ਮੰਗਲਵਾਰ ਸ਼ਾਮ ਲਗਪਗ 8.15 ਵਜੇ ਜਲੰਧਰ ਤੇ ਰਾਤ 10:50 'ਤੇ ਅੰਮ੍ਰਿਤਸਰ 'ਚ ਹੋਏ ਧਮਾਕਿਆਂ ਵਿਚ NIA ਦੀ ਐਂਟਰੀ ਹੋ ਗਈ ਹੈ। ਟੀਮਾਂ ਘਟਨਾ ਸਥਾਨਾਂ 'ਤੇ ਪਹੁੰਚ ਰਹੀਆਂ ਹਨ। ਜੋ ਕਿ ਧਮਾਕੇ ਦੇ ਕਾਰਨਾਂ ਦੀ ਬਰੀਕੀ ਨਾਲ ਜਾਂਚ ਕਰਨਗੀਆਂ । ਇਥੇ ਜ਼ਿਕਰਯੋਗ ਹੈ ਕਿ ਦੋਵਾਂ ਘਟਨਾ ਸਥਾਨਾਂ ਦੇ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆ ਚੁੱਕੇ ਹਨ।

ਪੰਜਾਬੀ ਜਾਗਰਣ ਰਿਪੋਰਟਰ, ਅੰਮ੍ਰਿਤਸਰ: ਮੰਗਲਵਾਰ ਸ਼ਾਮ ਲਗਪਗ 8.15 ਵਜੇ ਜਲੰਧਰ ਤੇ ਰਾਤ 10:50 'ਤੇ ਅੰਮ੍ਰਿਤਸਰ 'ਚ ਹੋਏ ਧਮਾਕਿਆਂ ਵਿਚ NIA ਦੀ ਐਂਟਰੀ ਹੋ ਗਈ ਹੈ। ਟੀਮਾਂ ਘਟਨਾ ਸਥਾਨਾਂ 'ਤੇ ਪਹੁੰਚ ਗਈਆਂ ਹਨ। ਮੰਗਲਵਾਰ ਦੇਰ ਰਾਤ ਖਾਸਾ ਕੈਂਟ ਦੇ ਬਾਹਰ ਹੋਏ ਬੰਬ ਧਮਾਕੇ ਤੋਂ ਬਾਅਦ ਬੁੱਧਵਾਰ ਸਵੇਰੇ ਅੰਮ੍ਰਿਤਸਰ ਦੇ ਖਾਸਾ ਕੈਂਟ ਦੇ ਬਾਹਰ ਬੰਬ ਧਮਾਕੇ ਵਾਲੀ ਥਾਂ ਦੀ ਫੋਰੈਂਸਿਕ ਟੀਮਾਂ ਜਾਂਚ ਕਰ ਰਹੀਆਂ ਹਨ। ਧਮਾਕੇ ਨਾਲ ਆਰਮੀ ਛਾਉਣੀ ਦੀ ਕੰਧ 'ਤੇ ਲੱਗੇ ਟੀਨ ਨੂੰ ਨੁਕਸਾਨ ਪਹੁੰਚਿਆ ਹੈ।ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਧਮਾਕਾ ਆਈਈਡੀ ਨਾਲ ਹੋਇਆ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਦਨਾਮ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਨੇ ਜ਼ਿੰਮੇਵਾਰੀ ਲਈ ਹੈ। ਫੋਰੈਂਸਿਕ ਟੀਮਾਂ ਜਲਦੀ ਹੀ ਘਟਨਾ ਸਥਾਨ 'ਤੇ ਪਹੁੰਚ ਰਹੀਆਂ ਹਨ।
ਐਸਐਸਪੀ ਸੋਹੇਲ ਮੀਰ ਕਾਸਿਮ ਨੇ ਕਿਹਾ ਕਿ ਜਾਂਚ ਜਾਰੀ ਹੈ। ਮੁਲਜ਼ਮਾਂ ਦਾ ਪਤਾ ਲਗਾਉਣ ਲਈ ਇਲਾਕੇ ਵਿੱਚ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੇ ਭੱਜਣ ਲਈ ਰੂਟ ਮੈਪਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਵਿੱਚ ਮੋਟਰਸਾਈਕਲ ਸਵਾਰ ਦੋ ਸ਼ੱਕੀਆਂ ਦੀ ਪਛਾਣ ਹੋਈ ਹੈ। ਪੁਲਿਸ ਉਨ੍ਹਾਂ ਦੇ ਟਿਕਾਣੇ ਦੀ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਖਾਸਾ ਵਿੱਚ ਆਰਮੀ ਕੈਂਪ 'ਤੇ ਆਈਈਡੀ ਹਮਲਾ ਮੰਗਲਵਾਰ ਰਾਤ 10:55 ਵਜੇ ਹੋਇਆ ਸੀ। ਧਮਾਕੇ ਨੇ ਫੌਜੀ ਖੇਤਰ ਦੀ ਕੰਧ ਨੂੰ ਨੁਕਸਾਨ ਪਹੁੰਚਾਇਆ ਅਤੇ ਲੋਹੇ ਦੇ ਟੀਨ ਡਿੱਗ ਗਏ।

ਦੱਸਣਯੋਗ ਹੈ ਕਿ ਮੰਗਲਵਾਰ ਸ਼ਾਮ ਲਗਪਗ 8.15 ਵਜੇ ਜਲੰਧਰ ’ਚ ਬੀਐੱਸਐੱਫ ਹੈੱਡਕੁਆਰਟਰ ਦੇ ਬਾਹਰ ਇਕ ਸਕੂਟੀ ’ਚ ਜ਼ੋਰਦਾਰ ਧਮਾਕਾ ਹੋਇਆ, ਜਿਸ ਨਾਲ ਕੈਂਪਸ ਦੀਆਂ ਕੰਧਾਂ ਤੱਕ ਹਿੱਲ ਗਈਆਂ। ਧਮਾਕੇ ਦੀ ਆਵਾਜ਼ ਲਗਪਗ ਡੇਢ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਫ਼ਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ, ਪਰ ਪਛਾਣ ਨਹੀਂ ਹੋ ਸਕੀ ਹੈ। ਸਕੂਟੀ ਚਾਲਕ ਨੂੰ ਵੀ ਪੁਲਿਸ ਨੇ ਹਿਰਾਸਤ ’ਚ ਲੈ ਲਿਆ ਹੈ। ਪੁੱਛਗਿੱਛ ਚੱਲ ਰਹੀ ਹੈ। ਗੜ੍ਹਾ ਇਲਾਕੇ ’ਚ ਰਹਿਣ ਵਾਲਾ ਸਕੂਟੀ ਚਾਲਕ ਗੁਰਪ੍ਰੀਤ ਸਿੰਘ ਫਲਿਪਕਾਰਟ ’ਚ ਕੰਮ ਕਰਦਾ ਹੈ। ਉਹ ਬੀਐੱਸਐੱਫ ਹੈੱਡਕੁਆਰਟਰ ਦੇ ਅੰਦਰ ਪਾਰਸਲ ਦੇਣ ਆਇਆ ਸੀ, ਪਰ ਹੈਲਮਟ ਨਾ ਹੋਣਕਾਰਨ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਇਸ ’ਤੇ ਬੀਐੱਸਐੱਫ ਹੈੱਡਕੁਆਰਟਰ ਤੋਂ ਲਗਪਗ 50 ਫੁੱਟ ਦੂਰ ਸਕੂਟੀ ਖੜ੍ਹੀ ਕਰ ਕੇ ਅੰਦਰ ਚਲਾ ਗਿਆ। ਇਸੇ ਦੌਰਾਨ ਸਕੂਟੀ ’ਚ ਤੇਜ਼ ਧਮਾਕਾ ਹੋਇਆ। ਗੁਰਪ੍ਰੀਤ ਬੀਐੱਸਐੱਫ ਤੋਂ ਸੇਵਾ ਮੁਕਤ ਮੁਲਾਜ਼ਮ ਕਸ਼ਮੀਰਾ ਸਿੰਘ ਦਾ ਪੁੱਤਰ ਹੈ। ਸਕੂਟੀ ਵੀ ਕਸ਼ਮੀਰਾ ਸਿੰਘ ਦੇ ਨਾਂ ’ਤੇ ਸੀ। ਧਮਾਕੇ ਦੇ ਸਮੇਂ ਕੋਲ ਹੀ ਮੌਜੂਦ ਸਬਜ਼ੀ ਮੰਡੀ ’ਚ ਉਸ ਸਮੇਂ ਕਾਫ਼ੀ ਭੀੜ ਸੀ। ਧਮਾਕੇ ਦੀ ਤੇਜ਼ ਆਵਾਜ਼ ਸੁਣਦੇ ਹੀ ਲੋਕ ਆਪਣੀ ਜਾਨ ਬਚਾਉਣ ਲਈ ਭੱਜੇ। ਚਸ਼ਮਦੀਦ ਵਿਜੇ ਨੇ ਦੱਸਿਆਕਿ ਉਹ ਲੁਧਿਆਣਾ ਤੋਂ ਆ ਰਿਹਾ ਸੀ। ਬੀਐੱਸਐੱਫ ਚੌਕ ’ਤੇ ਪੁੱਜੇ ਤਾਂ ਅਚਾਨਕ ਧਮਾਕਾ ਹੋ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕਈ ਬਾੀਕ ਸਵਾਰ ਡਿੱਗ ਗਏ। ਕਈ ਗੱਡੀਆਂ ਦੇ ਏਅਰਬੈਗ ਖੁੱਲ੍ਹ ਗਏ। ਬਾਵਾ ਸਿੰਘ ਨੇ ਦੱਸਿਆ ਕਿ ਧਮਾਕੇ ਤੋਂ ਕਈ ਵਾਹਨਾਂ ਦੇ ਸ਼ੀਸ਼ੇ ਟੁੱਟੇ, ਲੋਕ ਇਧਰ-ਉਧਰ ਭੱਜਣਲੱਗੇ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ, ਸੁਰੱਖਿਆ ਏਜੰਸੀਆਂ ਤੇ ਬੀਐੱਸਐੱਫ ਦੇ ਜਵਾਨ ਮੌਕੇ ’ਤੇ ਪੁੱਜੇ ਤੇ ਪੂਰੇ ਇਲਾਕੇ ਨੂੰ ਤੁਰੰਤ ਸੀਲ ਕਰ ਦਿੱਤਾ। ਡਾਗ ਸਕੁਆਇਡ, ਐਂਟੀ ਬੰਬ ਸਕੁਆਇਡ ਤੇ ਫਾਰੈਂਸਿਕ ਟੀਮ ਨੇ ਮਲਬੇ ਤੇ ਆਲੇ ਦੁਆਲੇ ਦੇ ਸਬੂਤਾਂ ਦੀ ਜਾਂਚ ਕੀਤੀ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਸਕੂਟੀ ’ਚ ਅੱਗ ਲੱਗਣ ਤੋਂ ਬਾਅਦ ਹੀ ਧਮਾਕਾ ਹੋਇਆ। ਅਜੇ ਇਹੀ ਜਾਣਕਾਰੀ ਮਿਲੀ ਹੈ। ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਪਰ ਕਿਸੇ ਵੀ ਨਤੀਜੇ ’ਤੇ ਪੁੱਜਣਾ ਜਲਦਬਾਜ਼ੀ ਹੋਵੇਗੀ।
ਗੁਰਪ੍ਰੀਤ ਦੇ ਪਿਤਾ ਕਸ਼ਮੀਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ 22 ਸਾਲਾ ਪੁੱਤਰ ਗੁਰਪ੍ਰੀਤ ਸਿੰਘ ਚਾਰ ਮਹੀਨੇ ਪਹਿਲਾਂ ਹੀ ਫਲਿਪਕਾਰਟ ’ਚ ਡਿਲੀਵਰੀ ਦੇ ਕੰਮ ’ਚ ਲੱਗ ਗਿਆ ਹੈ। ਉਹ ਅਕਸਰ ਬੀਐੱਸਐੱਫ ਵਾਲਿਆਂ ਦੇ ਪਾਰਸਲ ਦੇਣ ਜਾਂਦਾ ਹੈ। ਮੰਗਲਵਾਰ ਰਾਤ ਉਸ ਨੂੰ ਪੁੱਤਰ ਦਾ ਫੋਨ ਆਇਆ ਕਿ ਸਕੂਟੀ ’ਚ ਧਮਾਕੇ ਤੋਂ ਬਾਅਦ ਅੱਗ ਲੱਗ ਗਈ। ਉਸ ਨੇ ਇਹ ਵੀ ਦੱਸਿਆ ਕਿ ਉਸ ਨੇ ਐਕਟਿਵਾ ’ਤੇ ਕਿਸੇ ਨੂੰ ਸਾਮਾਨ ਰੱਖਕੇ ਭੱਜਦੇ ਹੋਏ ਦੇਖਿਆ। ਕੁਝ ਚਸ਼ਮਦੀਦਾਂ ਨੇ ਵੀ ਦੱਸਿਆ ਕਿ ਐਕਟਿਵਾ ਦੇ ਕੋਲ ਇਕ ਬਾਈਕ ਸਵਾਰ ਨੌਜਵਾਨ ਨੂੰ ਕੁਝ ਸੁੱਟਦੇ ਹੋਏ ਦੇਖਿਆ ਗਿਆ ਸੀ। ਹਾਲਾਂਕਿ ਇਸ ਸਬੰਧ ’ਚ ਕਿਸੇ ਪੁਲਿਸ ਅਧਿਕਾਰੀ ਨੇ ਕੁਝ ਨਹੀਂ ਕਿਹਾ, ਪਰ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੂਜੇ ਫ਼ਰਾਰ ਨੌਜਵਾਨ ਦੀ ਭਾਲ ’ਚ ਲੱਗ ਗਈ ਹੈ।
40 ਮੀਟਰ ਤੱਕ ਉੱਠੀਆਂ ਅੱਗ ਦੀਆਂ ਲਾਟਾਂ, ਦਰੱਖ਼ਤ ਵੀ ਝੁਲਸੇ
ਦੱਸਿਆ ਜਾ ਰਿਹਾ ਹੈ ਕਿ ਧਮਾਕੇ ਤੋਂ ਬਾਅਦ ਅੱਗ ਦੀਆਂ ਲਾਟਾਂ 40 ਮੀਟਰ ਉੱਪਰ ਤੱਕ ਪੁੱਜੀਆਂ। ਸਕੂਟੀ ਸਫ਼ੈਦੇ ਦੇ ਦਰੱਖਤ ਦੇ ਹੇਠਾਂ ਖੜ੍ਹੀ ਸੀ, ਜਿਸ ਨਾਲ ਅੱਗ ਦੀਆਂ ਲਾਟਾਂ ਨਾਲ ਦਰੱਖ਼ਤ ਵੀ ਝੁਲਸ ਗਏ। ਐੱਸਪੀ ਰਾਕੇਸ਼ ਯਾਦਵ ਨੇ ਕਿਹਾ ਕਿ ਧਮਾਕਾ ਕਿਵੇਂ ਹੋਇਆ, ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।
ਕੀ ਸਕੂਟੀ ’ਚ ਧਮਾਕਾਖੇਜ਼ ਸਮੱਗਰੀ ਸੀ?
ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਸਕੂਟੀ ’ਚ ਕੋਈ ਧਮਾਕਾਖੇਜ਼ ਸਮੱਗਰੀ ਹੋ ਸਕਦੀ ਹੈ, ਜਿਸ ਕਾਰਨ ਇੰਨਾ ਜ਼ੋਰਦਾਰ ਧਮਾਕਾ ਹੋਇਆ। ਹਾਲਾਂਕਿ ਇਸ ਸਬੰਧ ’ਚ ਅਜੇ ਤੱਕ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਹੈ। ਜਾਂਚ ਏਜੰਸੀਆਂ ਇਸ ਪਹਿਲੂ ’ਤੇ ਗੰਭੀਰਤਾ ਨਾਲ ਜਾਂਚ ਕਰ ਰਹੀਆਂ ਹਨ ਕਿ ਇਹ ਕੋਈ ਧਮਾਕਾ ਸੀ ਜਾਂ ਕਿਸੇ ਤਕਨੀਕੀ ਖ਼ਰਾਬੀ ਕਾਰਨ ਹਾਦਸਾ ਹੋਇਆ ਹੈ।
ਇਨ੍ਹਾਂ ਬਿੰਦੂਆਂ ’ਤੇ ਜਾਂਚ ਕਰ ਰਹੀ ਪੁਲਿਸ
-ਸਕੂਟੀ ’ਚ ਧਮਾਕੇ ਦਾ ਅਸਲੀ ਕਾਰਨ ਕੀ ਸੀ?
-ਕੀ ਇਸ ’ਚ ਕਿਸੇ ਤਰ੍ਹਾਂ ਦੀ ਧਮਾਕਾਖੇਜ਼ ਸਮੱਗਰੀ ਰੱਖੀ ਸੀ।
-ਡਿਲੀਵਰੀ ਮੁਲਾਜ਼ਮ ਦੀ ਭੂਮਿਕਾ, ਸਿਰਫ਼ ਇੱਤਫ਼ਾਕ ਜਾਂ ਕੁਝ ਹੋਰ?
-ਆਖ਼ਰ ਕਿਸ ਦੇ ਕਹਿਣ ’ਤੇ ਡਿਲੀਵਰੀ ਦੇਣ ਆਇਆ ਸੀ, ਡਿਲੀਵਰੀ ਕਿਸ ਚੀਜ਼ ਦੀ ਸੀ।