Sri Akal Takht Sahib Live : CM ਮਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦਿੱਤਾ ਸਪੱਸ਼ਟੀਕਰਨ, ਕਿਹਾ- ਜਥੇਦਾਰ ਜੋ ਵੀ ਫ਼ੈਸਲਾ ਦੇਣਗੇ, ਮੇਰੇ ਸਿਰ ਮੱਥੇ...
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਪੱਸ਼ਟੀਕਰਨ ਦੇਣ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚ ਚੁੱਕੇ ਹਨ। ਭਗਵੰਤ ਸਿੰਘ ਮਾਨ ਸਭ ਤੋਂ ਪਹਿਲਾਂ ਗੇਟ ਘੰਟਾ ਘਰ ਰਾਹੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾਂ ਵਿੱਚ ਗਏ। ਨਤਮਸਤਕ ਹੋਣ ਤੋਂ ਬਾਅਦ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਨੂੰ ਆਪਣਾ ਸਪੱਸ਼ਟੀਕਰਨ ਦੇਣਗੇ।
Publish Date: Thu, 15 Jan 2026 11:31 AM (IST)
Updated Date: Thu, 15 Jan 2026 01:22 PM (IST)

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਪੱਸ਼ਟੀਕਰਨ ਦੇਣ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚ ਚੁੱਕੇ ਹਨ। ਭਗਵੰਤ ਸਿੰਘ ਮਾਨ ਸਭ ਤੋਂ ਪਹਿਲਾਂ ਗੇਟ ਘੰਟਾ ਘਰ ਰਾਹੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾਂ ਵਿੱਚ ਗਏ। ਨਤਮਸਤਕ ਹੋਣ ਤੋਂ ਬਾਅਦ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਨੂੰ ਆਪਣਾ ਸਪੱਸ਼ਟੀਕਰਨ ਦੇਣਗੇ।
25 ਤੋਂ 30 ਹਜ਼ਾਰ ਪੰਨਿਆਂ ਦਾ ਜਥੇਦਾਰ ਨੂੰ ਦਿੱਤਾ ਸਪੱਸ਼ਟੀਕਰਨ - ਭਗਵੰਤ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਥੇਦਾਰ ਨੂੰ ਸਪਸ਼ਟੀਕਰਨ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਸ਼ਿਕਾਇਤਾਂ ਉਨ੍ਹਾਂ ਵਿਰੁੱਧ ਆਈਆਂ ਸਨ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਜੋ ਸ਼ਿਕਾਇਤਾਂ ਬਤੌਰ ਮੁੱਖ ਮੰਤਰੀ ਉਨ੍ਹਾਂ ਪਾਸ ਪੁੱਜੀਆਂ ਸਨ ਉਨ੍ਹਾਂ ਦਾ ਇੱਕ ਵੱਡਾ ਪੁਲੰਦਾ ਜਿਸ ਵਿੱਚ 25 ਤੋਂ 30 ਹਜ਼ਾਰ ਪੰਨੇ ਦੀ ਫਾਈਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਦਿੱਤੀ ਗਈ ਹੈ। ਸੀਐਮ ਨੇ ਕਿਹਾ ਕਿ ਉਨ੍ਹਾਂ ਨੇ ਹਰੇਕ ਪੱਖ ਨੂੰ ਜਥੇਦਾਰ ਦੇ ਅੱਗੇ ਸਪੱਸ਼ਟ ਪੇਸ਼ ਕੀਤਾ ਹੈ ਅਤੇ ਜਥੇਦਾਰ ਨੇ ਉਨ੍ਹਾਂ ਨੂੰ ਹਰੇਕ ਪੱਖ ਨੂੰ ਵਿਚਾਰ ਕੇ ਆਉਣ ਵਾਲੇ ਦਿਨਾਂ ਵਿੱਚ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਇਸ ਮਾਮਲੇ ਨੂੰ ਵਿਚਾਰ ਕੇ ਆਪਣਾ ਫੈਸਲਾ ਦੇਣ ਦੀ ਗੱਲ ਆਖੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਰਬ ਉੱਚ ਹੈ ਅਤੇ ਇਸ ਤੋਂ ਹੋਇਆ ਆਦੇਸ਼ ਅਸੀਂ ਪ੍ਰਵਾਨ ਕਰਾਂਗੇ। 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਐਸਆਈਟੀ ਆਪਣਾ ਕੰਮ ਕਰ ਰਹੀ ਹੈ ਅਤੇ ਬੰਗਾ ਦੇ ਗੁਰੂ ਘਰ ਵਿੱਚ ਜੋ 139 ਸਰੂਪਾਂ ਦੇ ਰਿਕਾਰਡ ਨਾ ਮਿਲਣ ਦੀ ਗੱਲ ਕਹੀ ਜਾ ਰਹੀ ਹੈ ਉਸ ਦਾ ਮੁਲਾਂਕਨ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਐਸਆਈਟੀ ਨਾਲ ਮਿਲ ਕੇ ਉਥੋਂ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕੋਈ ਸਿਆਸੀ ਲਾਭ ਲੈਣ ਲਈ ਨਹੀਂ ਕੀਤਾ ਜਾ ਰਿਹਾ ਇਹ ਲੋਕਾਂ ਵਿੱਚ ਪੈਦਾ ਹੋਈ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਦੁਬਿਧਾ ਨੂੰ ਖਤਮ ਕਰਨ ਦਾ ਯਤਨ ਹੈ।
CM ਮਾਨ ਨੇ ਕਿਹਾ- ''ਜਿਹੜੀ ਵਾਇਰਲ ਵੀਡੀਓ ਮੇਰੇ ਬਾਰੇ ਪੇਸ਼ ਕੀਤੀ ਗਈ ਹੈ, ਉਹ ਨਕਲੀ ਹੈ ਕਿਉਂਕਿ ਅੱਜਕੱਲ੍ਹ AI ਦਾ ਜ਼ਮਾਨਾ ਹੈ। ਤੁਸੀਂ ਇਸ ਵੀਡੀਓ ਦੀ ਜਿੱਥੋ ਮਰਜ਼ੀ ਜਾਂਚ ਕਰਵਾ ਲਓ। ਮੇਰੀ ਇੰਨੀ ਔਕਾਤ ਨਹੀਂ ਤੇ ਨਾ ਹੀ ਮੇਰੇ ਇੰਨੀਂ ਹਿੰਮਤ ਹੈ ਕਿ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੈਲੰਜ ਕਰ ਸਕਾਂ।'' ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੇਸ਼ ਹੋ ਕੇ ਮੈਨੂੰ ਸਕੂਨ ਮਿਲਿਆ ਹੈ। ਮੈਂ ਆਪਣੇ ਵਲੋਂ ਲਿਖਤੀ ਸਪੱਸ਼ਟੀਕਰਨ ਦੇ ਦਿੱਤਾ ਹੈ, ਹੁਣ ਜਥੇਦਾਰ ਸਾਹਿਬ ਦਾ ਜੋ ਆਦੇਸ਼ ਹੋਵੇਗਾ, ਉਹ ਮੇਰੇ ਸਿਰ ਮੱਥੇ। ਦੱਸ ਦਈਏ ਕਿ ਇਸ ਦੌਰਾਨ CM ਮਾਨ ਨਾਲ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਵੀ ਮੌਜ਼ੂਦ ਰਹੇ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਪਹੁੰਚੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਕੱਤਰ ਵਿਖੇ ਪਹੁੰਚ ਚੁੱਕੇ ਹਨ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਕੱਤਰੇਤ ਵਿਖੇ ਆਪਣਾ ਸਪੱਸ਼ਟੀਕਰਨ ਦੇਣ ਲਈ ਪਹੁੰਚ ਚੁੱਕੇ ਹਨ I
ਬੈਗ ਭਰ ਕੇ ਸਪੱਸ਼ਟੀਕਰਨ ਲਈ ਲਿਆਂਉਂਦੇ ਸੀਐਮ ਨੇ ਕਾਗਜ ਪੱਤਰ
ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਪੱਸ਼ਟੀਕਰਨ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚ ਚੁੱਕੇ ਹਨ। ਭਗਵੰਤ ਸਿੰਘ ਮਾਨ ਨੇ ਜਥੇਦਾਰ ਵੱਲੋਂ ਜਿੰਨੇ ਵੀ ਸਪੱਸ਼ਟੀਕਰਨ ਮੰਗੇ ਸਨ ਉਸ ਸਬੰਧੀ ਭਗਵੰਤ ਮਾਨ ਨੇ ਕਾਲੇ ਰੰਗ ਦੇ ਇੱਕ ਵੱਡੇ ਬੈਗ ਨੂੰ ਭਰ ਕੇ ਕਾਗਜਾਤ ਲਿਆਂਦੇ ਹਨ, ਜਿਸ ਵਿੱਚ ਵੱਖ-ਵੱਖ ਮੁੱਦਿਆਂ ਤੇ ਸਪੱਸ਼ਟੀਕਰਨ ਦਿੱਤੇ ਗਏ ਹਨ।
ਮੁੱਖ ਮੰਤਰੀ ਭਗਵੰਤ ਮਾਨ ਦੇ ਕਤਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਥੇਦਾਰ ਨੂੰ ਸਪੱਸ਼ਟੀਕਰਨ ਦੇਣ ਦੇ ਇਸ ਪ੍ਰੋਗਰਾਮ ਤਹਿਤ ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਵੱਡੀ ਤਾਦਾਦ ਦੇ ਵਿੱਚ ਮੁਲਾਜ਼ਮਾਂ ਨੂੰ ਤੈਨਾਤ ਕੀਤਾ ਗਿਆ ਹੈ।
ਦੱਸ ਦਈਏ ਕਿ ਮਾਨ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੀਆਂ ਸ਼ਿਕਾਇਤਾਂ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ 5 ਜਨਵਰੀ ਨੂੰ ਇਕ ਆਦੇਸ਼ ਜਾਰੀ ਕਰਦਿਆਂ ਭਗਵੰਤ ਮਾਨ ਨੂੰ 15 ਜਨਵਰੀ ਨੂੰ ਸਪੱਸ਼ਟੀਕਰਨ ਦੇਣ ਲਈ ਸਕੱਤਰੇਤ ਵਿਖੇ ਸਵੇਰੇ 10 ਵਜੇ ਸੱਦਿਆ ਸੀ। ਭਾਵੇਂ ਜਥੇਦਾਰ ਦੇ ਆਦੇਸ਼ ਅਨੁਸਾਰ ਸਕੱਤਰੇਤ ਦੇ ਇੰਚਾਰਜ ਬਗੀਚਾ ਸਿੰਘ ਨੇ ਸਪੱਸ਼ਟੀਕਰਨ ਦੇਣ ਦਾ ਸਮਾਂ ਬਦਲ ਕੇ ਸ਼ਾਮ 4.30 ਵਜੇ ਕਰਦਿਆਂ ਮੁੱਖ ਮੰਤਰੀ ਮਾਨ ਨੂੰ ਪੁੱਜਣ ਦਾ ਨਵਾਂ ਪੱਤਰ ਜਾਰੀ ਕਰ ਦਿੱਤਾ ਸੀ ਪਰ ਮਾਨ ਨੇ ਟਵੀਟ ਕਰ ਕੇ ਕਿਹਾ ਸੀ ਕਿ ਮੈਂ 15 ਜਨਵਰੀ ਨੂੰ ਸਵੇਰੇ 10 ਵਜੇ ਨਿਮਰਤਾ ਸਹਿਤ ਹਾਜ਼ਰ ਹੋਣ ਲਈ ਤਿਆਰ ਹਾਂ।
ਇਸੇ ਦੌਰਾਨ ਬੁੱਧਵਾਰ ਦੇਰ ਸ਼ਾਮ ਤੱਕ ਕੋਈ ਵੀ ਬਦਲਵਾਂ ਸਮਾਂ ਤੈਅ ਕਰਨ ਲਈ ਦੋਹਾਂ ਪਾਸਿਓਂ ਗੱਲਬਾਤ ਹੁੰਦੀ ਰਹੀ। ਮੁੱਖ ਮੰਤਰੀ ਪਹਿਲਾਂ ਤੋਂ ਤੈਅ ਪ੍ਰੋਗਰਾਮ ਤਹਿਤ ਦੇਰ ਰਾਤ ਅੰਮ੍ਰਿਤਸਰ ਵਿਖੇ ਪਹੁੰਚ ਗਏ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਚੁੱਕੇ ਸਨ। ਮਾਨ ਦੇ ਸਪੱਸ਼ਟੀਕਰਨ ਲਈ ਜਥੇਦਾਰ ਵਲੋਂ ਨਾ 10 ਵਜੇ ਤੇ ਨਾ ਹੀ ਸਾਢੇ 4 ਵਜੇ ਬਲਕਿ ਵਿਚਲਾ ਸਮਾਂ ਦੁਪਹਿਰ 12 ਵਜੇ ਦੇ ਲਗਪਗ ਤੈਅ ਕਰ ਲਿਆ ਗਿਆ ਸੀ।