ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ (ਪਾਕਿਸਤਾਨ) ਵਿਚ ਪਾਕਿਸਤਾਨੀ ਸੰਗਤਾਂ ਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੂਲ ਨਾਨਕਸ਼ਾਹੀ ਕੈਲੰਡਰ ਦੀ ਰੌਸ਼ਨੀ ਵਿਚ ਸ਼ਹੀਦੀ ਦਿਹਾੜਾ ਮਨਾਇਆ ਹੈ। ਗੁਰਦੁਆਰੇ ਵਿਚ ਰੱਖੇ ਅਖੰਡ ਪਾਠ ਦੇ ਭੋਗ ਦੀ ਅਰਦਾਸ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਨੇ ਕੀਤੀ,
ਰਜਿੰਦਰ ਸਿੰਘ ਰੂਬੀ, ਅੰਮ੍ਰਿਤਸਰ : ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ (ਪਾਕਿਸਤਾਨ) ਵਿਚ ਪਾਕਿਸਤਾਨੀ ਸੰਗਤਾਂ ਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੂਲ ਨਾਨਕਸ਼ਾਹੀ ਕੈਲੰਡਰ ਦੀ ਰੌਸ਼ਨੀ ਵਿਚ ਸ਼ਹੀਦੀ ਦਿਹਾੜਾ ਮਨਾਇਆ ਹੈ। ਗੁਰਦੁਆਰੇ ਵਿਚ ਰੱਖੇ ਅਖੰਡ ਪਾਠ ਦੇ ਭੋਗ ਦੀ ਅਰਦਾਸ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਨੇ ਕੀਤੀ, ਹੁਕਮਨਾਮਾ ਭਾਈ ਮਨਿੰਦਰ ਸਿੰਘ ਨੇ ਲਿਆ ਤੇ ਰਾਗੀ ਜਥਿਆਂ ਨੇ ਕੀਰਤਨ ਕੀਤਾ।
ਗੁਰੂ ਅਰਜਨ ਦੇਵ ਸਾਹਿਬ ਦੇ ਸ਼ਹੀਦੀ ਦਿਹਾੜੇ ਮੌਕੇ ਇੱਥੇ ਗੁਰਦੁਆਰਾ ਡੇਹਰਾ ਸਾਹਿਬ ਦੀ ਗਰਾਉਂਡ ਵਿਖੇ ਹੋਏ ਇਕੱਠ ਮੌਕੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮੀਰ ਸਿੰਘ ਨੇ ਸੰਬੋਧਨ ਕੀਤਾ। ਇਕਲੌਤੇ ਐੱਮਪੀਏ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਪਾਕਿਸਤਾਨੀ ਸਰਕਾਰ, ਸਿੱਖਾਂ ਨੂੰ ਹਰ ਖੇਤਰ ਵਿਚ ਨੁਮਾਇੰਦਗੀ ਦੇ ਰਹੀ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸ਼ਹੀਦੀ ਦਿਨ ਮੌਕੇ ਲਾਹੌਰ ਵਿਚ ਯਾਦਗਾਰ ਉਸਾਰੀ ਦਾ ਨੀਂਹ-ਪੱਥਰ ਰੱਖਿਆ ਜਾਵੇਗਾ। ਇਸ ਮੌਕੇ ਪਾਕਿਸਤਾਨ ਔਕਾਫ ਬੋਰਡ ਦੇ ਚੈਅਰਮੈਨ ਹਬੀਬ ਉਰ ਰਹਿਮਾਨ ਨੇ ਕਿਹਾ ਕਿ ਇਸ ਦੇਸ਼ ਵਿਚ ਸੁਭਾਇਮਾਨ ਗੁਰਧਾਮਾਂ ’ਤੇ ਨਾਜ਼ਾਇਜ਼ ਕਾਬਜ਼ਕਾਰਾਂ ਨੂੰ ਭਜਾਉਣਾ ਸਰਕਾਰ ਦਾ ਫਰਜ਼ ਹੈ। ਚੈਅਰਮੈਨ ਨੇ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਦੇ ਹੱਲ ਲਈ ਸਿੱਖ ਵਿਦਵਾਨਾਂ ਨੂੰ ਇਕ ਪਲੇਟਫਾਰਮ ’ਤੇ ਆਉਣਾ ਚਾਹੀਦਾ ਹੈ ਤਾਂ ਜੋ ਸਿੱਖ ਕੌਮ, ਇੱਕੋ ਤਰੀਕ ਨੂੰ ਧਾਰਮਿਕ ਦਿਨ ਮਨਾ ਸਕੇ। ਇਸ ਮੌਕੇ ਦਰਗਾਹ ਬਾਦਸ਼ਾਹੀ ਮਸਜਿਦ ਦੇ ਮੁਖੀ ਮੌਲਾਨਾ ਅਬਦੁਲ ਕਬੀਰ ਆਜ਼ਾਦ ਨੇ ਸੁਚੇਤ ਕੀਤਾ ਕਿ ਸਿੱਖਾਂ ਤੇ ਮੁਸਲਮਾਨਾਂ ਵਿਚ ਸਦੀਆਂ ਤੋਂ ਪਿਆਰ ਭਾਵਨਾ ਹੈ, ਇਸ ਮੋਹ ਨੂੰ ਖ਼ਤਮ ਕਰਨ ਲਈ ਕੁਝ ਲੋਕ ਸਾਜ਼ਿਸ਼ਾਂ ਰਚ ਰਹੇ ਹਨ, ਸਾਨੂੰ ਚੌਕਸ ਹੋਣਾ ਪਵੇਗਾ। ਇਸ ਮੌਕੇ ਗੋਪਾਲ ਸਿੰਘ ਚਾਵਲਾ ਨੇ ਗੁਰੂ ਸਾਹਿਬ ਦੀ ਸ਼ਹਾਦਤ ਬਾਰੇ ਦੱਸਿਆ।
ਹੋਰਨਾਂ ਤੋਂ ਇਲਾਵਾ ਡਾ. ਮਹੀਪਾਲ ਸਿੰਘ, ਸਰਬੱਤ ਸਿੰਘ, ਸਾਹਿਬ ਸਿੰਘ, ਮੈਂਬਰ ਅਰਵਿੰਦਰ ਸਿੰਘ, ਗ੍ਰੰਥੀ ਦਇਆ ਸਿੰਘ, ਪਾਕਿਸਤਾਨ ਓਕਾਫ਼ ਬੋਰਡ ਦੇ ਐਡੀਸ਼ਨਲ ਸਕੱਤਰ ਸ਼ਾਹਿਦ, ਵਧੀਕ ਸਕੱਤਰ ਈਟੀਬੀਪੀ ਤੇ ਇਮਰਾਨ ਖ਼ਾਨ ਗੋਂਦਲ ਹਾਜ਼ਰ ਸਨ।