ਸੰਮਨ ਜਾਰੀ ਹੋਣ ਮਗਰੋਂ ਛੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਐੱਸਆਈਟੀ ਅੱਗੇ ਪੇਸ਼
ਸੰਮਨ ਜਾਰੀ ਹੋਣ ਤੋਂ ਬਾਅਦ ਛੇ ਸ਼੍ਰੋਮਣੀ ਕਮੇਟੀ ਮੁਲਾਜਮ ਸਿਟ ਅੱਗੇ ਹੋਏ ਪੇਸ਼
Publish Date: Fri, 30 Jan 2026 07:21 PM (IST)
Updated Date: Sat, 31 Jan 2026 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਮਾਮਲੇ ’ਚ ਸ਼ੁੱਕਰਵਾਰ ਦੁਪਹਿਰ ਨੂੰ ਛੇ ਸ਼੍ਰੋਮਣੀ ਕਮੇਟੀ ਮੁਲਾਜਮ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੋਏ। ਟੀਮ ਨੇ ਕੁਝ ਦਿਨ ਪਹਿਲਾਂ ਇਨ੍ਹਾਂ ਨੂੰ ਪੇਸ਼ ਹੋਣ ਲਈ ਕਿਹਾ ਸੀ। ਐੱਸਆਈਟੀ ਅਧਿਕਾਰੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਜਾਂਚ ’ਚ ਪੂਰਾ ਸਹਿਯੋਗ ਕੀਤਾ ਹੈ। ਪੇਸ਼ ਹੋਏ ਛੇ ਵਿਅਕਤੀਆਂ ਦੇ ਬਿਆਨ ਦਰਜ ਕਰ ਲਏ ਗਏ ਹਨ। ਐੱਸਜੀਪੀਸੀ ਦੇ ਸੁਪਰਡੈਂਟ ਮਲਕੀਤ ਸਿੰਘ, ਸਿਮਰਨਜੀਤ ਸਿੰਘ, ਪੰਜਾਬ ਸਿੰਘ, ਹਰਪ੍ਰੀਤ ਸਿੰਘ ਤੇ ਜੋਗਾ ਸਿੰਘ ਸਮੇਤ ਛੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਐੱਸਆਈਟੀ ਦੇ ਚੇਅਰਮੈਨ ਏਆਈਜੀ ਜਗਤਪ੍ਰੀਤ ਸਿੰਘ ਨੇ ਨੋਟਿਸ ਜਾਰੀ ਕਰ ਕੇ ਪੇਸ਼ ਹੋਣ ਲਈ ਕਿਹਾ ਸੀ। ਸ਼ੁੱਕਰਵਾਰ ਦੁਪਹਿਰ ਨੂੰ ਵਕੀਲ ਅਮਰਬੀਰ ਸਿੰਘ ਸਿਆਲੀ ਨਾਲ ਛੇ ਕਰਮਚਾਰੀ ਐੱਸਆਈਟੀ ਸਾਹਮਣੇ ਪੇਸ਼ ਹੋਏ। ਉਨ੍ਹਾਂ ਅਧਿਕਾਰੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਮਾਮਲੇ ’ਚ 16 ਵਿਅਕਤੀਆਂ ਖ਼ਿਲਾਫ਼ ਐੱਫਆਈਆਰ ਦਰਜ ਹੋਣ ਤੋਂ ਬਾਅਦ ਸੀਏ ਐੱਸਐੱਸ ਕੋਹਲੀ ਤੇ ਕੰਵਲਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਇਨ੍ਹਾਂ ਨੂੰ 2 ਵਾਰ ਰਿਮਾਂਡ ਤੋਂ ਬਾਅਦ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਪਰੋਕਤ ਮਾਮਲੇ ’ਚ ਬਣਾਈ ਡਾ. ਈਸ਼ਰ ਸਿੰਘ ਜਾਂਚ ਕਮੇਟੀ ਦੀ ਰਿਪੋਰਟ ’ਚ ਛੇ ਵਿਅਕਤੀਆਂ ਦੇ ਬਿਆਨ ਵੀ ਦਰਜ ਕੀਤੇ ਗਏ ਸਨ। ਪੇਸ਼ ਹੋਏ ਅਧਿਕਾਰੀ ਮਲਕੀਤ ਸਿੰਘ ਨੇ ਕਿਹਾ ਕਿ ਉਹ ਸੰਮਨ ਮਿਲਣ ਤੇ ਐਸਆਈਟੀ ਦੇ ਸਾਹਮਣੇ ਪੇਸ਼ ਹੋਏ ਤੇ ਪੁਲਿਸ ਨਾਲ ਸਹਿਯੋਗ ਕੀਤਾ।