ਗਿਆਨੀ ਰਘਬੀਰ ਸਿੰਘ ਨੇ ਅਮਿਤ ਸ਼ਾਹ ਨੂੰ ਲਿਖਿਆ ਪੱਤਰ; ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਸਾਮਾਨ ਬਾਰੇ ਮੰਗਿਆ ਸਪਸ਼ਟੀਕਰਨ
ਉਨ੍ਹਾਂ ਕਿਹਾ ਕਿ ਪੱਤਰ ਰਾਹੀਂ ਜਾਣਕਾਰੀ ਮੰਗੀ ਹੈ ਕਿ ਕਈ ਧਿਰਾਂ ਕਹਿ ਰਹੀਆਂ ਹਨ ਕਿ ਕੁਝ ਸਮਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਵਾਪਸ ਕਰ ਦਿੱਤਾ ਗਿਆ ਸੀ ਅਤੇ ਇੱਕ ਧਿਰ ਕਹਿ ਰਹੀ ਹੈ ਕਿ ਜੂਨ 1984 ਵਿੱਚ ਖੜਿਆ ਫੌਜ ਵੱਲੋਂ ਸਨਮਾਨ ਵਾਪਸ ਨਹੀਂ ਕੀਤਾ ਗਿਆ।
Publish Date: Mon, 04 May 2026 01:25 PM (IST)
Updated Date: Mon, 04 May 2026 01:31 PM (IST)

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਪੱਤਰ ਲਿਖਿਆ ਹੈ । ਪੱਤਰ ਸਬੰਧੀ ਜਾਣਕਾਰੀ ਦਿੰਦੇ ਹੋਏ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪੱਤਰ ਰਾਹੀਂ ਉਨ੍ਹਾਂ ਨੇ ਭਾਰਤ ਦੇ ਗ੍ਰਹਿ ਮੰਤਰੀ ਪਾਸੋਂ ਜੂਨ 1984 ਵਿੱਚ ਹੋਏ ਫੌਜੀ ਹਮਲੇ ਦਰਮਿਆਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚੋਂ ਪਾਵਨ ਸਰੂਪ, ਹੁਕਮਨਾਮੇ ਅਤੇ ਹੋਰ ਦਸਤਾਵੇਜ਼ ਜੋ ਫ਼ੌਜ ਨੇ ਖੜੇ ਸਨ, ਉਸ ਦੀ ਸਥਿਤੀ ਬਾਰੇ ਜਾਣਕਾਰੀ ਮੰਗੀ ਹੈ। ਉਨ੍ਹਾਂ ਕਿਹਾ ਕਿ ਪੱਤਰ ਰਾਹੀਂ ਜਾਣਕਾਰੀ ਮੰਗੀ ਹੈ ਕਿ ਕਈ ਧਿਰਾਂ ਕਹਿ ਰਹੀਆਂ ਹਨ ਕਿ ਕੁਝ ਸਮਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਵਾਪਸ ਕਰ ਦਿੱਤਾ ਗਿਆ ਸੀ ਅਤੇ ਇੱਕ ਧਿਰ ਕਹਿ ਰਹੀ ਹੈ ਕਿ ਜੂਨ 1984 ਵਿੱਚ ਖੜਿਆ ਫੌਜ ਵੱਲੋਂ ਸਾਮਾਨ ਵਾਪਸ ਨਹੀਂ ਕੀਤਾ ਗਿਆ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਉਹਨਾਂ ਭਾਰਤ ਦੇ ਗ੍ਰਹਿ ਮੰਤਰੀ ਪਾਸੋਂ ਇਹ ਸਾਰੀ ਸਥਿਤੀ ਨੂੰ ਸਪਸ਼ਟ ਕਰਨ ਲਈ ਜਾਣਕਾਰੀ ਮੰਗੀ ਹੈ ਅਤੇ ਉਹਨਾਂ ਪੱਤਰ ਵਿੱਚ ਇਹ ਵੀ ਕਿਹਾ ਹੈ ਕਿ ਇਹ ਸਥਿਤੀ ਬਾਰੇ ਸਪਸ਼ਟ ਜਾਣਕਾਰੀ ਅਤੇ ਰਿਕਾਰਡ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਸੰਗਤਾਂ ਵਿੱਚ ਪੈਦਾ ਹੋ ਰਹੀ ਦੁਬਿਧਾ ਨੂੰ ਦੂਰ ਕੀਤਾ ਜਾ ਸਕੇ। ਗਿਆਨੀ ਰਘਬੀਰ ਸਿੰਘ ਨੇ ਦੋਸ਼ ਲਗਾਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਇੱਕ ਪਰਿਵਾਰ ਦੇ ਇਸ਼ਾਰੇ ਤੇ ਚੱਲ ਰਿਹਾ ਹੈ। ਬੇਅਦਬੀ ਕਾਨੂੰਨ ਸਬੰਧੀ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਦਾ ਸਹਿਯੋਗ ਕਰਨਾ ਚਾਹੀਦਾ ਹੈ।