ਜਾਂਚ ’ਚ ਸਾਹਮਣੇ ਆਇਆ ਹੈ ਕਿ 15 ਮਾਰਚ 2025 ਦੀ ਸਵੇਰ ਵਿਸ਼ਾਲ ਗਿੱਲ ਉਨ੍ਹਾਂ ਦੋ ਬਾਈਕ ਸਵਾਰ ਹਮਲਾਵਰਾਂ ਵਿਚੋਂ ਇਕ ਸੀ, ਜਿਸ ਨੇ ਮੰਦਰ 'ਤੇ ਗ੍ਰਨੇਡ ਸੁੱਟਿਆ ਸੀ। ਉਸ ਦਾ ਸਾਥੀ ਗੁਰਸਿਦਕ ਸਿੰਘ ਉਰਫ਼ ਸਿਦਕੀ ਘਟਨਾ ਤੋਂ ਦੋ ਦਿਨ ਬਾਅਦ ਪੁਲਿਸ ਮੁਕਾਬਲੇ ’ਚ ਮਾਰਿਆ ਗਿਆ।
ਸਟੇਟ ਬਿਊਰੋ, ਚੰਡੀਗੜ੍ਹ : ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਅੰਮ੍ਰਿਤਸਰ ਦੇ ਠਾਕੁਰ ਦੁਆਰਾ ਸਨਾਤਨ ਮੰਦਰ, ਛੇਹਰਟਾ ’ਚ ਹੋਏ ਗ੍ਰਨੇਡ ਹਮਲੇ ਦੇ ਮਾਮਲੇ ’ਚ ਤਿੰਨ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ। ਚਾਰਜਸ਼ੀਟ ’ਚ ਜਿਨ੍ਹਾਂ ਮੁਲਜ਼ਮਾਂ ਦੇ ਨਾਮ ਸ਼ਾਮਲ ਹਨ, ਉਨ੍ਹਾਂ ’ਚ ਵਿਸ਼ਾਲ ਗਿੱਲ ਉਰਫ਼ ਚੂਚੀ, ਭਗਵੰਤ ਸਿੰਘ ਉਰਫ਼ ਮੰਨਾ ਭੱਟੀ ਤੇ ਦੀਵਾਨ ਸਿੰਘ ਉਰਫ਼ ਸੰਨੀ ਸ਼ਾਮਲ ਹਨ। ਇਨ੍ਹਾਂ 'ਤੇ ਹਮਲੇ ਦੀ ਸਾਜ਼ਿਸ਼ ਰਚਣ ਤੇ ਉਸ ਨੂੰ ਅੰਜਾਮ ਦੇਣ ਦਾ ਦੋਸ਼ ਲਾਇਆ ਗਿਆ ਹੈ। ਜਾਂਚ ’ਚ ਸਾਹਮਣੇ ਆਇਆ ਹੈ ਕਿ 15 ਮਾਰਚ 2025 ਦੀ ਸਵੇਰ ਵਿਸ਼ਾਲ ਗਿੱਲ ਉਨ੍ਹਾਂ ਦੋ ਬਾਈਕ ਸਵਾਰ ਹਮਲਾਵਰਾਂ ਵਿਚੋਂ ਇਕ ਸੀ, ਜਿਸ ਨੇ ਮੰਦਰ 'ਤੇ ਗ੍ਰਨੇਡ ਸੁੱਟਿਆ ਸੀ। ਉਸ ਦਾ ਸਾਥੀ ਗੁਰਸਿਦਕ ਸਿੰਘ ਉਰਫ਼ ਸਿਦਕੀ ਘਟਨਾ ਤੋਂ ਦੋ ਦਿਨ ਬਾਅਦ ਪੁਲਿਸ ਮੁਕਾਬਲੇ ’ਚ ਮਾਰਿਆ ਗਿਆ।
ਚਾਰਜਸ਼ੀਟ ਅਨੁਸਾਰ ਭਗਵੰਤ ਸਿੰਘ ਨੇ ਹਮਲਾਵਰਾਂ ਨੂੰ ਪਨਾਹ ਦਿੱਤੀ, ਗ੍ਰਨੇਡ ਲੁਕਾਉਣ ਲਈ ਥਾਂ ਮੁਹੱਈਆ ਕਰਵਾਇਆ, ਰੇਕੀ ਲਈ ਮੋਟਰਸਾਈਕਲ ਉਪਲਬਧ ਕਰਵਾਇਆ ਅਤੇ ਪੂਰੇ ਆਪ੍ਰੇਸ਼ਨ ’ਚ ਲਾਜਿਸਟਿਕ ਮਦਦ ਦਿੱਤੀ। ਦੂਜੇ ਪਾਸੇ, ਦੀਵਾਨ ਸਿੰਘ 'ਤੇ ਦੋਸ਼ ਹੈ ਕਿ ਉਸ ਨੇ ਸਹਿ-ਮੁਲਜ਼ਮਾਂ ਨੂੰ ਲੁਕਾਉਣ ਅਤੇ ਸਬੂਤ ਨਸ਼ਟ ਕਰਨ ’ਚ ਭੂਮਿਕਾ ਨਿਭਾਈ।
ਇਕ ਹੋਰ ਮੁਲਜ਼ਮ ਸ਼ਰਨਜੀਤ ਕੁਮਾਰ ਨੂੰ 5 ਸਤੰਬਰ 2025 ਨੂੰ ਬਿਹਾਰ ਦੇ ਗਯਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਖਿਲਾਫ਼ ਤੇ ਵਿਦੇਸ਼ ਵਿਚ ਰਹਿ ਰਹੇ ਫ਼ਰਾਰ ਮੁਲਜ਼ਮ ਬਾਦਲਪ੍ਰੀਤ ਸਿੰਘ ਖਿਲਾਫ਼ ਜਾਂਚ ਜਾਰੀ ਹੈ। ਏਜੰਸੀ ਦੀ ਜਾਂਚ (ਆਰਸੀ-08/2025/ਐਨਆਈਏ/ਡੀਐਲਆਈ) ’ਚ ਇਹ ਵੀ ਸਾਹਮਣੇ ਆਇਆ ਹੈ ਕਿ ਵਿਦੇਸ਼ੀ ਹੈਂਡਲਰਾਂ ਨੇ ਸਥਾਨਕ ਆਪਰੇਟਿਵਜ਼ ਨੂੰ ਯੂਪੀਆਈ ਤੇ ਐੱਮਟੀਐੱਸਐੱਸ ਚੈਨਲਾਂ ਰਾਹੀਂ ਅੱਤਵਾਦੀ ਫੰਡ ਮੁਹੱਈਆ ਕਰਵਾਇਆ। ਇਨ੍ਹਾਂ ਫੰਡਿੰਗ ਨੈੱਟਵਰਕ ਦੀ ਜਾਂਚ ਹਾਲੇ ਵੀ ਜਾਰੀ ਹੈ। ਐੱਨਆਈਏ ਨੇ ਕਿਹਾ ਕਿ ਬਾਕੀ ਫ਼ਰਾਰ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਅੰਤਰਰਾਸ਼ਟਰੀ ਅੱਤਵਾਦੀ ਨੈੱਟਵਰਕ ਨਾਲ ਜੁੜੇ ਲਿੰਕ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਏਜੰਸੀ ਅਨੁਸਾਰ, ਇਹ ਹਮਲਾ ਭਾਰਤ ਤੇ ਵਿਦੇਸ਼ ’ਚ ਬੈਠੇ ਅੱਤਵਾਦੀ ਨੈੱਟਵਰਕ ਦੀ ਵੱਡੀ ਸਾਜ਼ਿਸ਼ ਦਾ ਹਿੱਸਾ ਸੀ, ਜਿਸ ਦਾ ਮਕਸਦ ਪੰਜਾਬ ਤੇ ਦੇਸ਼ ਭਰ ’ਚ ਡਰ ਦਾ ਮਾਹੌਲ ਪੈਦਾ ਕਰਨਾ ਤੇ ਸੰਪ੍ਰਦਾਇਕ ਸੁਹਾਰਦ ਨੂੰ ਖ਼ਰਾਬ ਕਰਨਾ ਸੀ।