Bomb Blast @1:11PM : ਖਾਲਿਸਤਾਨੀ ਸੰਗਠਨ ਨੇ ਭੇਜੀਆਂ ਧਮਕੀ ਭਰੀਆਂ ਮੇਲਾਂ, ਲਿਖਿਆ- ਇਕ-ਇਕ ਕਰ ਕੇ ਉਡਾਵਾਂਗੇ 3 ਸਕੂਲ; CM ਮਾਨ ਬਾਰੇ ਆਖੀ ਵੱਡੀ ਗੱਲ
ਪੰਜਾਬ ਦੇ ਅੰਮ੍ਰਿਤਸਰ 'ਚ 15 ਨਾਮੀ ਪ੍ਰਾਈਵੇਟ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਡਿਪਟੀ ਕਮਿਸ਼ਨਰ (DC) ਦੇ ਹੁਕਮਾਂ 'ਤੇ ਸਾਰੇ ਸਕੂਲਾਂ 'ਚ ਛੁੱਟੀ ਕਰ ਦਿੱਤੀ ਹੈ। ਸਕੂਲਾਂ ਦੀ ਮੈਨੇਜਮੈਂਟ ਨੂੰ ਈਮੇਲ ਦੇ ਜਰੀਏ ਧਮਕੀ ਭੇਜੀ ਗਈ ਹੈ। ਇਸ ਤੋਂ ਬਾਅਦ ਸਕੂਲ ਮੈਨੇਜਮੈਂਟ ਨੇ ਤੁਰੰਤ ਅੰਮ੍ਰਿਤਸਰ ਪੁਲਿਸ ਨੂੰ ਸੂਚਿਤ ਕੀਤਾ। ਖਾਲਿਸਤਾਨੀ ਸੰਗਠਨ ਵਲੋਂ ਸਕੂਲ ਨੂੰ ਭੇਜਿਆ ਗਿਆ ਇਕ ਮੇਲ ਸਾਹਮਣੇ ਆਇਆ ਹੈ
Publish Date: Fri, 12 Dec 2025 04:24 PM (IST)
Updated Date: Fri, 12 Dec 2025 04:26 PM (IST)

ਜਾਗਰਣ ਸੰਵਾਦਦਾਤਾ, ਅੰਮ੍ਰਿਤਸਰ - ਪੰਜਾਬ ਦੇ ਅੰਮ੍ਰਿਤਸਰ 'ਚ 15 ਨਾਮੀ ਪ੍ਰਾਈਵੇਟ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਡਿਪਟੀ ਕਮਿਸ਼ਨਰ (DC) ਦੇ ਹੁਕਮਾਂ 'ਤੇ ਸਾਰੇ ਸਕੂਲਾਂ 'ਚ ਛੁੱਟੀ ਕਰ ਦਿੱਤੀ ਹੈ। ਸਕੂਲਾਂ ਦੀ ਮੈਨੇਜਮੈਂਟ ਨੂੰ ਈਮੇਲ ਦੇ ਜਰੀਏ ਧਮਕੀ ਭੇਜੀ ਗਈ ਹੈ। ਇਸ ਤੋਂ ਬਾਅਦ ਸਕੂਲ ਮੈਨੇਜਮੈਂਟ ਨੇ ਤੁਰੰਤ ਅੰਮ੍ਰਿਤਸਰ ਪੁਲਿਸ ਨੂੰ ਸੂਚਿਤ ਕੀਤਾ। ਖਾਲਿਸਤਾਨੀ ਸੰਗਠਨ ਵਲੋਂ ਸਕੂਲ ਨੂੰ ਭੇਜਿਆ ਗਿਆ ਇਕ ਮੇਲ ਸਾਹਮਣੇ ਆਇਆ ਹੈ, ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਖਾਲਿਸਤਾਨੀ ਸਮਰਥਕਾਂ ਦੇ ਅਨਕਾਊਂਟਰ ਦਾ ਬਦਲਾ ਲੈਣ ਲਈ 3 ਵੱਖ-ਵੱਖ ਸਕਲੂਾਂ 'ਚ ਧਮਾਕਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮਾਨ ਸਰਕਾਰ ਨੂੰ ਵੀ ਚਿਤਾਵਨੀ ਦਿੱਤੀ ਗਈ ਹੈ।
ਈ-ਮੇਲ ਮਿਲਦੇ ਹੀ ਸਕੂਲਾਂ ਵਿੱਚ ਭਾਜੜ ਵਰਗਾ ਮਾਹੌਲ
ਧਮਕੀ ਭਰਿਆ ਈ-ਮੇਲ ਮਿਲਣ ਤੋਂ ਬਾਅਦ ਸਕੂਲ ਪ੍ਰਬੰਧਨ ਨੇ ਮਾਪਿਆਂ ਨੂੰ ਤੁਰੰਤ ਮੈਸੇਜ ਕਰਕੇ ਆਪਣੇ ਬੱਚਿਆਂ ਨੂੰ ਸਕੂਲ ਤੋਂ ਲੈ ਜਾਣ ਲਈ ਕਿਹਾ। ਸਕੂਲ ਵੈਨਾਂ ਅਤੇ ਬੱਸਾਂ ਨੂੰ ਤੁਰੰਤ ਬੁਲਾ ਕੇ ਬੱਚਿਆਂ ਨੂੰ ਸੁਰੱਖਿਅਤ ਭੇਜਿਆ ਗਿਆ। ਅਚਾਨਕ ਆਏ ਇਸ ਸੰਦੇਸ਼ ਨਾਲ ਮਾਪੇ ਘਬਰਾ ਕੇ ਸਕੂਲਾਂ ਵੱਲ ਭੱਜੇ। ਬੱਚਿਆਂ ਵਿੱਚ ਵੀ ਡਰ ਅਤੇ ਬੇਚੈਨੀ ਦਾ ਮਾਹੌਲ ਦੇਖਿਆ ਗਿਆ, ਕਈ ਬੱਚੇ ਰੋਂਦੇ ਹੋਏ ਜਾਂ ਜਲਦੀ ਘਰ ਜਾਣ ਦੀ ਕਾਹਲ ਵਿੱਚ ਦਿਖਾਈ ਦਿੱਤੇ। ਸਕੂਲਾਂ ਨੂੰ ਸੀਲ ਕਰ ਦਿੱਤਾ ਗਿਆ ਅਤੇ ਬੰਬ ਸਕੁਐਡ ਨੇ ਕਮਰਿਆਂ ਅਤੇ ਕੰਪਲੈਕਸ ਦੀ ਵਿਸਤ੍ਰਿਤ ਜਾਂਚ ਸ਼ੁਰੂ ਕਰ ਦਿੱਤੀ। ਫਾਇਰ ਬ੍ਰਿਗੇਡ ਅਤੇ ਸੀਨੀਅਰ ਅਧਿਕਾਰੀ ਮੌਕੇ 'ਤੇ ਮੌਜੂਦ ਰਹੇ। ਕਿਸੇ ਵੀ ਵਿਅਕਤੀ ਨੂੰ ਸਕੂਲ ਕੰਪਲੈਕਸ ਵਿੱਚ ਦਾਖਲੇ ਦੀ ਇਜਾਜ਼ਤ ਨਹੀਂ ਦਿੱਤੀ ਗਈ। ਪੁਲਿਸ ਨੇ ਕਿਹਾ ਹੈ ਕਿ ਬੱਚਿਆਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ।
ਸਾਈਬਰ ਸੈੱਲ ਕਰ ਰਿਹਾ ਈ-ਮੇਲ ਦੀ ਜਾਂਚ
ਧਮਕੀ ਭਰੇ ਈ-ਮੇਲ ਨੂੰ ਸਾਈਬਰ ਸੈੱਲ ਨੂੰ ਭੇਜ ਦਿੱਤਾ ਗਿਆ ਹੈ। ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਈਮੇਲ ਕਿਸ ਵਿਅਕਤੀ, ਸੰਗਠਨ ਜਾਂ ਆਈ.ਪੀ. ਐਡਰੈੱਸ ਤੋਂ ਭੇਜਿਆ ਗਿਆ ਹੈ। ਹਾਲੇ ਤੱਕ ਈਮੇਲ ਭੇਜਣ ਵਾਲੇ ਦੀ ਪਛਾਣ ਨਹੀਂ ਹੋ ਸਕੀ ਹੈ, ਪਰ ਜਾਂਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ।
ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਘਟਨਾਕ੍ਰਮ 'ਤੇ ਪਹਿਲਾ ਅਧਿਕਾਰਤ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਸ਼ਹਿਰੀ ਅਤੇ ਪੇਂਡੂ ਦੋਵਾਂ ਖੇਤਰਾਂ ਦੇ ਕਈ ਸਕੂਲਾਂ ਨੂੰ ਸ਼ੱਕੀ ਈਮੇਲ ਮਿਲੀ ਹੈ। ਹਰੇਕ ਸਕੂਲ ਵਿੱਚ ਇੱਕ ਗਜ਼ਟਿਡ ਅਧਿਕਾਰੀ ਤਾਇਨਾਤ ਕੀਤਾ ਗਿਆ ਹੈ। ਐਂਟੀ-ਸਬੋਟਾਜ ਟੀਮ ਸਕੂਲਾਂ ਦੀ ਪੂਰੀ ਜਾਂਚ ਕਰ ਰਹੀ ਹੈ। ਪੁਲਿਸ ਨੇ ਇਹ ਵੀ ਕਿਹਾ ਕਿ ਪਹਿਲਾਂ ਵੀ ਅਜਿਹੇ ਮਾਮਲਿਆਂ ਵਿੱਚ ਵਿਦਿਆਰਥੀ ਸ਼ਰਾਰਤ ਕਰਦੇ ਫੜੇ ਗਏ ਹਨ, ਇਸ ਲਈ ਘਬਰਾਉਣ ਦੀ ਲੋੜ ਨਹੀਂ ਹੈ। ਹਾਲਾਂਕਿ, ਸੁਰੱਖਿਆ ਵਿੱਚ ਕੋਈ ਢਿੱਲ ਨਹੀਂ ਦਿੱਤੀ ਜਾ ਰਹੀ ਹੈ।
ਮਾਪਿਆਂ ਵਿੱਚ ਚਿੰਤਾ, ਸੁਰੱਖਿਆ ਵਧਾਈ ਗਈ
ਧਮਕੀ ਤੋਂ ਬਾਅਦ ਸ਼ਹਿਰ ਭਰ ਦੇ ਮਾਪਿਆਂ ਵਿੱਚ ਚਿੰਤਾ ਦਾ ਮਾਹੌਲ ਹੈ। ਪੁਲਿਸ ਨੇ ਸਾਰਿਆਂ ਨੂੰ ਭਰੋਸਾ ਦਿਵਾਇਆ ਹੈ ਕਿ ਹਾਲਾਤ ਕਾਬੂ ਹੇਠ ਹਨ ਅਤੇ ਬੱਚਿਆਂ ਦੀ ਸੁਰੱਖਿਆ ਪੂਰੀ ਤਰ੍ਹਾਂ ਯਕੀਨੀ ਬਣਾਈ ਜਾ ਰਹੀ ਹੈ। ਉੱਥੇ ਹੀ ਸਕੂਲਾਂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਵਾਧੂ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਫਿਲਹਾਲ ਅੰਮ੍ਰਿਤਸਰ ਵਿੱਚ ਸਾਵਧਾਨੀ ਵਧਾ ਦਿੱਤੀ ਗਈ ਹੈ ਅਤੇ ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।