ਇਜਲਾਸ ਸ਼ੁਰੂ ਹੋਣ 'ਤੇ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਪ੍ਰਧਾਨਗੀ ਲਈ ਪੇਸ਼ ਕੀਤਾ ਗਿਆ। ਉਨ੍ਹਾਂ ਦੇ ਨਾਂ ਬਾਬਾ ਸਰਬਜੋਤ ਸਿੰਘ ਬੇਦੀ ਨੇ ਪੇਸ਼ ਕੀਤਾ ਤੇ ਇਸ ਦੀ ਭਾਈ ਗੋਬਿੰਦ ਸਿੰਘ ਲੋਗੋਵਾਲ ਤੇ ਸੁੱਚਾ ਸਿੰਘ ਛੋਟੇਪੁਰ ਨੇ ਤਾਇਦ ਮਜੀਦ ਕੀਤੀ।
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਕਈ ਮਹੀਨਿਆਂ ਤੋਂ ਜ਼ਬਰਦਸਤ ਧੜੇਬੰਦੀ ਦਾ ਸਾਹਮਣਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਧੜੇ ਨੇ ਸੋਮਵਾਰ ਨੂੰ ਇੱਥੇ ਇਜਲਾਸ ਵਿਚ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਐਲਾਨ ਦਿੱਤਾ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਠਿਤ ਪੰਜ ਮੈਂਬਰੀ ਭਰਤੀ ਕਮੇਟੀ ਨੇ ਇਸ ਦੇ ਨਾਲ ਹੀ ਪੰਥਕ ਕੌਂਸਲ ਵੀ ਬਣਾਈ ਹੈ, ਜਿਸ ਦੀ ਚੇਅਰਪਰਸਨ ਗਰਮਖਿਆਲੀ ਪਰਿਵਾਰ ਨਾਲ ਸਬੰਧਤ ਬੀਬੀ ਸਤਵੰਤ ਕੌਰ ਨੂੰ ਨਿਯੁਕਤ ਕੀਤਾ ਗਿਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਾਲ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਅੱਠ ਸਾਲ ਜਥੇਦਾਰ ਵੱਜੋਂ ਸੇਵਾਵਾਂ ਨਿਭਾਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਜਦੋਂ ਬਾਗ਼ੀ ਧੜਾ ਨਵੀਂ ਸਿਆਸੀ ਪਾਰਟੀ ਬਣਾਏਗਾ ਤਾਂ ਗਿਆਨੀ ਹਰਪ੍ਰੀਤ ਸਿੰਘ ਉਸ ਦੀ ਕਮਾਨ ਸੰਭਾਲਣਗੇ। ਮੀਰੀ-ਮੀਰੀ ਦੇ ਸਿਧਾਂਤ ਮੁਤਾਬਕ ਸਿਆਸੀ ਮਾਮਲੇ ਗਿਆਨੀ ਹਰਪ੍ਰੀਤ ਸਿੰਘ ਦੇਖਣਗੇ ਜਦਕਿ ਪੰਥਕ ਮਾਮਲਿਆਂ ਦੀ ਜ਼ਿੰਮੇਵਾਰੀ ਬੀਬੀ ਸਤਵੰਤ ਕੌਰ ’ਤੇ ਰਹੇਗੀ। ਬਾਗ਼ੀ ਧੜਾ ਆਪਣੀ ਸਿਆਸੀ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਮੁਤਾਬਕ ਚੋਣ ਕਮਿਸ਼ਨ ਦੇ ਸਾਹਮਣੇ ਪੇਸ਼ ਕਰੇਗਾ।
ਬੁਰਜ ਅਕਾਲੀ ਬਾਬਾ ਫੂਲਾ ਸਿੰਘ ਗੁਰਦੁਆਰਾ ਸਾਹਿਬ ਵਿਚ ਹੋਏ ਇਜਲਾਸ ਲਈ ਸੰਤਾ ਸਿੰਘ ਉਮੈਦਪੁਰੀ ਨੂੰ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ ਜਦਕਿ ਮੰਚ ਸੰਚਾਲਨ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਜਥੇਦਾਰ ਇਕਬਾਲ ਸਿੰਘ ਝੂੰਦਾ ਨੇ ਕੀਤਾ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਇਹ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਪੰਥਕ ਜਮਾਤ ਪੂਰੀ ਤਰ੍ਹਾਂ ਨਾਲ ਸਿਆਸੀ ਪ੍ਰਭਾਵ ਵਿਚ ਆ ਚੁੱਕੀ ਹੈ। ਸੰਗਤ ਦੀ ਵੱਡੀ ਮੰਗ ਸੀ ਕਿ ਧਾਰਮਿਕ ਖੇਤਰ ਨੂੰ ਸਿਆਸੀ ਖੇਤਰ ਤੋਂ ਵੱਖ ਰੱਖਿਆ ਜਾਵੇ। ਬਾਬਾ ਸਰਬਜੋਤ ਸਿੰਘ ਬੇਦੀ ਨੇ ਗਿਆਨੀ ਹਰਪ੍ਰੀਤ ਸਿੰਘ ਦਾ ਨਾਂ ‘ਸ਼੍ਰੋਮਣੀ ਅਕਾਲੀ ਦਲ’ ਦੇ ਪ੍ਰਧਾਨ ਅਹੁਦੇ ਲਈ ਤਜਵੀਜ਼ ਕੀਤਾ। ਉਨ੍ਹਾਂ ਦੇ ਨਾਂ ਦੀ ਤਾਈਦ ਐੱਸਜੀਪੀਸੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਕੀਤੀ ਜਦਕਿ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਨੇ ਤਾਈਦ ਮਜੀਦ ਕੀਤੀ। ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਪੰਥਕ ਕੌਂਸਲ ਦੀ ਚੇਅਰਪਰਸਨ ਦੇ ਰੂਪ ਵਿਚ ਬੀਬੀ ਸਤਵੰਤ ਕੌਰ ਦਾ ਨਾਂ ਤਜਵੀਜ਼ ਕੀਤਾ, ਜਿਸ ਨੂੰ ਹਾਜ਼ਰ ਡੈਲੀਗੇਟਸ ਨੇ ਜੈਕਾਰਿਆਂ ਦੀ ਗੂੰਜ ਵਿਚ ਮਨਜ਼ੂਰੀ ਦਿੱਤੀ। ਚੋਣ ਅਧਿਕਾਰੀ ਸੰਤਾ ਸਿੰਘ ਉਮੈਦਪੁਰੀ ਨੇ ਹਾਜ਼ਰ ਸਾਰੇ ਡੈਲੀਗੇਟਸ ਤੋਂ ਹੋਰ ਨਾਵਾਂ ਦੀ ਤਜਵੀਜ਼ ਮੰਗੀ ਪਰ ਕੋਈ ਹੋਰ ਉਮੀਦਵਾਰ ਸਾਹਮਣੇ ਨਾ ਆਉਣ ’ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਧਾਨ ਐਲਾਨ ਦਿੱਤਾ ਗਿਆ।
ਭਾਜਪਾ ਦੇ ਕਾਰਨ ਅਕਾਲੀ ਦਲ ਐੱਸਜੀਪੀਸੀ ’ਤੇ ਕਾਬਜ਼ : ਗਿਆਨੀ ਹਰਪ੍ਰੀਤ ਸਿੰਘ
ਬਾਗ਼ੀ ਧੜੇ ਵੱਲੋਂ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਉਹ ਚੋਣਾਂ ਨਹੀਂ ਲੜਨਗੇ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਪਾਰਟੀ ਦੇ ਆਈਟੀ ਵਿੰਗ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੰਮ ਮੇਰੀ ਕਿਰਦਾਰਕੁਸ਼ੀ ਕਰਨਾ ਹੈ। ਜੇਕਰ ਮੇਰੇ ਕਿਸੇ ਵੀ ਕਾਰਕੁੰਨ ਜਾਂ ਨੇਤਾ ਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਮੈਂ ਅਜਿਹੇ ਲੋਕਾਂ ਨੂੰ ਨੰਗਾ ਕਰ ਦੇਵਾਂਗਾ। ਮੇਰੇ ਕੋਲ ਸੁਖਬੀਰ ਦੀਆਂ ਜਾਇਦਾਦਾਂ ਦੀਆਂ ਲੰਬੀਆਂ-ਲੰਬੀਆਂ ਸੂਚੀਆਂ ਹਨ। ਪਹਿਲਾਂ ਮੈਂ ਇਕੱਲਾ ਸੀ, ਹੁਣ ਪੰਥ ਤੇ 15 ਲੱਖ ਲੋਕ ਮੇਰੇ ਨਾਲ ਹਨ। ਇਹ ਲੋਕ ਜਿੰਨਾ ਵੀ ਚਿੱਕੜ ਸੁੱਟ ਲੈਣ, ਅਸੀਂ ਪੰਥਕ ਮੁੱਦਿਆਂ ਦੀ ਹੀ ਗੱਲ ਕਰਾਂਗੇ। ਉਨ੍ਹਾਂ ਕਿਹਾ ਕਿ ਮੈਂ ਜਥੇਦਾਰ ਦੇ ਰੂਪ ਵਿਚ ਸੇਵਾ ਕਰ ਰਿਹਾ ਸੀ ਪਰ ਉਨ੍ਹਾਂ ਮੇਰਾ ਸੇਵਾ ਖੋਹ ਲਈ। ਹੁਣ ਪੰਥ ਨੇ ਮੈਨੂੰ ਉਨ੍ਹਾਂ ਦੇ ਸਿਰ ’ਤੇ ਬਿਠਾ ਦਿੱਤਾ ਹੈ। ਉਹ ਕਹਿੰਦੇ ਸਨ ਕਿ ਮੈਂ ਸਿਰਫ਼ ਗ੍ਰੰਥੀ ਹਾਂ, ਸਿਆਸਤ ਨਹੀਂ ਜਾਣਦਾ ਪਰ ਹੁਣ ਮੈਂ ਉਨ੍ਹਾਂ ਨੂੰ ਦਿਖਾਵਾਂਗਾ ਕਿ ਸਿਆਸਤ ਕਿਵੇਂ ਕੀਤੀ ਜਾਂਦੀ ਹੈ। ਐੱਸਜੀਪੀਸੀ ਦੀਆਂ ਚੋਣਾਂ ਨਾ ਹੋਣ ’ਤੇ ਜਥੇਦਾਰ ਨੇ ਕਿਹਾ ਕਿ ਵਰਤਮਾਨ ਵਿਚ ਕਾਬਜ਼ ਧੜੇ ਨੂੰ ਲਾਭ ਹੋ ਰਿਹਾ ਹੈ ਅਤੇ ਕੇਂਦਰ ਦੀ ਸੱਤਾਧਾਰੀ ਭਾਜਪਾ ਨਾਲ ਮਿਲ ਕੇ ਇਹ ਲਾਭ ਚੁੱਕਿਆ ਜਾ ਰਿਹਾ ਹੈ।