਗਮ ਕਮਿਸ਼ਨਰ
ਕਾਰਪੋਰੇਸ਼ਨ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਵੈਸੇ ਤਾਂ ਜਿੰਨੀਆਂ ਵਾਟਰ ਏਟੀਐੱਮ ਮਸ਼ੀਨਾਂ ਦੀ ਜਰੂਰਤ ਹੈ, ਨੂੰ ਚਲਾਇਆ ਜਾ ਰਿਹਾ ਹੈ। ਇਨ੍ਹਾਂ ਮਸ਼ੀਨਾਂ ਦੇ ਕਿਸੇ ਵੀ ਖਰਾਬੀ ਤੋਂ ਅਣਜਾਣ ਹਨ। ਹਾਲਾਕਿ ਸੱਚਾਈ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਕੋਈ ਅਜਿਹੀ ਖਰਾਬੀ ਪਾਈ ਜਾਂਦੀ ਹੈ ਤਾਂ ਖਰਾਬ ਮਸ਼ੀਨਾਂ ਦੀ ਮੁਰੰਮਤ ਕੀਤੀ ਜਾਵੇਗੀ।