ਪਾਕਿਸਤਾਨ 'ਚ ਧਰਮ ਬਦਲ ਕੇ ਵਿਆਹ ਕਰਵਾਉਣ ਵਾਲੀ ਸਰਬਜੀਤ ਨੂੰ ਭਾਰਤ ਭੇਜਣ ਲਈ ਲਾਹੌਰ ਹਾਈ ਕੋਰਟ ‘ਚ ਪਟੀਸ਼ਨ ਦਾਇਰ
ਪਟੀਸ਼ਨ ਵਿਚ ਉਨ੍ਹਾਂ ਨੇ ਪਾਕਿਸਤਾਨ ਸਰਕਾਰ, ਵਿਦੇਸ਼ ਵਿਭਾਗ ਅਤੇ ਓਧਰਲੇ ਪੰਜਾਬ ਦੀ ਸਰਕਾਰ ਨੂੰ ਜਵਾਬਦੇਹੀ ਲਈ ਨਾਮਜ਼ਦ ਕੀਤਾ ਹੈ। ਮਹਿੰਦਰਪਾਲ ਨੇ ਕਿਹਾ ਕਿ ਔਰਤ ਯਾਤਰੀ ਨੇ ਉਨ੍ਹਾਂ ਦੇ ਮੁਲਕ ਪਾਕਿਸਤਾਨ ਦੇ ਵੀਜ਼ਾ ਨਿਯਮਾਂ ਦੀ ਉਲੰਘਣਾ ਕੀਤੀ ਹੈ।
Publish Date: Wed, 26 Nov 2025 09:15 PM (IST)
Updated Date: Wed, 26 Nov 2025 09:19 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਅੰਮ੍ਰਿਤਸਰ : ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਜਥੇ ਨਾਲ ਪਾਕਿਸਤਾਨ ਗਈ ਸਰਬਜੀਤ ਕੌਰ, ਜਿਸ ਨੇ ਪਾਕਿਸਤਾਨ ਵਿਚ ਇਸਲਾਮ ਕਬੂਲ ਕਰ ਕੇ ਸਥਾਨਕ ਵਿਅਕਤੀ ਨਾਲ ਨਿਕਾਹ ਕਰਵਾ ਲਿਆ ਸੀ, ਨੂੰ ਵਾਪਸ ਭਾਰਤ ਭੇਜਣ ਲਈ ਲਾਹੌਰ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਹੈ।
ਇਹ ਪਟੀਸ਼ਨ ਪਾਕਿਸਤਾਨੀ ਸਿੱਖ ਸਿਆਸਤਦਾਨ ਮਹਿੰਦਰਪਾਲ ਸਿੰਘ ਨੇ ਦਾਇਰ ਕੀਤੀ ਹੈ ਕਿ ਜੋ ਕਿ ਪਾਕਿਸਤਾਨੀ ਪੰਜਾਬ ਦੀ ਅਸੈਂਬਲੀ ਦੇ ਸਾਬਕਾ ਮੈਂਬਰ ਤੋਂ ਇਲਾਵਾ ਸਾਬਕਾ ਸੰਸਦੀ ਸਕੱਤਰ ਮਨੁੱਖੀ ਅਧਿਕਾਰ ਵੀ ਹਨ। ਪਟੀਸ਼ਨ ਵਿਚ ਉਨ੍ਹਾਂ ਨੇ ਪਾਕਿਸਤਾਨ ਸਰਕਾਰ, ਵਿਦੇਸ਼ ਵਿਭਾਗ ਅਤੇ ਓਧਰਲੇ ਪੰਜਾਬ ਦੀ ਸਰਕਾਰ ਨੂੰ ਜਵਾਬਦੇਹੀ ਲਈ ਨਾਮਜ਼ਦ ਕੀਤਾ ਹੈ। ਮਹਿੰਦਰਪਾਲ ਨੇ ਕਿਹਾ ਕਿ ਔਰਤ ਯਾਤਰੀ ਨੇ ਉਨ੍ਹਾਂ ਦੇ ਮੁਲਕ ਪਾਕਿਸਤਾਨ ਦੇ ਵੀਜ਼ਾ ਨਿਯਮਾਂ ਦੀ ਉਲੰਘਣਾ ਕੀਤੀ ਹੈ।
ਸਰਬਜੀਤ ਕੌਰ ਭਾਰਤੀ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੀ ਰਹਿਣ ਵਾਲੀ ਸੀ ਤੇ ਕਪੂਰਥਲੇ ਵਿਆਹੀ ਸੀ, ਉਹ ਲੰਘੀ 4 ਨਵੰਬਰ ਨੂੰ 10 ਦਿਨਾਂ ਦੇ ਧਾਰਮਿਕ ਵੀਜ਼ੇ ’ਤੇ ਪਾਕਿਸਤਾਨ ਦਾਖ਼ਲ ਹੋਈ ਸੀ।
ਇਹ ਵੀਜ਼ਾ 13 ਨਵੰਬਰ ਤੱਕ ਲਈ ਮੰਨਣਯੋਗ ਸੀ। ਵੀਜ਼ਾ ਨਿਯਮਾਂ ਮੁਤਾਬਕ ਯਾਤਰੂ ਸਿਰਫ਼ ਨਨਕਾਣਾ ਸਾਹਿਬ, ਲਾਹੌਰ, ਹਸਨ ਅਬਦਾਲ ਅਤੇ ਸ੍ਰੀ ਕਰਤਾਰਪੁਰ ਸਾਹਿਬ ਸਮੇਤ ਤੈਅਸ਼ੁਦਾ ਧਾਰਮਿਕ ਸਥਾਨਾਂ ਤੱਕ ਜਾ ਸਕਦੇ ਹੁੰਦੇ ਹਨ, ਜਦਕਿ ਸਰਬਜੀਤ ਨੇ ਪਾਕਿਸਤਾਨ ਆਉਣ ਤੋਂ ਬਾਅਦ ਨਿਰਧਾਰਤ ਯਾਤਰਾ ਰੂਟ ਅਤੇ ਵੀਜ਼ਾ ਸ਼ਰਤਾਂ ਦੀ ਪਾਲਣਾ ਨਹੀਂ ਕੀਤੀ ਅਤੇ ਵੀਜ਼ਾ ਖਤਮ ਹੋਣ ਤੋਂ ਬਾਅਦ ਵੀ ਪਾਕਿਸਤਾਨ ਵਿਚ ਰਹੀ ਜਾਂਦੀ ਹੈ, ਜੋ ਕਿ ਸਪੱਸ਼ਟ ਤੌਰ ’ਤੇ ਗ਼ੈਰ-ਕਾਨੂੰਨੀ ਪਰਵਾਸ ਹੈ।
ਉਨ੍ਹਾਂ ਪਟੀਸ਼ਨ ਵਿਚ ਅੱਗੇ ਕਿਹਾ ਕਿ ਸਰਬਜੀਤ (ਹੁਣ ਨੂਰ ਹੁਸੈਨ) ਭਾਰਤ ਦੇ ਸ਼ਹਿਰ ਬਠਿੰਡਾ ਤੇ ਕਪੂਰਥਲਾ ਵਿਚ ਧੋਖਾਧੜੀ ਦੇ ਮੁਕੱਦਮਿਆਂ ਦਾ ਸਾਹਮਣਾ ਕਰ ਰਹੀ ਹੈ, ਉਸ ਨੂੰ ਵੀਜ਼ਾ ਜਾਰੀ ਹੋਣਾ, ਬਾਰਡਰ ਕਲੀਅਰੈਂਸ ਤੇ ਪਾਕਿਸਤਾਨ ਵਿਚ ਆਜ਼ਾਦੀ ਨਾਲ ਘੁੰਮਣਾ ਕਾਨੂੰਨੀ ਅਤੇ ਸੁਰੱਖਿਆ ਨੂੰ ਲੈ ਕੇ ਕਈ ਚਿੰਤਾਵਾਂ ਖੜ੍ਹੀਆਂ ਕਰਦੇ ਹਨ। ਪਾਕਿਸਤਾਨੀ ਸਿੱਖ ਸਿਆਸਤਦਾਨ ਮਹਿੰਦਰਪਾਲ ਸਿੰਘ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਸਰਬਜੀਤ ਨੂੰ ਗ਼ੈਰ ਕਾਨੂੰਨੀ ਵਿਦੇਸ਼ੀ ਐਲਾਨਿਆ ਜਾਵੇ।