ਉਨ੍ਹਾਂ ਨੇ ਤਿੰਨ ਨਾਵਾਂ: ਗੁਰੂਬਖ਼ਸ਼, ਗੁਰਬਖ਼ਸ਼ ਸਿੰਘ, ਗੁਰਬਖ਼ਸ਼ ਸਿੰਘ ਫ਼ਰੈਂਕ, ਹੇਠ ਆਪਣਾ ਅਨੁਵਾਦ-ਕਾਰਜ ਕੀਤਾ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋਫ਼ੈਸਰ ਹਨ। ਪੰਜਾਬੀ ਚਿੰਤਨ ਦੀ ਦੁਨੀਆਂ ਵਿੱਚ ਫਰੈਂਕ ਦੀ ਕਾਰਜਸ਼ੀਲਤਾ ਦਾ ਦਾ ਸਮਾਂ ਵੀਹਵੀਂ ਸਦੀ ਦਾ ਨੌਵਾਂ ਦਹਾਕਾ ਰਿਹਾ।
ਰਮੇਸ਼ ਰਾਮਪੁਰਾ, ਅੰਮ੍ਰਿਤਸਰ : ‘ਮੇਰਾ ਦਾਗਿਸਤਾਨ’ ਵਰਗੀ ਸੰਸਾਰ ਪ੍ਰਸਿੱਧ ਪੁਸਤਕ ਦਾ ਪੰਜਾਬੀ ਅਨੁਵਾਦ ਕਰਕੇ ਜਾਣੇ ਜਾਂਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਸਾਬਕਾ ਪ੍ਰੋਫ਼ੈਸਰ ਤੇ ਮੁਖੀ, ਉੱਘੇ ਅਨੁਵਾਦਕ, ਸਾਹਿਤ ਸਿਧਾਂਤ ਤੇ ਆਲੋਚਨਾ ਦੇ ਪ੍ਰਬੁੱਧ ਵਿਦਵਾਨ ਡਾ. ਗੁਰਬਖ਼ਸ਼ ਸਿੰਘ ਫਰੈਂਕ ਵੀਰਵਾਰ ਨੂੰ ਆਪਣੀ ਜੀਵਨ ਯਾਤਰਾ ਸੰਪੂਰਨ ਕਰ ਕੇ ਪਰਲੋਕ ਸਿਧਾਰ ਗਏ। ਉਨ੍ਹਾਂ ਸਵੇਰੇ ਵੱਡੇ ਤਡ਼ਕੇ ਆਪਣੀ ਧੀ ਜੀਨਾ ਸਿੰਘ ਅਤੇ ਦਾਮਾਦ ਡਾ.ਸਰਬਜੋਤ ਸਿੰਘ ਬਹਿਲ ਦੇ ਗ੍ਰਹਿ ’ਚ ਅੰਤਿਮ
ਸਵਾਸ ਲਏ। ਬਾਅਦ ਦੁਪਹਿਰ ਸ਼ਮਸ਼ਾਨ ਘਾਟ ਸ਼ਹੀਦਾਂ ਸਾਹਿਬ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਡਾ. ਫਰੈਂਕ ਲਗਪਗ ਡੇਢ ਦਹਾਕਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਪੰਜਾਬੀ ਵਿਭਾਗ ਵਿਚ ਅਧਿਆਪਕ ਵਜੋਂ ਪਡ਼੍ਹਉਂਦੇ ਰਹੇ। ਸਸਕਾਰ ਮੌਕੇ ਦੀਪ ਦੇਵਿੰਦਰ ਸਿੰਘ, ਡਾ. ਮਨਜਿੰਦਰ ਸਿੰਘ, ਡਾ. ਰਮਿੰਦਰ ਕੌਰ, ਡਾ. ਰਵੀ, ਡਾ. ਹਰਿੰਦਰ ਸੋਹਲ, ਡਾ. ਜਤਿੰਦਰ ਸਿੰਘ, ਡਾ. ਰੇਨੂੰ ਬਾਲਾ, ਮਨਮੋਹਨ ਸਿੰਘ ਢਿੱਲੋਂ, ਅਰਵਿੰਦਰ ਸਿੰਘ ਚਮਕ, ਸੁਮੀਤ ਸਿੰਘ, ਕੁਲਵੰਤ ਸਿੰਘ ਆਦਿ ਹਾਜ਼ਰ ਸਨ।
ਦੱਸ ਦੇਈਏ ਕਿ 1 ਸਤੰਬਰ 1935 ਨੂੰ ਜਨਮੇ ਫਰੈਂਕ ਮੁੱਖ ਤੌਰ ਤੇ ਰੂਸੀ ਸਾਹਿਤਕ ਰਚਨਾਵਾਂ ਦਾ ਅਨੁਵਾਦਕ ਸੀ। ਉਨ੍ਹਾਂ ਨੇ ਤਿੰਨ ਨਾਵਾਂ: ਗੁਰੂਬਖ਼ਸ਼, ਗੁਰਬਖ਼ਸ਼ ਸਿੰਘ, ਗੁਰਬਖ਼ਸ਼ ਸਿੰਘ ਫ਼ਰੈਂਕ, ਹੇਠ ਆਪਣਾ ਅਨੁਵਾਦ-ਕਾਰਜ ਕੀਤਾ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋਫ਼ੈਸਰ ਹਨ। ਪੰਜਾਬੀ ਚਿੰਤਨ ਦੀ ਦੁਨੀਆਂ ਵਿੱਚ ਫਰੈਂਕ ਦੀ ਕਾਰਜਸ਼ੀਲਤਾ ਦਾ ਦਾ ਸਮਾਂ ਵੀਹਵੀਂ ਸਦੀ ਦਾ ਨੌਵਾਂ ਦਹਾਕਾ ਰਿਹਾ।
ਡਾ. ਫਰੈਂਕ ਆਪਣੀ ਮੁੱਢਲੀ ਉਮਰੇ ਰੂਸੀ ਸਫ਼ਾਰਤਖਾਨਾ ਦਿੱਲੀ ਵਿਖੇ ਪ੍ਰੈੱਸ ਤੇ ਪਬਲੀਕੇਸ਼ਨ ਡਵੀਜ਼ਨ ਵਿਚ ਮੁਲਾਜ਼ਮ ਸਨ। ਮਾਸਕੋ ਪ੍ਰਗਤੀ ਪ੍ਰਕਾਸ਼ਨ ਸਥਾਪਤ ਹੋਇਆ ਤਾਂ ਉਹ ਉੱਥੇ ਚਲੇ ਗਏ। ਇੰਸਟੀਚੂਟ ਆਫ ਓਰੀਐਂਟਲ ਸਟੱਡੀਜ਼ ਵਿਚ ਪੀ. ਐੱਚ. ਡੀ. ਕਰਨ ਲਈ ਉਨ੍ਹਾਂ ਪਹਿਲਾਂ ਰੂਸੀ ਭਾਸ਼ਾ ਵਿਚ ਐੱਮ. ਏ. ਕੀਤੀ ਤੇ ਫਿਰ ਕਰਤਾਰ ਸਿੰਘ ਦੁੱਗਲ ਦੀਆਂ ਕਹਾਣੀਆਂ ਉੱਤੇ ਖੋਜ ਕਰ ਕੇ ਅਕਾਦਮਿਕ ਡਾਕਟਰ ਬਣੇ। 1975 ਵਿਚ ਆਪਣਾ ਖੋਜ ਕਾਰਜ ਖ਼ਤਮ ਕਰਨ ਤੋਂ ਬਾਅਦ ਉਹ ਇੱਕੋ ਇਕ ਪਹਿਲੇ ਪੰਜਾਬੀ ਲੇਖਕ ਸਨ, ਜਿਨ੍ਹਾਂ ‘ਰੂਸੀ-ਪੰਜਾਬੀ ਸ਼ਬਦਕੋਸ਼’ ਤਿਆਰ ਕੀਤਾ। ਉਹ 1969 ਈ. ਤੋਂ 1976 ਤਕ ਸੋਵੀਅਤ ਯੂਨੀਅਨ ਵਿਖੇ ਅਨੁਵਾਦ ਦਾ ਕਾਰਜ ਕਰਦੇ ਰਹੇ ਪਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਪ੍ਰੋਫੈਸਰ ਬਣਨ ਤੋਂ ਬਾਅਦ ਇਕ ਵਾਰ ਫਿਰ ਉਨ੍ਹਾਂ ਮਾਸਕੋ ਜਾ ਕੇ ਇਕ ਪ੍ਰੋਜੈਕਟ ਉੱਤੇ ਕੰਮ ਕੀਤਾ। 1995 ਤਕ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਚੇਅਰਮੈਨਸ਼ਿਪ ਕਰਦਿਆਂ ਸੇਵਾ-ਮੁਕਤ ਹੋਏ। ਸੱਭਿਆਚਾਰ ਤੇ ਨਿੱਕੀ ਕਹਾਣੀ ਉਨ੍ਹਾਂ ਦੇ ਅਧਿਆਪਨ ਤੇ ਖੋਜ ਦੇ ਖੇਤਰ ਰਹੇ। ‘ਸੱਭਿਆਚਾਰ ਤੇ ਪੰਜਾਬੀ ਸੱਭਿਆਚਾਰ’, ‘ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ’, ‘ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ’, ਅਤੇ ‘ਸੰਬਾਦ-1 1984’, ਸਿਰਲੇਖ ਦੀਆਂ ਪੁਸਤਕਾਂ ਉਨ੍ਹਾਂ ਦੇ ਅਧਿਆਪਨ-ਜੀਵਨ ਦੀ ਦੇਣ ਹਨ। ਵਾਸਤਵ ਵਿਚ, ਡਾ. ਫਰੈਂਕ ਦੀ ਦਿਲਚਸਪੀ ਤੇ ਪੇਸ਼ੇਵਰ-ਸ਼ੌਕ ਅਨੁਵਾਦ ਦਾ ਰਿਹਾ। ਉਨ੍ਹਾਂ ਰੂਸੀ ਲੇਖਕ ਪੰਜਾਬੀ ਵਿਚ ਅਨੁਵਾਦ ਕਰ ਕੇ ਪੰਜਾਬੀ ਪਾਠਕਾਂ ਦੀ ਸਾਂਝ ਰੂਸੀ ਸਾਹਿਤ ਨਾਲ ਪੁਆਈ। ਟਾਲਸਟਾਏ, ਗੋਰਕੀ, ਚੈਖ਼ਵ, ਰਸੂਲ ਹਮਜ਼ਾਤੋਵ, ਪੁਸ਼ਕਿਨ ਆਦਿ ਲੇਖਕਾਂ ਦੇ ਸਾਹਿਤ ਤਕ ਡਾ. ਫਰੈਂਕ ਦੇ ਸਰਲ ਅਤੇ ਮਿਆਰੀ ਅਨੁਵਾਦ ਸਦਕਾ ਹੀ ਪੰਜਾਬੀ ਪਾਠਕ ਦੀ ਰਸਾਈ ਹੋ ਸਕੀ। ਕਮਿਊਨਿਸਟ ਸਾਹਿਤ ਅਤੇ ਮਾਰਕਸਵਾਦੀ ਫਲਸਫ਼ੇ ਦੀਆਂ ਵੀ ਚੌਖੀਆਂ ਕਿਤਾਬਾਂ ਪੰਜਾਬੀ ਵਿਚ ਉਲਥਾਈਆਂ। ਰੂਸੀ ਸਾਹਿਤ ਦੇ ਸਿਰਜਣਾਤਮਕ ਪਰਿਵੇਸ਼ ਦੀ ਮੌਲਿਕ ਸੂਝ ਨੇ ਡਾ. ਫਰੈਂਕ ਦੀ ਅਨੁਵਾਦਕ ਮੁਹਾਰਤ ਨੂੰ ਬਲ ਬਖਸ਼ਿਆ। ਜਿਸ ਕਰਕੇ ਉਨ੍ਹਾਂ ਦੀਆਂ ਅਨੁਵਾਦਿਤ ਪੁਸਤਕਾਂ ਵਿਚ ਉਪਰਾਪਨ ਪਾਠਕਾਂ ਨੂੰ ਮਹਿਸੂਸ ਨਹੀਂ ਹੁੰਦਾ ਅਤੇ ਭਾਸ਼ਾਈ ਮੌਲਿਕਤਾ ਦੇ ਅਹਿਸਾਸ ਕਰ ਕੇ ਪਾਠਕ ਲਈ ਪੁਸਤਕ ਪੜ੍ਹਨਯੋਗ ਤੇ ਮਾਨਣਯੋਗ ਲਗਦੀ ਹੈ। ਉਹ ਰੂਸੀ ਗਲਪ ਦੇ ਬਿਰਤਾਂਤਕ ਵਾਤਾਵਰਨ ਨੂੰ ਹੂਬਹੂ ਉਲਥਾਉਣ ਦੀ ਕਲਾਕਾਰੀ ਵਿਚ ਕਾਮਿਲ ਕਲਮਕਾਰ ਸਨ। ਟਾਲਸਟਾਏ ਦੀ ‘ਪਾਦਰੀ ਸੇਰਗਈ’ ਅਤੇ ਲੇਰਮੇਨਤੋਵ ਦੀ ‘ਸਾਡੇ ਸਮੇਂ ਦਾ ਇਕ ਨਾਇਕ’ ਉਨ੍ਹਾਂ ਦੀਆਂ ਅਨੁਵਾਦਿਤ ਦੋ ਹੋਰ ਕਿਤਾਬਾਂ ਵੀ ਜ਼ਿਕਰਯੋਗ ਹਨ। ‘ਫ਼ਿਲਾਸਫੀ ਕੀ ਹੈ?’ ਸਮੇਤ ਉਨ੍ਹਾਂ ਰੂਸੀ ਭਾਸ਼ਾ ਤੋਂ ਪੰਜਾਬੀ ਜ਼ੁਬਾਨ ਵਿਚ ਲਗਪਗ ਤਿੰਨ ਦਰਜਨ ਪੁਸਤਕਾਂ ਦਾ ਤਰਜਮਾ ਕੀਤਾ ਸੀ। ਰੂਸੀ, ਅੰਗਰੇਜ਼ੀ, ਹਿੰਦੀ ਤੇ ਉਰਦੂ ਤਕ ਪਰਪੱਕ ਪਹੁੰਚ ਸਦਕਾ ਡਾ. ਫਰੈਂਕ ਨੇ ਸਿਰਫ਼ ਰੂਸੀ ਸਾਹਿਤ ਤੇ ਦਰਸ਼ਨ ਦੀਆਂ ਕਲਾਸਿਕ ਪੁਸਤਕਾਂ ਦਾ ਹੀ ਅਨੁਵਾਦ ਨਹੀਂ ਕੀਤਾ, ਸਗੋਂ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਆਬਿਦ ਹੁਸੈਨ ਆਦਿ ਦੀਆਂ ਲਿਖਤਾਂ ਨੂੰ ਵੀ ਪੰਜਾਬੀ ਪਾਠਕਾਂ ਤਕ ਦਸਤਯਾਬ ਕੀਤਾ ਸੀ। ਉਨ੍ਹਾਂ ਦੀ ਅਨੁਵਾਦਕ ਕਲਾ ਨੂੰ ਮਾਣਤਾ ਦਿੰਦਿਆਂ ਭਾਰਤੀ ਸਾਹਿਤ ਅਕਾਦਮੀ, ਦਿੱਲੀ ਨੇ 2012 ਵਿਚ ਕੌਮੀ ਪੁਰਸਕਾਰ ਦੇ ਕੇ ਉਨ੍ਹਾਂ ਨੂੰ ਸਨਮਾਨਿਆ ਗਿਆ ਸੀ। ਉਨ੍ਹਾਂ ਦੀ ਉਲਥਾਈ ਪੁਸਤਕ ‘ਭਾਰਤੀ ਨਿੱਕੀ ਕਹਾਣੀ’ ਨੂੰ ਇਸ ਪੁਰਸਕਾਰ ਲਈ ਚੁਣਿਆ ਗਿਆ ਸੀ।