ਔਜਲਾ ਨੇ ਬਾਰਡਰ ਇਲਾਕੇ ’ਚ ਬੀਐੱਸਐੱਨਐੱਲ ਨੂੰ ਮਜ਼ਬੂਤ ਕਰਨ ਦੀ ਕੀਤੀ ਮੰਗ
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਲੋਕ ਸਭਾ ਵਿਚ ਪੰਜਾਬ ਦੇ ਸਰਹੱਦੀ ਇਲਾਕਿਆਂ, ਖ਼ਾਸ ਕਰਕੇ ਅੰਮ੍ਰਿਤਸਰ ਬਾਰਡਰ ਬੈਲਟ ਵਿਚ ਬੀਐਸਐਨਐਲ ਦੀਆਂ ਕਮਜ਼ੋਰ ਹੋ ਰਹੀਆਂ ਸੇਵਾਵਾਂ ਦਾ ਮਾਮਲਾ ਚੁੱਕਿਆ।
Publish Date: Wed, 03 Dec 2025 05:25 PM (IST)
Updated Date: Wed, 03 Dec 2025 05:26 PM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ
ਅੰਮ੍ਰਿਤਸਰ : ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਲੋਕ ਸਭਾ ਵਿਚ ਪੰਜਾਬ ਦੇ ਸਰਹੱਦੀ ਇਲਾਕਿਆਂ, ਖ਼ਾਸ ਕਰਕੇ ਅੰਮ੍ਰਿਤਸਰ ਬਾਰਡਰ ਬੈਲਟ ਵਿਚ ਬੀਐਸਐਨਐਲ ਦੀਆਂ ਕਮਜ਼ੋਰ ਹੋ ਰਹੀਆਂ ਸੇਵਾਵਾਂ ਦਾ ਮਾਮਲਾ ਚੁੱਕਿਆ। ਉਨ੍ਹਾਂ ਕਿਹਾ ਕਿ ਖਰਾਬ ਇਨਫਰਾਸਟ੍ਰਕਚਰ, ਸਟਾਫ ਦੀ ਕਮੀ ਅਤੇ ਫਾਈਬਰ ਕਨੈਕਟਿਵਟੀ ਨਾ ਹੋਣ ਕਾਰਨ ਬੀਐਸਐਨਐਲ ਆਪਣੀ ਪੁਰਾਣੀ ਭਰੋਸੇਯੋਗ ਛਵੀ ਨੂੰ ਗਵਾ ਰਿਹਾ ਹੈ, ਜਦ ਕਿ ਪ੍ਰਾਈਵੇਟ ਕੰਪਨੀਆਂ ਅਜੇ ਵੀ ਕਈ ਸੰਵੇਦਨਸ਼ੀਲ ਪਿੰਡਾਂ ਤੱਕ ਨਹੀਂ ਪਹੁੰਚ ਸਕਦੀਆਂ। ਔਜਲਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਬੀਐਸਐਨਐਲ ਨੂੰ ਮੁੜ ਮਜ਼ਬੂਤ ਕੀਤਾ ਜਾਵੇ ਤਾਂ ਜੋ ਬਾਰਡਰ ਇਲਾਕਿਆਂ ਦੇ ਲੋਕਾਂ ਨੂੰ ਭਰੋਸੇਯੋਗ ਟੈਲੀਕਾਮ ਸੇਵਾਵਾਂ ਪ੍ਰਾਪਤ ਹੋ ਸਕਣ ਅਤੇ ਇਸ ਨਾਲ ਸੁਰੱਖਿਆ ਪੱਖੋਂ ਵੀ ਇਲਾਕਾ ਮਜ਼ਬੂਤ ਰਹੇ। ਸਰਕਾਰ ਵਲੋਂ ਜਵਾਬ ਵਿਚ ਕਿਹਾ ਗਿਆ ਕਿ ਬੀਐਸਐਨਐਲ ਦੇਸ਼–ਭਰ ਵਿਚ ਵੱਡੇ ਪੱਧਰ ‘ਤੇ 4ਜੀ ਨੈਟਵਰਕ ਦਾ ਵਿਸਥਾਰ ਕਰ ਰਿਹਾ ਹੈ ਅਤੇ ਪੰਜਾਬ ਵਿਚ ਵੀ ਢਾਂਚਾ ਤੇਜ਼ੀ ਨਾਲ ਅੱਪਗ੍ਰੇਡ ਹੋ ਰਿਹਾ ਹੈ। ਅੰਮ੍ਰਿਤਸਰ ਸਮੇਤ ਬਾਰਡਰ ਜਿਿਲ੍ਹਆਂ ਵਿਚ ਨਵੇਂ ਟਾਵਰ ਲਗਾਏ ਗਏ ਹਨ ਅਤੇ ਭਾਰਤ ਨੈਟ ਪ੍ਰੋਜੈਕਟ ਅਧੀਨ ਪੰਜਾਬ ਦੇ ਹਜ਼ਾਰਾਂ ਪਿੰਡਾਂ ਨੂੰ ਓਪਟੀਕਲ ਫਾਈਬਰ ਨਾਲ ਜੋੜਿਆ ਜਾ ਚੁੱਕਾ ਹੈ। ਕੇਂਦਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਸੰਸ਼ੋਧਿਤ ਭਾਰਤ ਨੈਟ ਯੋਜਨਾ ਅਧੀਨ ਹਰ ਪਿੰਡ ਤੱਕ ਬਿਹਤਰ ਨੈਟਵਰਕ ਪਹੁੰਚਾਉਣ ਲਈ ਕੰਮ ਜਾਰੀ ਹੈ। ਔਜਲਾ ਨੇ ਕਿਹਾ ਸਰਹੱਦੀ ਇਲਾਕਿਆਂ ਵਿਚ ਬੀਐਸਐਨਐਲ ਹੀ ਇਕਮਾਤਰ ਐਸੀ ਸੇਵਾ ਹੈ ਜੋ ਮਾੜੇ ਮੌਸਮ, ਸੁਰੱਖਿਆ ਚੁਣੌਤੀਆਂ ਅਤੇ ਔਖੀਆਂ ਭੂਗੋਲਕ ਸਥਿਤੀਆਂ ਵਿਚ ਵੀ ਲਗਾਤਾਰ ਕੰਮ ਕਰਦੀ ਆ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਾਈਵੇਟ ਕੰਪਨੀਆਂ ਇਨ੍ਹਾਂ ਇਲਾਕਿਆਂ ਵਿੱਚ ਪੂਰੀ ਤਰ੍ਹਾਂ ਕਾਰਗਰ ਨਹੀਂ ਹੁੰਦੀਆਂ, ਇਸ ਲਈ ਬਾਰਡਰ ਬੈਲਟ ਦੇ ਲੋਕ ਅੱਜ ਵੀ ਮੁੱਖ ਤੌਰ ‘ਤੇ ਬੀਐਸਐਨਐਲ ‘ਤੇ ਨਿਰਭਰ ਹਨ। ਔਜਲਾ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਬੀਐਸਐਨਐਲ ਨੂੰ ਤਕਨੀਕੀ ਤੌਰ ‘ਤੇ ਮਜ਼ਬੂਤ ਕਰਨ ਦੇ ਨਾਲ–ਨਾਲ ਸਟਾਫ ਦੀ ਕਮੀ ਨੂੰ ਦੂਰ ਕੀਤਾ ਜਾਵੇ, ਫਾਈਬਰ ਕਨੈਕਟਿਵਟੀ ਨੂੰ ਵਧਾਇਆ ਜਾਵੇ ਅਤੇ ਬਾਰਡਰ ਪਿੰਡਾਂ ਵਿੱਚ ਨੈਟਵਰਕ ਗੁਣਵੱਤਾ ਨੂੰ ਯਕੀਨੀ ਬਣਾਇਆ ਜਾਵੇ, ਕਿਉਂਕਿ ਇਥੇ ਸੰਚਾਰ ਸਿਰਫ ਸਹੂਲਤ ਨਹੀਂ, ਸਗੋਂ ਰਾਸ਼ਟਰੀ ਸੁਰੱਖਿਆ ਨਾਲ ਜੁੜੀ ਮੁੱਢਲੀ ਲੋੜ ਹੈ। ਔਜਲਾ ਨੇ ਜ਼ੋਰ ਦਿੱਤਾ ਕਿ ਬਾਰਡਰ ਇਲਾਕਿਆਂ ਵਿਚ ਬੀਐਸਐਨਐਲ ਹੀ ਇਕੋ-ਇਕ ਭਰੋਸੇਯੋਗ ਓਪਰੇਟਰ ਹੈ, ਇਸ ਲਈ ਇਸ ਨੂੰ ਮੁੜ ਮਜ਼ਬੂਤ ਕਰਨਾ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ।