ਦੂਜੀ ਐੱਫਆਈਆਰ ਨੰਬਰ 236, ਮਿਤੀ 20 ਨਵੰਬਰ, 2025, ਆਈਪੀਸੀ ਦੀਆਂ ਧਾਰਾਵਾਂ 109, 132, 221, 262 ਤੇ ਅਸਲਾ ਐਕਟ ਤਹਿਤ ਦਰਜ ਕੀਤੀ ਗਈ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਜੋਬਨਪ੍ਰੀਤ ਸਿੰਘ ਤੇ ਸੁਖਬੀਰ ਸਿੰਘ ਦੋਵੇਂ 22 ਸਾਲ ਦੇ ਹਨ ਅਤੇ ਉਨ੍ਹਾਂ ਵਿਰੁੱਧ ਪਹਿਲਾਂ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਅੰਮ੍ਰਿਤਸਰ ਪੁਲਿਸ ਨੇ ਛੇਹਰਟਾ ਕਤਲ ਮਾਮਲੇ ’ਚ ਮੁੱਖ ਸ਼ੂਟਰ ਜੋਬਨਪ੍ਰੀਤ ਸਿੰਘ ਉਰਫ਼ ਜੋਬਨ ਤੇ ਉਸ ਦੇ ਸਾਥੀ ਸੁਖਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਅਪਰਾਧ ’ਚ ਵਰਤਿਆ ਆਸਟ੍ਰੀਅਨ-ਬਣਿਆ ਗਲੌਕ 9 ਐੱਮਐੱਮ ਪਿਸਤੌਲ ਬਰਾਮਦ ਕੀਤਾ ਹੈ। ਇਸ ਮਾਮਲੇ ’ਚ ਹੁਣ ਤੱਕ ਕੁੱਲ ਚਾਰ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। 18 ਨਵੰਬਰ ਦੀ ਸਵੇਰ ਨੂੰ ਵਰਿੰਦਰ ਸਿੰਘ ਨੂੰ ਗੁਰਦੁਆਰਾ ਛੇਹਰਟਾ ਸਾਹਿਬ ਨੇੜੇ ਅਣਪਛਾਤੇ ਹਮਲਾਵਰਾਂ ਨੇ ਉਸ ਵੇਲੇ ਗੋਲ਼ੀ ਮਾਰ ਦਿੱਤੀ ਸੀ, ਜਦੋਂ ਉਹ ਆਪਣੇ ਬੱਚਿਆਂ ਨੂੰ ਸਕੂਲ ਛੱਡ ਕੇ ਵਾਪਸ ਆ ਰਿਹਾ ਸੀ। ਗੰਭੀਰ ਜ਼ਖ਼ਮੀ ਵਰਿੰਦਰ ਸਿੰਘ ਦੀ ਬਾਅਦ ’ਚ ਵੇਰਕਾ ਬਾਈਪਾਸ ਦੇ ਐਸਕਾਰਟਸ ਫੋਰਟਿਸ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਘਟਨਾ ਤੋਂ ਬਾਅਦ ਛੇਹਰਟਾ ਥਾਣੇ ’ਚ ਆਈਪੀਸੀ ਦੀ ਧਾਰਾ 103, 61(2) ਤੇ ਅਸਲਾ ਐਕਟ ਤਹਿਤ ਐੱਫਆਈਆਰ ਨੰਬਰ 233 ਦਰਜ ਕੀਤੀ ਗਈ ਸੀ। ਸ਼ੁਰੂਆਤੀ ਕਾਰਵਾਈ ’ਚ ਪੁਲਿਸ ਨੇ ਗੁਰਲਾਲ ਸਿੰਘ ਤੇ ਉਸ ਦੀ ਪਤਨੀ ਪਰਮਜੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ। ਹੋਰ ਜਾਂਚ ਕਰਨ 'ਤੇ ਪੁਲਿਸ ਨੇ ਦੋ ਹਮਲਾਵਰਾਂ, ਜੋਬਨਪ੍ਰੀਤ ਸਿੰਘ ਤੇ ਸੁਖਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਜੋਬਨ ਨੇ ਖੁਲਾਸਾ ਕੀਤਾ ਕਿ ਉਸ ਨੇ ਅਪਰਾਧ ’ਚ ਵਰਤੀ ਪਿਸਤੌਲ ਲੁਕਾਈ ਸੀ ਤੇ ਪੁਲਿਸ ਨੂੰ ਇਸ ਦੀ ਬਰਾਮਦਗੀ ਲਈ ਸਥਾਨ ਦੱਸਿਆ।
ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਦੋਸ਼ੀ ਨੇ ਅਚਾਨਕ ਆਪਣਾ ਹਥਿਆਰ ਚੁੱਕਿਆ ਤੇ ਹੈੱਡ ਕਾਂਸਟੇਬਲ ਗੁਰਿੰਦਰ ਸਿੰਘ 'ਤੇ ਗੋਲ਼ੀਬਾਰੀ ਕੀਤੀ, ਜਿਸ ਨਾਲ ਗੋਲੀ ਖੁੰਝ ਗਈ। ਜਵਾਬੀ ਕਾਰਵਾਈ ’ਚ ਛੇਹਰਟਾ ਥਾਣੇ ਦੇ ਐੱਸਐੱਚਓ ਇੰਸਪੈਕਟਰ ਲਵਪ੍ਰੀਤ ਸਿੰਘ ਨੇ ਜਵਾਬੀ ਫਾਇਰਿੰਗ ਕੀਤੀ, ਜਿਸ ’ਚ ਦੋਸ਼ੀ ਦੀ ਸੱਜੀ ਲੱਤ ’ਚ ਗੋਲ਼ੀ ਲੱਗੀ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਜਾਂਚ ’ਚ ਇਹ ਵੀ ਸਾਹਮਣੇ ਆਇਆ ਕਿ ਨਿਸ਼ਾਨ ਸਿੰਘ, ਜੋ ਕਿ ਵਿਦੇਸ਼ ’ਚ ਰਹਿੰਦਾ ਹੈ ਅਤੇ ਅਰਸ਼ਦੀਪ ਕੌਰ ਦਾ ਪਤੀ ਦੱਸਿਆ ਜਾਂਦਾ ਹੈ, ਨੇ ਗੋਲ਼ੀਬਾਰੀ ਕਰਨ ਵਾਲਿਆਂ ਨੂੰ ਦੁਬਈ ਭੇਜਣ ਦੇ ਵਾਅਦੇ ਨਾਲ ਭਰਮਾ ਕੇ ਕਤਲ ਦਾ ਸੌਦਾ ਕੀਤਾ ਸੀ। ਉਸ ਦੇ ਖ਼ੁਦ ਵਿਦੇਸ਼ੀ ਹੋਣ ਦਾ ਸ਼ੱਕ ਹੈ।
ਦੂਜੀ ਐੱਫਆਈਆਰ ਨੰਬਰ 236, ਮਿਤੀ 20 ਨਵੰਬਰ, 2025, ਆਈਪੀਸੀ ਦੀਆਂ ਧਾਰਾਵਾਂ 109, 132, 221, 262 ਤੇ ਅਸਲਾ ਐਕਟ ਤਹਿਤ ਦਰਜ ਕੀਤੀ ਗਈ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਜੋਬਨਪ੍ਰੀਤ ਸਿੰਘ ਤੇ ਸੁਖਬੀਰ ਸਿੰਘ ਦੋਵੇਂ 22 ਸਾਲ ਦੇ ਹਨ ਅਤੇ ਉਨ੍ਹਾਂ ਵਿਰੁੱਧ ਪਹਿਲਾਂ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ। ਗੁਰਲਾਲ ਸਿੰਘ ਤੇ ਉਸ ਦੀ ਪਤਨੀ ਪਰਮਜੀਤ ਕੌਰ ਨੂੰ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ, ਉਹ ਪਿੰਡ ਚੰਬਾ ਤਰਨਤਾਰਨ ਦੇ ਵਸਨੀਕ ਹਨ।