ਗੁਰਦੁਆਰਾ ਸ੍ਰੀ ਰਾਮਪੁਰ ਖੇੜਾ ਤੋਂ ਅਰਦਾਸ ਤੋਂ ਬਾਅਦ ਸ਼ੁਰੂ ਹੋਏ ਨਗਰ ਕੀਰਤਨ ਦਾ ਸੰਗਤ ਨੇ ਕੀਤਾ ਸ਼ਾਨਦਾਰ ਸਵਾਗਤ
ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ
Publish Date: Sun, 23 Nov 2025 04:57 PM (IST)
Updated Date: Sun, 23 Nov 2025 04:58 PM (IST)

ਖਾਲਸਾਈ ਰਵਾਇਤਾਂ ਅਨੁਸਾਰ ਜੈਕਾਰਿਆਂ ਦੀ ਗੂੰਜ ‘ਚ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਇਆ ਨਗਰ ਕੀਰਤਨ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹਿੰਦ ਦੀ ਚਾਦਰ, ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਅੱਜ ਸਵੇਰੇ ਇਲਾਹੀ ਨਗਰ ਕੀਰਤਨ ਗੁਰਦੁਆਰਾ ਸ੍ਰੀ ਰਾਮਪੁਰ ਖੇੜਾ ਤੋਂ ਰਵਾਨਾ ਹੋਇਆ। ਸੰਤ ਸੇਵਾ ਸਿੰਘ ਜੀ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਖ਼ਾਲਸਾਈ ਪ੍ਰੰਪਰਾਵਾਂ ਅਨੁਸਾਰ ਜੈਕਾਰਿਆਂ ਦੀ ਗੂੰਜ ਵਿੱਚ ਨਗਰ ਕੀਰਤਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਕੀਤਾ ਗਿਆ। ਇਸ ਦੌਰਾਨ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ, ਟਾਂਡਾ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ, ਦਸੂਹਾ ਦੇ ਵਿਧਾਇਕ ਕਰਮਬੀਰ ਸਿੰਘ ਘੁੰਮਣ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਐਸ.ਐਸ.ਪੀ ਸੰਦੀਪ ਕੁਮਾਰ ਮਲਿਕ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਿਕਾਸ ਕੁਮਾਰ, ਐਸ.ਡੀ.ਐਮ ਹੁਸ਼ਿਆਰਪੁਰ ਗੁਰਸਿਮਰਨਜੀਤ ਕੌਰ ਵੀ ਗੁਰਦੁਆਰਾ ਸਾਹਿਬ ਵਿਚ ਨਤਮਸਤਕ ਹੋਏ। ਪੰਜਾਬ ਪੁਲਿਸ ਦੀ ਟੁਕੜੀ ਨੇ ਨਗਰ ਕੀਰਤਨ ਨੂੰ ਗਾਰਡ ਆਫ਼ ਆਨਰ ਦਿੱਤਾ। ਭੂੰਗਾ, ਹਰਿਆਣਾ, ਭੀਖੋਵਾਲ, ਹੁਸ਼ਿਆਰਪੁਰ, ਚੱਬੇਵਾਲ, ਮਾਹਿਲਪੁਰ ਅਤੇ ਗੜ੍ਹਸ਼ੰਕਰ ਵਿੱਚ ਸ਼ਰਧਾਲੂਆਂ ਨੇ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਸਵਾਗਤ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵੱਖ-ਵੱਖ ਸਮਾਗਮ ਰਵਾਇਤੀ ਢੰਗ ਨਾਲ ਕਰਵਾਏ ਜਾ ਰਹੇ ਹਨ। ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕਿਹਾ ਕਿ ਅਸੀਂ ਭਾਗਸ਼ਾਲੀ ਹਾਂ ਕਿ ਅਸੀਂ ਗੁਰੂ ਜੀ ਦੇ ਸ਼ਹਾਦਤ ਸਮਾਗਮ ਮਨਾ ਰਹੇ ਹਾਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ 23, 24 ਅਤੇ 25 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਡੇ ਪੱਧਰ ਤੇ ਸਮਾਗਮ ਕੀਤੇ ਜਾ ਰਹੇ ਹਨ। ਇਸ ਮੌਕੇ ਵਿਧਾਇਕ ਬ੍ਰਮ ਸ਼ੰਕਰ ਜ਼ਿੰਪਾ ਨੇ ਕਿਹਾ ਕਿ ਅਸੀਂ ਖੁਸ਼ਕਿਸਮਤ ਹਾਂ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਸਾਡੇ ਜੀਵਨ ਵਿੱਚ ਆਇਆ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਗੁਰੂ ਜੀ ਦਾ ਸ਼ਹੀਦੀ ਦਿਹਾੜਾ ਵੱਡੇ ਪੱਧਰ ਤੇ ਮਨਾ ਰਹੀ ਹੈ। ਉਨ੍ਹਾਂ ਸਾਰੇ ਹਾਜ਼ਰੀਨ ਨੂੰ ਆਪਣੇ ਪਰਿਵਾਰਾਂ ਸਮੇਤ ਹਾਜ਼ਰ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਕਰਵਾ ਰਹੀ ਹੈ, ਜਿਸ ਰਾਹੀਂ ਗੁਰੂ ਸਾਹਿਬ ਦੀ ਸ਼ਹਾਦਤ ਦਾ ਸੰਦੇਸ਼ ਵਿਸ਼ਵ ਪੱਧਰ ਤੇ ਫੈਲਾਇਆ ਜਾ ਰਿਹਾ ਹੈ। ਵਿਧਾਇਕ ਚੱਬੇਵਾਲ ਡਾ. ਇਸ਼ਾਂਕ ਕੁਮਾਰ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਮਨੁੱਖਤਾ ਦੇ ਧਾਰਮਿਕ ਅਧਿਕਾਰਾਂ ਦੀ ਰਾਖੀ ਲਈ ਇੱਕ ਵਿਲੱਖਣ ਕੁਰਬਾਨੀ ਦਿੱਤੀ ਤਾਂ ਜੋ ਦੁਨੀਆ ਲਈ ਇੱਕ ਮਿਸਾਲ ਕਾਇਮ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਨੌਵੇਂ ਗੁਰੂ ਧਰਮ ਨਿਰਪੱਖਤਾ, ਏਕਤਾ ਅਤੇ ਵਿਸ਼ਵਵਿਆਪੀ ਭਾਈਚਾਰੇ ਦੇ ਸੱਚੇ ਪ੍ਰਤੀਕ ਸਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦਾ ਜੀਵਨ ਅਤੇ ਦਰਸ਼ਨ ਸਾਰੀ ਮਨੁੱਖਤਾ ਲਈ ਮਾਰਗਦਰਸ਼ਕ ਹਨ। ਇਸ ਮੌਕੇ ਪੰਜ ਪਿਆਰਿਆਂ ਅਤੇ ਪ੍ਰਮੁੱਖ ਸ਼ਖਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ।