Crime News : ਹੋਟਲ ’ਚ ਬੁਲਾ ਕੇ ਪ੍ਰੇਮਿਕਾ ਦਾ ਕਤਲ, ਅੰਮ੍ਰਿਤਸਰ ਦੇ ਸ਼ੇਰਾਂਵਾਲਾ ਗੇਟ ਨੇੜੇ ਹੋਟਲ ਖੁੱਲਰ ’ਚ ਵਾਪਰੀ ਘਟਨਾ
ਪੁਲਿਸ ਥਾਣਾ ਬੀ ਡਵੀਜ਼ਨ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਸ਼ੇਰਾਂਵਾਲਾ ਗੇਟ ਨੇੜੇ ਖੁੱਲਰ ਹੋਟਲ ਵਿਚ ਇਕ ਨੌਜਵਾਨ ਨੇ ਆਪਣੀ ਵਿਆਹੁਤਾ ਪ੍ਰੇਮਿਕਾ ਦਾ ਕਤਲ ਕਰ ਦਿੱਤਾ। ਦੋਸ਼ ਹੈ ਕਿ ਤਰਨਤਾਰਨ ਦੇ ਭਿਖੀਵਿੰਡ ਦੇ ਰਹਿਣ ਵਾਲੇ ਗੁਰਮੀਤ ਸਿੰਘ ਉਰਫ਼ ਭੋਲਾ ਨੇ ਵੀਰਪਾਲ ਕੌਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।
Publish Date: Sun, 16 Nov 2025 07:35 PM (IST)
Updated Date: Sun, 16 Nov 2025 07:38 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਪੁਲਿਸ ਥਾਣਾ ਬੀ ਡਵੀਜ਼ਨ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਸ਼ੇਰਾਂਵਾਲਾ ਗੇਟ ਨੇੜੇ ਖੁੱਲਰ ਹੋਟਲ ਵਿਚ ਇਕ ਨੌਜਵਾਨ ਨੇ ਆਪਣੀ ਵਿਆਹੁਤਾ ਪ੍ਰੇਮਿਕਾ ਦਾ ਕਤਲ ਕਰ ਦਿੱਤਾ। ਦੋਸ਼ ਹੈ ਕਿ ਤਰਨਤਾਰਨ ਦੇ ਭਿਖੀਵਿੰਡ ਦੇ ਰਹਿਣ ਵਾਲੇ ਗੁਰਮੀਤ ਸਿੰਘ ਉਰਫ਼ ਭੋਲਾ ਨੇ ਵੀਰਪਾਲ ਕੌਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪੁਲਿਸ ਮੌਕੇ ’ਤੇ ਪਹੁੰਚੀ ਤੇ ਸਿਵਲ ਹਸਪਤਾਲ ’ਚੋਂ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ।
ਇਸ ਦੌਰਾਨ ਇੰਸਪੈਕਟਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਭਿੱਖੀਵਿੰਡ ਦੇ ਰਹਿਣ ਵਾਲੇ ਇੰਦਰਜੀਤ ਸਿੰਘ ਨੇ ਬੀ ਡਵੀਜ਼ਨ ਪੁਲਿਸ ਥਾਣੇ ਵਿਚ ਪੁਲਿਸ ਨੂੰ ਦੱਸਿਆ ਕਿ ਉਸ ਦੀ ਭੈਣ ਵੀਰਪਾਲ ਕੌਰ ਦਾ ਵਿਆਹ ਅੱਠ ਸਾਲ ਪਹਿਲਾਂ ਰਸਾਲ ਸਿੰਘ ਨਾਲ ਹੋਇਆ ਸੀ।
ਵਿਆਹ ਤੋਂ ਬਾਅਦ ਵੀਰਪਾਲ ਕੌਰ ਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ। ਇਸ ਦੌਰਾਨ ਵੀਰਪਾਲ ਅਤੇ ਉਸ ਦੇ ਪਤੀ ਰਸਾਲ ਸਿੰਘ ਵਿਚਕਾਰ ਝਗੜਾ ਸ਼ੁਰੂ ਹੋ ਗਿਆ। ਮੌਕਾ ਮਿਲਦੇ ਹੀ ਗੁਆਂਢ ਵਿਚ ਰਹਿਣ ਵਾਲੇ ਗੁਰਮੀਤ ਸਿੰਘ ਉਰਫ਼ ਧਰਮ ਨੇ ਵੀਰਪਾਲ ਕੌਰ ਨਾਲ ਨੇੜਤਾ ਵਧਾਉਣੀ ਸ਼ੁਰੂ ਕਰ ਦਿੱਤੀ।
ਇੰਦਰਜੀਤ ਸਿੰਘ ਨੇ ਦੱਸਿਆ ਕਿ ਪਤੀ ਨਾਲ ਝਗੜੇ ਕਾਰਨ ਵੀਰਪਾਲ ਅਤੇ ਧਰਮ ’ਚ ਨਾਜਾਇਜ਼ ਸਬੰਧ ਬਣ ਗਏ। ਇਸ ਗੱਲ ਦਾ ਪਤਾ ਲੱਗਣ ’ਤੇ ਪਰਿਵਾਰਕ ਮੈਂਬਰਾਂ ਨੇ ਧਰਮ ਅਤੇ ਵੀਰਪਾਲ ਦੋਵਾਂ ਨੂੰ ਕਈ ਵਾਰ ਸਮਝਾਇਆ ਪਰ ਧਰਮ ਬਾਜ਼ ਨਹੀਂ ਆ ਰਿਹਾ ਸੀ।
ਧਰਮ ਨੇ ਕਿਸੇ ਤਰ੍ਹਾਂ ਵੀਰਪਾਲ ਕੌਰ ਦਾ ਵਿਸ਼ਵਾਸ ਜਿੱਤ ਲਿਆ ਅਤੇ ਉਸ ਨੂੰ ਸ਼ੇਰਾਂਵਾਲਾ ਗੇਟ ਨੇੜੇ ਖੁੱਲਰ ਹੋਟਲ ਵਿਚ ਲੈ ਗਿਆ। ਮੁਲਜ਼ਮ ਨੇ ਕਮਰਾ ਨੰਬਰ 104 ਵਿਚ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਭੱਜ ਗਿਆ। ਹੋਟਲ ਸਟਾਫ ਨੇ ਉਸ ਦੀ ਭੈਣ ਦੀ ਲਾਸ਼ ਕਮਰੇ ਵਿਚ ਦੇਖੀ ਅਤੇ ਪੁਲਿਸ ਨੂੰ ਸੂਚਿਤ ਕੀਤਾ। ਜਾਂਚ ਤੋਂ ਬਾਅਦ ਪੁਲਿਸ ਨੇ ਗੁਰਮੀਤ ਸਿੰਘ ਉਰਫ਼ ਧਰਮ ਵਿਰੁੱਧ ਕਤਲ ਦਾ ਕੇਸ ਦਰਜ ਕਰ ਲਿਆ ਹੈ।