Fraud CAse : ਵਿਦੇਸ਼ ਜਾਣ ਦੇ ਚੱਕਰ ’ਚ ‘ਪਤਨੀ’ ਹੱਥੋਂ ਠੱਗਿਆ ਗਿਆ ਨੌਜਵਾਨ, ਕੈਨੇਡਾ ਪਹੁੰਚ ਕੇ ਲੜਕੀ ਨੇ ਨੌਜਵਾਨ ਖ਼ਿਲਾਫ਼ ਦਰਜ ਕਰਵਾਇਆ ਕੇਸ
ਵਿਦੇਸ਼ ਵਿਚ ਸੈਟਲ ਹੋਣ ਦੀ ਚਾਹਤ ਵਿਚ ਇਕ ਲੜਕੀ ਨੇ ਇਕ ਨੌਜਵਾਨ ਜੋ ਕਿ ਕਿਸਾਨੀ ਕਿੱਤੇ ਨਾਲ ਜੁੜਿਆ ਹੋਇਆ ਹੈ, ਨੂੰ 63 ਲੱਖ ਰੁਪਏ ਦਾ ਚੂਨਾ ਲਗਾ ਦਿੱਤਾ। ਦੋਵੇਂ ਕੈਨੇਡਾ ਵੀ ਪਹੁੰਚ ਗਏ ਪਰ ਉਥੇ ਲੜਕੀ ਨੇ ਪਤੀ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਜਿਸ ਤੋਂ ਬਾਅਦ ਪਤੀ ਨੂੰ ਡਿਪੋਰਟ ਕਰ ਦਿੱਤਾ ਗਿਆ। ਹੁਣ ਲੜਕੀ ਨੇ ਨੌਜਵਾਨ ਨਾਲ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ ਹੈ।
Publish Date: Sun, 25 Jan 2026 07:19 PM (IST)
Updated Date: Sun, 25 Jan 2026 07:24 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਵਿਦੇਸ਼ ਵਿਚ ਸੈਟਲ ਹੋਣ ਦੀ ਚਾਹਤ ਵਿਚ ਇਕ ਲੜਕੀ ਨੇ ਇਕ ਨੌਜਵਾਨ ਜੋ ਕਿ ਕਿਸਾਨੀ ਕਿੱਤੇ ਨਾਲ ਜੁੜਿਆ ਹੋਇਆ ਹੈ, ਨੂੰ 63 ਲੱਖ ਰੁਪਏ ਦਾ ਚੂਨਾ ਲਗਾ ਦਿੱਤਾ। ਦੋਵੇਂ ਕੈਨੇਡਾ ਵੀ ਪਹੁੰਚ ਗਏ ਪਰ ਉਥੇ ਲੜਕੀ ਨੇ ਪਤੀ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਜਿਸ ਤੋਂ ਬਾਅਦ ਪਤੀ ਨੂੰ ਡਿਪੋਰਟ ਕਰ ਦਿੱਤਾ ਗਿਆ। ਹੁਣ ਲੜਕੀ ਨੇ ਨੌਜਵਾਨ ਨਾਲ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ ਹੈ। ਪਤਨੀ ਹੱਥੋਂ ਠੱਗਿਆ ਗਿਆ ਕਿਸਾਨ ਹੁਣ ਪੁਲਿਸ ਥਾਣਿਆਂ ਵਿਚ ਚੱਕਰ ਕੱਟਣ ਲਈ ਮਜਬੂਰ ਹੈ।
ਭੋਮਾ ਪਿੰਡ ਦੇ ਵਸਨੀਕ ਅੰਮ੍ਰਿਤਪਾਲ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਬਟਾਲਾ ਦੇ ਘਨੱਈਆ ਦੇ ਬਾਂਗਰ ਪਿੰਡ ਦੀ ਵਸਨੀਕ ਆਂਚਲਪ੍ਰੀਤ ਕੌਰ, ਉਸ ਦੇ ਪਿਤਾ ਸਰਬਜੀਤ ਸਿੰਘ, ਭਰਾ ਅਜੈਪਾਲ ਸਿੰਘ ਅਤੇ ਮਾਂ ਕੰਵਲਜੀਤ ਕੌਰ ਵਿਰੁੱਧ ਧੋਖਾਧੜੀ ਅਤੇ ਸਾਜ਼ਿਸ਼ ਦਾ ਦੋਸ਼ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਏਐੱਸਆਈ ਹਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਔਰਤ ਵਿਰੁੱਧ ਐੱਲਓਸੀ ਜਾਰੀ ਕੀਤੀ ਜਾਵੇਗੀ।
ਅੰਮ੍ਰਿਤਪਾਲ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਆਂਚਲਪ੍ਰੀਤ ਕੌਰ ਨਾਲ 12 ਮਈ 2021 ਨੂੰ ਵਿਆਹ ਕੀਤਾ ਸੀ। ਉਹ ਪੇਸ਼ੇ ਤੋਂ ਕਿਸਾਨ ਹੈ ਅਤੇ ਉਸ ਨੇ ਬੀਏ ਦੀ ਪੜ੍ਹਾਈ ਕੀਤੀ ਹੈ। ਆਂਚਲਪ੍ਰੀਤ ਕੌਰ ਵਿਦੇਸ਼ ਵਿਚ ਸੈਟਲ ਹੋਣਾ ਚਾਹੁੰਦੀ ਸੀ ਅਤੇ ਉਸ ਨੂੰ ਆਪਣੇ ਨਾਲ ਲੈ ਜਾਣ ਬਾਰੇ ਗੱਲ ਕਰਨ ਲੱਗ ਪਈ।
ਉਹ ਉਸ ਦੀਆਂ ਗੱਲਾਂ ਵਿਚ ਫਸ ਗਿਆ। ਆਂਚਲ ਨੇ ਆਪਣੀ 12ਵੀਂ ਜਮਾਤ ਪੂਰੀ ਕਰ ਲਈ ਸੀ। ਦੋਵਾਂ ਪਰਿਵਾਰਾਂ ਨੇ ਉਨ੍ਹਾਂ ਦਾ ਵਿਆਹ ਕਰਵਾਇਆ। ਵਿਆਹ ਤੋਂ ਬਾਅਦ ਉਸ ਨੇ ਆਪਣੀ ਪਤਨੀ ਨੂੰ ਆਈਲੈਟਸ ਕਰਵਾਇਆ ਅਤੇ ਕੈਨੇਡਾ ਜਾਣ ’ਤੇ 63 ਲੱਖ ਰੁਪਏ ਖਰਚ ਕੀਤੇ ਤੇ ਦੋਵੇਂ ਕੈਨੇਡਾ ਚਲੇ ਗਏ। ਉਸ ਦੀ ਪਤਨੀ ਨੇ ਬਿਨਾਂ ਕਿਸੇ ਕਾਰਨ ਦੇ ਉਸ ਦੇ ਖਿਲਾਫ ਪੁਲਿਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ। ਉਸ ਨੂੰ ਬੇਇੱਜ਼ਤ ਕੀਤਾ ਗਿਆ ਅਤੇ ਵਾਪਸ ਭੇਜ ਦਿੱਤਾ ਗਿਆ। ਹੁਣ ਆਂਚਲ ਨੇ ਉਸ ਦੇ ਫ਼ੋਨ ਚੁੱਕਣੇ ਵੀ ਬੰਦ ਕਰ ਦਿੱਤੇ ਹਨ।