ਸ਼੍ਰੋਅਦ (ਪੁਨਰ ਸੁਰਜੀਤ) ਦੇ ਮੁੱਖ ਦਫਤਰ ਦੇ ਉਦਘਾਟਨ ਸਮੇਂ ਕਰਵਾਇਆ ਧਾਰਮਿਕ ਸਮਾਗਮ
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਮੱੁਖ ਦਫਤਰ ਦੇ ਉਦਘਾਟਨ ਸਮੇਂ ਕਰਵਾਇਆ ਧਾਰਮਿਕ ਸਮਾਗਮ
Publish Date: Tue, 02 Dec 2025 08:26 PM (IST)
Updated Date: Wed, 03 Dec 2025 04:12 AM (IST)

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਮੁੱਖ ਦਫਤਰ ਦਾ ਅੰਮ੍ਰਿਤਸਰ ਵਿਖੇ ਉਦਘਾਟਨ ਕਰਨ ਸਮੇਂ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ’ਚ ਪਾਰਟੀ ਵੱਲੋਂ ਪ੍ਰਬੰਧ ਕਰਨ ਦੇ ਬਾਵਜੂਦ ਭਰਵਾਂ ਇਕੱਠ ਨਾ ਹੋ ਸਕਿਆ। ਜਿਸ ਨੂੰ ਪਾਰਟੀ ਮੈਂਬਰਾਂ ’ਚ ਆਪਸੀ ਨਾਰਾਜ਼ਗੀ ਦੱਸਿਆ ਜਾ ਰਿਹਾ ਹੈ। ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਸਮੇਤ ਸੀਨੀਅਰ ਆਗੂ ਇਸ ਸਮਾਗਮ ’ਚ ਸ਼ਮੂਲੀਅਤ ਕਰਨ ਲਈ ਪਹੁੰਚੇ। ਬੁਲਾਰਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਗਿਆਨੀ ਹਰਪ੍ਰੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਗੌੜਾ ਦਲ ਨੇ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਜੋ ਹੁਕਮਨਾਮਾ ਜਾਰੀ ਕੀਤਾ ਸੀ ਨਹੀਂ ਮੰਨਿਆ, ਜਿਸ ਨੂੰ ਹਮੇਸ਼ਾ ਇਤਿਹਾਸ ਵਾਂਗ ਯਾਦ ਰੱਖਿਆ ਜਾਵੇਗਾ। ਪਾਰਟੀ ’ਚ ਕਈ ਸੀਨੀਅਰ ਆਗੂਆਂ ਦੀ ਨਾਰਾਜ਼ਗੀ ’ਤੇ ਉਨ੍ਹਾਂ ਕਿਹਾ ਕਿ ਅਸੀਂ ਸਾਰੇ ਇਕੱਠੇ ਹਾਂ। ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ’ਚ ਆਗੂ ਵਿਅਸਥ ਹਨ, ਜਿਸ ਲਈ ਸਮਾਗਮ ’ਚ ਸ਼ਾਮਲ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ-ਸੁਰਜੀਤੀ ਕਰਨ ਵੇਲੇ ਕਿਹਾ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਮੀਰੀ-ਪੀਰੀ ਦੀ ਧਰਤੀ ਅੰਮ੍ਰਿਤਸਰ ਸਾਹਿਬ ਤੋਂ ਹੀ ਚੱਲੇਗਾ। ਮੁੜ ਸੁਰਜੀਤ ਹੋ ਕੇ ਜਥੇਬੰਦ ਹੋਣ ਤੋਂ ਬਾਅਦ ਕੁਝ ਮਹੀਨਿਆਂ ’ਚ ਹੀ ਜਥੇਬੰਦੀ ਨੇ ਆਪਣਾ ਇਹ ਪਹਿਲਾ ਵਾਅਦਾ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਅਗਲਾ ਕਦਮ ਅਕਾਲੀ ਦਲ ਦੀ ਰਵਾਇਤੀ ਰਾਜਨੀਤੀ ਨੂੰ ਸੰਗਤ ਸੇਵਾ ਦਾ ਅਧੁਨਿਕ ਰੂਪ ਦੇ ਕੇ ਸਰਗਰਮੀ ਨਾਲ ਸ਼ਹਿਰਾਂ ਤੋਂ ਪਿੰਡਾਂ ਤੇ ਘਰ-ਘਰ ਪਹੁੰਚਾਉਂਣਾ ਹੋਵੇਗਾ। ਜਲਦੀ ਜ਼ਿਲ੍ਹਾ ਪ੍ਰਧਾਨ ਵੀ ਲਗਾਏ ਜਾਣਗੇ। ਉਨ੍ਹਾਂ ਸਰਕਾਰਾਂ ਨੂੰ ਕਿਹਾ ਕਿ ਸਾਲਾਂ ਤੋਂ ਗੁਰਦੁਆਰਾ ਚੋਣਾਂ ਨਾ ਕਰਵਾ ਕੇ ਜੋ ਇਕ ਕਬਜ਼ਾਧਾਰੀ ਪਰਿਵਾਰ ਦਾ ਪੱਖ ਪੂਰਿਆ ਜਾ ਰਿਹਾ ਹੈ, ਇਹ ਸਿੱਖਾਂ ਦੇ ਧਾਰਮਿਕ ਮਾਮਲਿਆਂ ’ਚ ਸਿੱਧਾ ਦਖ਼ਲ ਹੈ। ਇਸ ਲਈ ਇਹ ਦਖ਼ਲਅੰਦਾਜ਼ੀ ਬੰਦ ਕਰ ਕੇ ਤੁਰੰਤ ਗੁਰਦੁਆਰਾ ਚੋਣਾ ਕਰਵਾਈਆਂ ਜਾਣ। ਇਸ ਮੌਕੇ ਭਾਈ ਗੋਬਿੰਦ ਸਿੰਘ ਲੌਂਗੋਵਾਲ, ਭਾਈ ਮਨਜੀਤ ਸਿੰਘ, ਰਘਬੀਰ ਸਿੰਘ ਰਾਜਾਸਾਂਸੀ, ਬਲਵਿੰਦਰ ਸਿੰਘ ਜੌੜਾਸਿੰਘਾ, ਕੁਲਜੀਤ ਸਿੰਘ, ਜਸਬੀਰ ਸਿੰਘ ਘੁੰਮਣ, ਸੁਰਜੀਤ ਸਿੰਘ ਰੱਖੜਾ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਪਰਮਿੰਦਰ ਸਿੰਘ ਢੀਂਡਸਾ, ਗੁਰਪ੍ਰਤਾਪ ਸਿੰਘ ਵਡਾਲਾ ਆਦਿ ਮੌਜੂਦ ਸਨ।