ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਦੇ ਸਪੀਕਰ ਰਾਜ ਚੌਹਾਨ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਉਨ੍ਹਾਂ ਕਿਹਾ ਕਿ ਇਹ ਪਾਵਨ ਅਸਥਾਨ ਸਮੁੱਚੀ ਮਾਨਵਤਾ ਲਈ ਅਧਿਆਤਮਕ ਦਾ ਸੋਮਾ ਹੈ, ਜਿਥੋਂ ਮਨੁੱਖਤਾ ਨੂੰ ਆਪਸੀ ਭਾਈਚਾਰੇ ਦੀ ਪ੍ਰੇਰਣਾ ਮਿਲਦੀ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਗਏ ਸੱਦਾ ਪੱਤਰ ਅਤੇ ਮਿਲੇ ਸਨਮਾਨ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਧੰਨਵਾਦ ਵੀ ਕੀਤਾ।
Publish Date: Thu, 11 Dec 2025 06:19 PM (IST)
Updated Date: Thu, 11 Dec 2025 06:22 PM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਦੇ ਸਪੀਕਰ ਰਾਜ ਚੌਹਾਨ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ ਅਤੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸਨਮਾਨਿਤ ਕੀਤਾ।
ਇਸ ਮੌਕੇ ਗੱਲ ਕਰਦਿਆਂ ਰਾਜ ਚੌਹਾਨ ਨੇ ਕਿਹਾ ਕਿ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਮੌਕੇ ਸ਼ਾਮਲ ਹੋਣ ਲਈ ਸੱਦਾ ਮਿਲਿਆ ਸੀ, ਪਰੰਤੂ ਵਿਧਾਨ ਸਭਾ ਦਾ ਇਜਲਾਸ ਚੱਲ ਰਿਹਾ ਹੋਣ ਕਾਰਨ ਉਹ ਉਸ ਸਮੇਂ ਹਾਜ਼ਰ ਨਹੀਂ ਹੋ ਸਕੇ।
ਉਨ੍ਹਾਂ ਕਿਹਾ ਕਿ ਉਹ ਅੱਜ ਆਪਣੇ ਪਰਿਵਾਰ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਅਤੇ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕਰਨ ਲਈ ਪੁੱਜੇ ਹਨ। ਉਨ੍ਹਾਂ ਕਿਹਾ ਕਿ ਇਹ ਪਾਵਨ ਅਸਥਾਨ ਸਮੁੱਚੀ ਮਾਨਵਤਾ ਲਈ ਅਧਿਆਤਮਕ ਦਾ ਸੋਮਾ ਹੈ, ਜਿਥੋਂ ਮਨੁੱਖਤਾ ਨੂੰ ਆਪਸੀ ਭਾਈਚਾਰੇ ਦੀ ਪ੍ਰੇਰਣਾ ਮਿਲਦੀ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਗਏ ਸੱਦਾ ਪੱਤਰ ਅਤੇ ਮਿਲੇ ਸਨਮਾਨ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ, ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਮੈਨੇਜਰ ਜਸਪਾਲ ਸਿੰਘ ਢੱਡੇ, ਸੂਚਨਾ ਅਧਿਕਾਰੀ ਰਣਧੀਰ ਸਿੰਘ, ਕੈਨੇਡਾ ਨਿਵਾਸੀ ਬਲਬੀਰ ਸਿੰਘ ਚੰਗਿਆੜਾ ਅਤੇ ਰਾਜ ਚੌਹਾਨ ਦੇ ਪਰਿਵਾਰਕ ਮੈਂਬਰ ਭਰਾ ਸੁਰਿੰਦਰਜੀਤ, ਪਤਨੀ ਇੰਦਰ ਚੌਹਾਨ ਅਤੇ ਬੇਟੀ ਅੰਮ੍ਰਿਤਾ ਚੌਹਾਨ ਆਦਿ ਮੌਜੂਦ ਸਨ।