ਨਾ 10 ਵਜੇ ਤੇ ਨਾ ਹੀ ਸਾਢੇ 4 ਵਜੇ, ਦੁਪਹਿਰ 12 ਵਜੇ ਦਾ ਸਮਾਂ ਹੋਇਆ ਤੈਅ; CM ਭਗਵੰਤ ਮਾਨ ਅੱਜ ਜਥੇਦਾਰ ਨੂੰ ਦੇਣਗੇ ਸਪੱਸ਼ਟੀਕਰਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੀਆਂ ਸ਼ਿਕਾਇਤਾਂ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ 5 ਜਨਵਰੀ ਨੂੰ ਇਕ ਆਦੇਸ਼ ਜਾਰੀ ਕਰਦਿਆਂ ਭਗਵੰਤ ਮਾਨ ਨੂੰ 15 ਜਨਵਰੀ ਨੂੰ ਸਪੱਸ਼ਟੀਕਰਨ ਦੇਣ ਲਈ ਸਕੱਤਰੇਤ ਵਿਖੇ ਸਵੇਰੇ 10 ਵਜੇ ਸੱਦਿਆ ਸੀ। ਭਾਵੇਂ ਜਥੇਦਾਰ ਦੇ ਆਦੇਸ਼ ਅਨੁਸਾਰ ਸਕੱਤਰੇਤ ਦੇ ਇੰਚਾਰਜ ਬਗੀਚਾ ਸਿੰਘ ਨੇ ਸਪੱਸ਼ਟੀਕਰਨ ਦੇਣ ਦਾ ਸਮਾਂ ਬਦਲ ਕੇ ਸ਼ਾਮ 4.30 ਵਜੇ ਕਰਦਿਆਂ ਮੁੱਖ ਮੰਤਰੀ ਮਾਨ ਨੂੰ ਪੁੱਜਣ ਦਾ ਨਵਾਂ ਪੱਤਰ ਜਾਰੀ ਕਰ ਦਿੱਤਾ ਸੀ
Publish Date: Thu, 15 Jan 2026 10:58 AM (IST)
Updated Date: Thu, 15 Jan 2026 11:00 AM (IST)

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੀਆਂ ਸ਼ਿਕਾਇਤਾਂ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ 5 ਜਨਵਰੀ ਨੂੰ ਇਕ ਆਦੇਸ਼ ਜਾਰੀ ਕਰਦਿਆਂ ਭਗਵੰਤ ਮਾਨ ਨੂੰ 15 ਜਨਵਰੀ ਨੂੰ ਸਪੱਸ਼ਟੀਕਰਨ ਦੇਣ ਲਈ ਸਕੱਤਰੇਤ ਵਿਖੇ ਸਵੇਰੇ 10 ਵਜੇ ਸੱਦਿਆ ਸੀ। ਭਾਵੇਂ ਜਥੇਦਾਰ ਦੇ ਆਦੇਸ਼ ਅਨੁਸਾਰ ਸਕੱਤਰੇਤ ਦੇ ਇੰਚਾਰਜ ਬਗੀਚਾ ਸਿੰਘ ਨੇ ਸਪੱਸ਼ਟੀਕਰਨ ਦੇਣ ਦਾ ਸਮਾਂ ਬਦਲ ਕੇ ਸ਼ਾਮ 4.30 ਵਜੇ ਕਰਦਿਆਂ ਮੁੱਖ ਮੰਤਰੀ ਮਾਨ ਨੂੰ ਪੁੱਜਣ ਦਾ ਨਵਾਂ ਪੱਤਰ ਜਾਰੀ ਕਰ ਦਿੱਤਾ ਸੀ ਪਰ ਮਾਨ ਨੇ ਟਵੀਟ ਕਰ ਕੇ ਕਿਹਾ ਸੀ ਕਿ ਮੈਂ 15 ਜਨਵਰੀ ਨੂੰ ਸਵੇਰੇ 10 ਵਜੇ ਨਿਮਰਤਾ ਸਹਿਤ ਹਾਜ਼ਰ ਹੋਣ ਲਈ ਤਿਆਰ ਹਾਂ।
ਇਸੇ ਦੌਰਾਨ ਬੁੱਧਵਾਰ ਦੇਰ ਸ਼ਾਮ ਤੱਕ ਕੋਈ ਵੀ ਬਦਲਵਾਂ ਸਮਾਂ ਤੈਅ ਕਰਨ ਲਈ ਦੋਹਾਂ ਪਾਸਿਓਂ ਗੱਲਬਾਤ ਹੁੰਦੀ ਰਹੀ। ਮੁੱਖ ਮੰਤਰੀ ਪਹਿਲਾਂ ਤੋਂ ਤੈਅ ਪ੍ਰੋਗਰਾਮ ਤਹਿਤ ਦੇਰ ਰਾਤ ਅੰਮ੍ਰਿਤਸਰ ਵਿਖੇ ਪਹੁੰਚ ਗਏ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਚੁੱਕੇ ਸਨ। ਮਾਨ ਦੇ ਸਪੱਸ਼ਟੀਕਰਨ ਲਈ ਜਥੇਦਾਰ ਵਲੋਂ ਨਾ 10 ਵਜੇ ਤੇ ਨਾ ਹੀ ਸਾਢੇ 4 ਵਜੇ ਬਲਕਿ ਵਿਚਲਾ ਸਮਾਂ ਦੁਪਹਿਰ 12 ਵਜੇ ਦੇ ਲਗਪਗ ਤੈਅ ਕਰ ਲਿਆ ਗਿਆ ਹੈ। ਹੁਣ ਮੁੱਖ ਮੰਤਰੀ ਸਪੱਸ਼ਟੀਕਰਨ ਦੇਣ ਲਈ 12 ਵਜੇ ਦੇ ਕਰੀਬ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪਹੁੰਚਣਗੇ।