ਸ਼੍ਰੋਮਣੀ ਕਮੇਟੀ ਵੱਲੋਂ 1999 'ਚ ਛਾਪੀ ਕਿਤਾਬ 'ਸਿੱਖ ਇਤਿਹਾਸ' ਦੇ ਸਬੰਧ 'ਚ ਉਸ ਸਮੇਂ ਦੇ ਸਕੱਤਰ ਸਣੇ ਦੋ ਖਿ਼ਲਾਫ਼ ਕੇਸ ਦਰਜ
ਮੰਤਰੀ ਹਰਜੋਤ ਸਿੰਘ ਬੈਂਸ ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਨਿਰਦੇਸ਼ਾਂ ਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਥਾਣਾ ਈ ਡਵੀਜ਼ਨ ਵਿਚ ਇਸ ਮਾਮਲੇ ਸਬੰਧੀ ਉਸ ਸਮੇਂ ਦੇ ਸਕੱਤਰ ਵਰਿਆਮ ਸਿੰਘ ਤੇ ਹਰਬੇਅੰਤ ਸਿੰਘ ਦੇ ਖਿ਼ਲਾਫ਼ ਐੱਫ਼ਆਈਆਰ ਦਰਜ ਕੀਤੀ ਗਈ ਹੈ।
Publish Date: Sun, 07 Dec 2025 10:33 PM (IST)
Updated Date: Sun, 07 Dec 2025 10:42 PM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ 1999 ਵਿਚ ਸਿੱਖ ਇਤਿਹਾਸ ਬਾਰੇ ਹਿੰਦੀ ਵਿਚ 722 ਪੰਨਿਆਂ ਦੀ ਇਕ ਕਿਤਾਬ ‘ਸਿੱਖ ਇਤਿਹਾਸ’ ਛਾਪੀ ਗਈ ਸੀ। ਇਸ ਵਿਚ ਗਲਤ ਇਤਿਹਾਸ ਤੇ ਗਲਤ ਤਥਾ ਕਾਰਨ ਸ਼੍ਰੋਮਣੀ ਕਮੇਟੀ ਨੂੰ ਇਹ ਕਿਤਾਬ ਵਾਪਸ ਲੈਣੀ ਪਈ ਸੀ। ਇਹ ਕਿਤਾਬ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮਤਾ ਨੰਬਰ 558 ਮਿਤੀ 7 ਅਕਤੂਬਰ 1997 ਤਹਿਤ ਡਾਨ ਪ੍ਰੈਸ ਅੰਮ੍ਰਿਤਸਰ ਵੱਲੋਂ ਪ੍ਰਿੰਟ ਕਰਵਾਈ ਗਈ ਸੀ ਜਿਸ ਵਿਚ ਵੱਖ-ਵੱਖ ਇਤਿਹਾਸ ਅਤੇ ਗੁਰੂ ਸਾਹਿਬਾਨ ਪ੍ਰਤੀ ਗਲਤ ਤੱਥ ਪੇਸ਼ ਕੀਤੇ ਗਏ ਸਨ।
ਜਿਸ ਦੇ ਚਲਦਿਆਂ ਸ਼੍ਰੋਮਣੀ ਕਮੇਟੀ ਨੇ ਇਸ ਕਿਤਾਬ ਨੂੰ ਵਾਪਸ ਲੈ ਲਿਆ ਸੀ ਅਤੇ ਇਸ ਕਿਤਾਬ ਨੂੰ ਬੈਨ ਕਰ ਦਿੱਤਾ ਸੀ। ਪਰ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ 2007 ਤੋਂ ਲੈ ਕੇ ਇਸ ਕਿਤਾਬ ਨੂੰ ਪ੍ਰਕਾਸ਼ਿਤ ਕਰਵਾਉਂਣ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਜਾਰੀ ਰੱਖਿਆ ਸੀ। ਐਤਵਾਰ ਨੂੰ ਵਿਰਾਸਤੀ ਮਾਰਗ 'ਤੇ ਸਿੱਖ ਸਦਭਾਵਨਾ ਦਲ ਦੇ ਸੱਦੇ 'ਤੇ ਪਹੁੰਚੇ ਬਲਦੇਵ ਸਿੰਘ ਸਿਰਸਾ ਨੇ ਉੱਥੇ ਆਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਕਿਤਾਬ ਸਬੰਧੀ ਗਲਤ ਤੱਤ ਪੇਸ਼ ਕਰਕੇ ਛਾਪਣ ਲਈ ਜ਼ਿੰਮੇਵਾਰ ਵਿਅਕਤੀਆਂ ਖਿ਼ਲਾਫ਼ ਕਾਰਵਾਈ ਦੀ ਮੰਗ ਕੀਤੀ ਅਤੇ ਇਸ ਸਬੰਧੀ ਐੱਫਆਈਆਰ ਦਰਜ ਕਰਨ ਦੀ ਵੀ ਮੰਗ ਰੱਖੀ ਗਈ।
ਮੰਤਰੀ ਹਰਜੋਤ ਸਿੰਘ ਬੈਂਸ ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਨਿਰਦੇਸ਼ਾਂ ਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਥਾਣਾ ਈ ਡਵੀਜ਼ਨ ਵਿਚ ਇਸ ਮਾਮਲੇ ਸਬੰਧੀ ਉਸ ਸਮੇਂ ਦੇ ਸਕੱਤਰ ਵਰਿਆਮ ਸਿੰਘ ਤੇ ਹਰਬੇਅੰਤ ਸਿੰਘ ਦੇ ਖਿ਼ਲਾਫ਼ ਐੱਫ਼ਆਈਆਰ ਦਰਜ ਕੀਤੀ ਗਈ ਹੈ।
ਬਲਦੇਵ ਸਿੰਘ ਸਿਰਸਾ ਨੇ ਉਪਰੋਕਤ ਮਾਮਲੇ ਵਿਚ ਐੱਫਆਈਆਰ ਦਰਜ ਕਰਨ ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਮੰਤਰੀ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕੀਤਾ ਹੈ ਅਤੇ ਆਸ ਪ੍ਰਗਟਾਈ ਹੈ ਕਿ ਇਸ ਮਾਮਲੇ ਵਿਚ ਜੋ ਵੀ ਵਿਅਕਤੀ ਦੋਸ਼ੀ ਹੋਵੇਗਾ ਉਸ ਖਿ਼ਲਾਫ਼ ਸਖ਼ਤ ਕਾਰਵਾਈ ਹੋਵੇਗੀ। ਇਹ ਮਾਮਲਾ ਧਾਰਾ 420, 465, 468, 471, 120ਬੀ 295, 295ਏ ਦੇ ਤਹਿਤ ਦਰਜ ਕੀਤਾ ਗਿਆ ਹੈ।